ਮੇਰੀ ਮਾਂ ਨੂੰ ਪੂਰਾ ਯਕੀਨ ਸੀ ਕਿ ਉਹ ਸਰਜਰੀ ਪਿੱਛੋਂ ਬਚੇਗੀ ਨਹੀਂ। ਡਾਕਟਰ ਨੇ ਦੱਸਿਆ ਸੀ ਕਿ ਉਹਨੂੰ ਰਸੌਲੀ ਕਢਾਉਣ ਲਈ ਫਰਿਜ਼ਨੋ ਦੇ ਹਸਪਤਾਲ ਵਿਚ ਜਾਣਾ ਪਵੇਗਾ। ਹਸਪਤਾਲ ਵੜਦਿਆਂ ਜਿਹੜੇ ਪਹਿਲੇ ਡਾਕਟਰ 'ਤੇ ਉਸਦੀ ਨਜ਼ਰ ਪਈ, ਉਹਦੇ ਵੱਲ ਦੇਖ ਉਹਨੂੰ ਆਪਣੇ ਸਾਰੇ ਡਰ ਸੱਚੇ ਹੁੰਦੇ ਜਾਪੇ।
Kartar Dhillon
(April 30, 1915 - June 15, 2008)
(April 30, 1915 - June 15, 2008)
"ਇਹ ਆਦਮੀ ਭਾਰਤੀਆਂ ਨੂੰ ਪਸੰਦ ਨਹੀਂ ਕਰਦਾ", ਉਹਨੇ ਸਾਨੂੰ ਕਿਹਾ। "ਇਹੀ ਹੈ ਜਿਹਨੇ ਲਾਭ ਸਿੰਘ ਨੂੰ ਜਾਣ ਬੁੱਝ ਕੇ ਮਰ ਜਾਣ ਦਿੱਤਾ ਸੀ"।
ਇਸ ਤੋਂ ਪਹਿਲਾਂ ਉਹ ਕਦੀ ਹਸਪਤਾਲ ਦਾਖਲ ਨਹੀਂ ਸੀ ਹੋਈ। ਉਹਦੇ ਅੱਠ ਬੱਚੇ ਘਰ ਵਿਚ ਹੀ ਦਾਈਆਂ ਦੀ ਮਦਦ ਨਾਲ ਪੈਦਾ ਹੋਏ ਸਨ। ਹਸਪਤਾਲ ਵਿਚ ਦਾਖਲ ਹੋਣ ਤੋਂ ਇਕ ਦਿਨ ਪਹਿਲਾਂ ਉਹ ਮੰਜੇ 'ਤੇ ਪਈ ਆਪਣੇ ਬੱਚਿਆਂ ਦੀ ਕਿਸਮਤ 'ਤੇ ਝੂਰ ਰਹੀ ਸੀ। ਉਸ ਵੇਲੇ ਉਹ ਇੱਕਤਾਲੀ ਵਰ੍ਹਿਆਂ ਦੀ ਸੀ ਤੇ ਉਹਨੂੰ ਵਿਧਵਾ ਹੋਈ ਨੂੰ ਪੰਜ ਸਾਲ ਹੋ ਗਏ ਸਨ। ਸਾਡੇ ਬਾਪ ਦੀ ਮੌਤ ਤੋਂ ਬਾਅਦ ਜੰਮਿਆ ਉਸਦਾ ਸੱਭ ਤੋਂ ਛੋਟਾ ਪੁੱਤ ਪੰਜਾਂ ਸਾਲਾਂ ਦਾ ਸੀ। ਉਸਦਾ ਜੇਠਾ ਪੁੱਤ ਇੱਕੀਆਂ ਦਾ ਸੀ ਜਿਹੜਾ 1910 ਵਿਚ ਜੰਮਿਆ ਜਦੋਂ ਉਹਨੂੰ ਅਮਰੀਕਾ ਆਈ ਨੂੰ ਅਜੇ ਕੁਝ ਹਫਤੇ ਹੀ ਹੋਏ ਸਨ। ਉਸਦੇ ਪਤੀ ਨੇ ਆਪਣੇ ਭਾਰਤ ਰਹਿੰਦੇ ਬੇਔਲਾਦੇ ਭਰਾ ਨਾਲ ਇਹ ਵਾਇਦਾ ਕੀਤਾ ਸੀ ਕਿ ਉਹ ਆਪਣਾ ਪਹਿਲਾ ਬੱਚਾ ਉਸ ਨੂੰ ਦੇ ਦੇਵੇਗਾ। ਇਸ ਕਰਕੇ ਉਨ੍ਹਾਂ ਨੇ ਆਪਣੇ ਜੇਠੇ ਪੁੱਤ ਨੂੰ ਸਿਖਾਇਆ ਕਿ ਉਹ ਉਨ੍ਹਾਂ ਨੂੰ "ਚਾਚਾ" ਅਤੇ "ਚਾਚੀ" ਕਹੇ, ਅਤੇ ਫੇਰ ਰੀਸੋ ਰੀਸੀ ਅਸੀਂ ਬਾਕੀ ਸੱਤਾਂ ਨਿਆਣਿਆਂ ਨੇ ਵੀ ਆਪਣੇ ਮਾਂ ਬਾਪ ਨੂੰ ਹਮੇਸ਼ਾਂ "ਚਾਚਾ" "ਚਾਚੀ" ਕਹਿ ਕੇ ਬੁਲਾਇਆ।
ਮਾਪਿਆਂ ਦੇ ਘਰ ਅਸੀਂ ਤਿੰਨ ਭੈਣਾਂ ਤੇ ਪੰਜ ਭਰਾ ਸਾਂ, ਪਰ ਸਾਡੀ ਮਾਂ ਨੂੰ ਆਪਣੀਆਂ ਧੀਆਂ ਦਾ ਫਿਕਰ ਹੀ ਸਭ ਤੋਂ ਵੱਧ ਰਹਿੰਦਾ। ਅਸੀਂ ਜਦ ਵੀ ਕੁਝ ਅਜਿਹਾ ਕਰਦੀਆਂ ਜੋ ਪੰਜਾਬ ਦੇ ਪਿੰਡਾਂ ਵਿਚ ਕੁੜੀਆਂ ਲਈ ਕਰਨਾ ਯੋਗ ਨਹੀਂ ਸੀ, ਉਹ ਸਾਡੀ ਮਾਂ ਵਾਸਤੇ ਖਤਰੇ ਦੀ ਝੰਡੀ ਹੁੰਦਾ। ਏਥੇ ਤਾਂ ਬਹੁਤੀਆਂ ਗੱਲਾਂ ਪਿੰਡਾਂ ਨਾਲੋਂ ਵੱਖਰੀਆਂ ਸਨ, ਇਸ ਕਰਕੇ ਮੈਂ ਤਾਂ ਹਮੇਸ਼ਾਂ ਹੀ ਸਮੱਸਿਆ ਵਿਚ ਫਸੀ ਰਹਿੰਦੀ।
ਕਾਫੀ ਛੋਟੀ ਉਮਰ ਵਿਚ ਹੀ ਮੈਨੂੰ ਲੱਗਣ ਲੱਗ ਪਿਆ ਕਿ ਮੇਰੀ ਮਾਂ ਮੈਨੂੰ ਨਫਰਤ ਕਰਦੀ ਸੀ। ਮੈਨੂੰ ਇਉਂ ਲੱਗਦਾ ਕਿ ਮੈਂ ਜੋ ਕੁਝ ਵੀ ਕਰਦੀ ਜਾਂ ਨਾ ਕਰਦੀ, ਉਹ ਗਲਤ ਸੀ। ਉਹ ਮੈਨੂੰ ਏਨੀਆਂ ਗਾਲ਼ਾਂ ਦਿੰਦੀ ਤੇ ਕੁੱਟਦੀ ਮਾਰਦੀ ਕਿ ਜੇ ਉਹਦਾ ਹੱਥ ਮਾੜਾ ਜਿਹਾ ਵੀ ਹਿਲਦਾ ਤਾਂ ਮੈਂ ਡਰ ਨਾਲ ਧੌਣ ਬਚਾਉਣ ਦੌੜਦੀ। ਜਦੋਂ ਮੈਂ ਕਮਰੇ ਵਿਚ ਦਾਖਲ ਹੁੰਦੀ ਤਾਂ ਮੈਂ ਖੂੰਜਿਆਂ 'ਚ ਵੜੀ ਰਹਿੰਦੀ ਤਾਂਕਿ ਉਹਦੇ ਧੱਫਿਆਂ ਦੀ ਪਹੁੰਚ ਤੋਂ ਬਚੀ ਰਹਾਂ।
"ਚੱਲ ਉੱਠ ਨੀ ਕਲਮੂੰਹੀਏਂ", ਸੁਣਦਿਆਂ ਮੈਂ ਅਕਸਰ ਸਵੇਰੇ ਅੱਖਾਂ ਖੋਲ੍ਹਦੀ। ਤੇ ਸਾਰਾ ਦਿਨ, ਮੈਨੂੰ ਮੇਰੇ ਲੰਮੇ ਕੁਹਜੇ ਨੱਕ ਦਾ ਚੇਤਾ ਕਰਾਉਣ ਲਈ ਉਹ ਕਹਿੰਦੀ ਰਹਿੰਦੀ, "ਨੀ ਤੋਤੇ ਦੀ ਚੁੰਝ ਵਾਲੀਏ"।
ਜਦੋਂ ਮੈਂ ਅਜੇ ਛੇ ਸੱਤ ਸਾਲ ਤੋਂ ਉੱਤੇ ਨਹੀਂ ਸਾਂ ਹੋਈ ਤਾਂ ਮੈਂ ਕਈ ਵਾਰੀ ਸੋਚਣਾ ਕਿ ਉਹ ਮੈਨੂੰ ਏਨੀ ਨਫਰਤ ਕਿਉਂ ਕਰਦੀ ਸੀ। ਉਸਨੂੰ ਨਵੇਂ ਬੱਚੇ ਨੂੰ ਦੁੱਧ ਚੁੰਘਾਉਂਦਿਆਂ ਦੇਖ ਮੇਰੇ ਮਨ ਵਿਚ ਆਉਣਾ ਕਿ ਜਦੋਂ ਮੈਂ ਉਸਦੇ ਪੇਟ ਵਿਚ ਸਾਂ ਤਾਂ ਉਹ ਕਿਸ ਤਰ੍ਹਾਂ ਮਹਿਸੂਸ ਕਰਦੀ ਹੋਵੇਗੀ?
ਸਾਡੇ ਨਾਲ ਉਹ ਅਕਸਰ ਰੱਬ ਬਾਰੇ ਗੱਲਾਂ ਕਰਦੀ। "ਉਸਨੇ ਮਾਪਿਆਂ ਨੂੰ ਆਪਣੇ ਬੱਚਿਆਂ ਉੱਪਰ ਰੱਬ ਵਾਂਗ ਬਣਾਇਆ ਹੈ", ਇਕ ਵਾਰੀ ਉਸਨੇ ਸਾਨੂੰ ਸਮਝਾਇਆ। "ਜੇ ਬੱਚੇ ਆਪਣੇ ਮਾਪਿਆਂ ਦਾ ਕਹਿਣਾ ਨਾ ਮੰਨਣ ਤਾਂ ਮਰਨ ਬਾਅਦ ਉਹ ਸਿੱਧੇ ਨਰਕ ਵਿਚ ਜਾਣਗੇ"। ਉਸਦੇ ਦੱਸਣ ਅਨੁਸਾਰ, ਨਰਕ ਇਕ ਅਜਿਹੀ ਥਾਂ ਸੀ ਜਿੱਥੇ ਆਖਾ ਨਾ ਮੰਨਣ ਵਾਲਿਆਂ ਨੂੰ ਦੋ ਕੰਧਾਂ ਵਿਚਾਲਿਓਂ ਲੰਘਣਾ ਪੈਂਦਾ ਹੈ, ਜਿੱਥੇ ਸੂਈ ਲੰਘਣ ਜਿੰਨਾ ਵੀ ਥਾਂ ਨਹੀਂ ਹੁੰਦਾ ਤੇ ਉਹ ਆਪਣੇ ਅਗੂੰਠੇ ਤੇ ਨਾਲ ਦੀ ਉਂਗਲ ਨਾਲ ਸਾਨੂੰ ਉਸ ਥਾਂ ਦੀ ਬਰੀਕੀ ਬਾਰੇ ਦੱਸਦੀ। ਮੇਰੇ ਲਈ ਉਸ ਵੇਲੇ ਆਪਣੀ ਰੂਹ ਬਾਰੇ ਜਾਣ ਸਕਣਾ ਸੰਭਵ ਨਹੀਂ ਸੀ ਤੇ ਮੈਂ ਆਪਣੇ ਸਰੀਰ ਨੂੰ ਉਸ ਨਿੱਕੀ ਜਿਹੀ ਜਗ੍ਹਾ ਵਿਚੋਂ ਦੀ ਲੰਘਾਉਣ ਬਾਰੇ ਸੋਚ ਸੋਚ ਡਰਦੀ ਰਹਿੰਦੀ ਤੇ ਸਹਿਮੀ ਰਹਿੰਦੀ।
ਕਈ ਵਾਰੀ ਜਦੋਂ ਉਹ ਮੇਰੇ 'ਤੇ ਬਹੁਤੀ ਖਿਝੀ ਹੁੰਦੀ, ਤਾਂ ਕਹਿੰਦੀ, "ਰੱਬ ਨੇ ਮੇਰੇ ਕੋਲੋਂ ਕਿਸੇ ਪਿਛਲੇ ਜਨਮ ਦਾ ਬਦਲਾ ਲੈਣ ਲਈ ਤੈਨੂੰ ਮੇਰੇ ਮੱਥੇ ਮੜ੍ਹਿਆ ਹੈ"।
ਮੈਂ ਬਹੁਤਾ ਕਰਕੇ ਦੋਸ਼ੀਆਂ ਵਾਂਗ ਫਿਰਦੀ ਰਹਿੰਦੀ ਪਰ ਮੈਨੂੰ ਕਦੀ ਵੀ ਇਸ ਗੱਲ ਦਾ ਪਤਾ ਨਾ ਲੱਗਦਾ ਕਿ ਮੈਂ ਗਲਤ ਕੀ ਕੀਤਾ ਹੈ। ਅਖੀਰ ਮੈਂ ਇਸ ਫੈਸਲੇ ਤੇ ਪਹੁੰਚੀ ਕਿ ਮੇਰਾ ਕਸੂਰ ਕੁੜੀ ਹੋਣਾ ਸੀ।
ਹਸਪਤਾਲ ਜਾਣ ਤੋਂ ਇਕ ਦਿਨ ਪਹਿਲਾਂ ਉਸ ਨੇ ਮੈਨੂੰ ਆਪਣੇ ਮੰਜੇ ਕੋਲ ਸੱਦਿਆ, ਜਿਵੇਂ ਕੋਈ ਜਗੀਰਦਾਰ ਆਪਣੇ ਮੁਜ਼ਾਰੇ ਨੂੰ ਆਪਣੇ ਕੋਲ ਸੱਦੇ। ਮੈਂ ਝਾੜ ਖਾਣ ਦੀ ਆਸ ਲਈ ਉਸ ਦੇ ਕਮਰੇ ਵਿਚ ਗਈ। ਏਨਾਂ ਤਾਂ ਮੈਨੂੰ ਪਤਾ ਸੀ ਕਿ ਉਹ ਮੈਨੂੰ ਮਾਰੇਗੀ ਨਹੀਂ, ਕਿਉਂਕਿ ਮੈਂ ਹੁਣ ਵੱਡੀ ਹੋ ਗਈ ਸਾਂ - ਉਸ ਵੇਲੇ ਮੈਂ ਸੋਲ੍ਹਾਂ ਦੀ ਸਾਂ - ਤੇ ਉਸ ਨੇ ਮੈਨੂੰ ਇਹ ਕਹਿ ਕੇ ਜਿਸਮਾਨੀ ਸਜ਼ਾ ਦੇਣੀ ਛੱਡ ਦਿੱਤੀ ਸੀ ਕਿ "ਹੁਣ ਤੂੰ ਕੁੱਟ ਖਾਣ ਦੀ ਉਮਰ ਦੀ ਨਹੀਂ ਰਹੀ। ਮੈਂ ਤਾਂ ਹੁਣ ਤੇਰੇ ਕੋਲੋਂ ਏਹੀ ਆਸ ਰੱਖਦੀ ਆਂ ਕਿ ਖਬਰੇ ਤੇਰੇ ਸਿਰ 'ਚ ਕੋਈ ਗੱਲ ਪੈ ਜਾਵੇ"। ਅਸਲੀਅਤ ਇਹ ਸੀ ਕਿ ਮੈਂ ਆਪਣੀ ਮਾਂ ਨਾਲੋਂ ਵੀ ਗਿੱਠ ਭਰ ਉੱਚੀ ਹੋ ਗਈ ਸਾਂ; ਮੈਂ ਕੱਦ ਕਾਠ 'ਚ ਬਹੁਤ ਵੱਡੀ ਸਾਂ।
ਇਹ ਗੱਲ ਤਾਂ ਮੈਂ ਦੇਰ ਪਹਿਲਾਂ ਸਿੱਖ ਲਈ ਸੀ ਕਿ ਜਦੋਂ ਉਹ ਮੈਨੂੰ ਕਿਸੇ ਗੱਲੇ ਝਾੜ ਪਾਵੇ ਤਾਂ ਉਸ ਅੱਗੇ ਬੋਲਣਾ ਨਹੀਂ। ਜੇ ਮੈਂ ਕਦੇ ਵੀ ਆਪਣੇ 'ਤੇ ਅਕਾਰਣ ਲੱਗੀ ਊਜ 'ਤੇ ਬੋਲਣ ਦਾ ਹੀਆ ਕਰਦੀ ਤਾਂ ਉਹ ਮੇਰੇ 'ਤੇ ਵਰ੍ਹਦੀ, "ਆਪਣੇ ਵੱਡਿਆਂ ਅੱਗੇ ਨਹੀਂ ਬੋਲੀਦਾ"।
ਪਹਿਲਾਂ ਪਹਿਲਾਂ ਤਾਂ ਉਸਦੇ ਹੁਕਮ ਕਰਕੇ ਨਾ ਬੋਲਦੀ; ਪਿੱਛੋਂ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਨਾ ਬੋਲਣਾ ਵੀ ਇਕ ਆਪਣੀ ਤਰ੍ਹਾਂ ਦੀ ਵਿਰੋਧਤਾ ਸੀ। ਜਦੋਂ ਉਹ ਮੇਰੇ 'ਤੇ ਸਵਾਲ ਵੀ ਕਰ ਰਹੀ ਹੁੰਦੀ ਤਾਂ ਮੇਰਾ ਉਸ ਅੱਗੇ ਗੂੰਗੀ ਬਣ ਕੇ ਖੜ੍ਹੀ ਰਹਿਣਾ ਉਸਦੇ ਗੁੱਸੇ ਤੇ ਨਿਰਾਸ਼ਤਾ ਵਿਚ ਹੋਰ ਵੀ ਵਾਧਾ ਕਰ ਦਿੰਦਾ।
ਉਸ ਦਿਨ ਮੈਂ ਉਸ ਦੇ ਕਮਰੇ ਵਿਚ ਗਈ, Øਚੀ ਲਮਢੀਂਗ ਜਿਹੀ, ਥੱਲੇ ਨੂੰ ਸਿਰ ਸੁੱਟੀ, ਗਾਲ਼ਾਂ ਦੀ ਬੁਛਾੜ ਦੀ ਉਡੀਕ ਵਿਚ। ਪਰ ਅਜਿਹਾ ਕੁਝ ਵੀ ਨਾ ਹੋਇਆ। ਸਗੋਂ ਉਸ ਨੇ ਕਿਹਾ, "ਤੈਨੂੰ ਪਤਾ ਈ ਹੋਣਾ ਕਿ ਮੈਨੂੰ ਹਸਪਤਾਲ ਚੋਂ ਜੀਂਦੀ ਮੁੜ ਆਉਣ ਦੀ ਆਸ ਨਹੀਂ। ਹੁਣ ਤੂੰ ਕੱਲੀ ਰਹਿ ਜਾਏਂਗੀ, ਤੈਨੂੰ ਰਾਹ ਦਰਸਾਉਣ ਲਈ ਨਾ ਤੇਰਾ ਬਾਪ ਤੇ ਨਾ ਤੇਰੀ ਮਾਂ ਰਹੇਗੀ"।
ਉਹਨੇ ਪਹਿਲਾਂ ਕਦੀ ਵੀ ਮੇਰੇ ਨਾਲ ਇਸ ਤਰ੍ਹਾਂ ਭਰੋਸੇ ਵਾਲੀ ਗੱਲ ਨਹੀਂ ਸੀ ਕੀਤੀ। ਮੇਰੇ ਮਨ ਵਿਚ ਇਕ ਦਮ ਉਸ ਲਈ ਤਰਸ ਦੀ ਭਾਵਨਾ ਜਾਗੀ - ਮੇਰੇ ਅੱਗੇ ਸੁੱਕ ਕੇ ਕਾਨਾ ਹੋਇਆ ਇਹ ਸਰੀਰ, ਜਿਸ ਵਿਚੋਂ ਮੈਂ ਪੈਦਾ ਹੋਈ ਸਾਂ - ਤੇ ਮੈਂ ਹਮੇਸ਼ਾਂ ਨਾਲੋਂ ਵੱਧ ਆਪਣੇ ਆਪ ਨੂੰ ਕਸੂਰਵਾਰ ਮਹਿਸੂਸ ਕੀਤਾ। ਦੋ ਦਿਨ ਪਹਿਲਾਂ ਹੀ ਉਸ ਨੇ ਮਰਸਿਡ ਦੇ ਇਕ ਡਾਕਟਰ ਤੋਂ, ਮੁਰਗੇ, ਆਂਡੇ ਤੇ ਸਬਜ਼ੀਆਂ ਦੇ ਕੇ, ਇਸ ਗੱਲ ਦਾ ਪਤਾ ਲਗਾਇਆ ਸੀ ਕਿ ਉਸਦੀ ਰਸੌਲੀ, ਜਿਹੜੀ ਖਰਬੂਜੇ ਜਿੱਡੀ ਹੋ ਗਈ ਸੀ, ਹੁਣ ਉਪਰੇਸ਼ਨ ਨਾਲ ਹੀ ਕੱਢੀ ਜਾ ਸਕੇਗੀ।
"ਤੇਰਾ ਬਾਪੂ ਦੁਨੀਆਂ ਤੋਂ ਜਾਣ ਤੋਂ ਪਹਿਲਾਂ ਤੇਰੇ ਤੇ ਤੇਰੀਆਂ ਭੈਣਾਂ ਦੇ ਹੱਥ ਪੀਲ਼ੇ ਕਰਨਾ ਚਾਹੁੰਦਾ ਸੀ", ਉਹਨੇ ਗੱਲ ਨੂੰ ਜ਼ਾਰੀ ਰੱਖਦਿਆਂ ਕਿਹਾ, "ਪਰ ਮੈਂ ਪੱਕਾ ਜਵਾਬ ਦੇ ਦਿੱਤਾ। ਮੈਂ ਉਹਨੂੰ ਕਿਹਾ, ਅਸੀਂ ਇਸ ਮੁਲਕ ਵਿਚ ਆਏ ਸੀ ਕਿ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਸਕੀਏ। ਇਨ੍ਹਾਂ ਵਿਚਾਰੀਆਂ ਨੂੰ ਇਸ ਗੱਲ ਦਾ ਕੀ ਫਾਇਦਾ ਹੋਲ਼ਗਾ ਜੇ ਆਪਾਂ ਇਨ੍ਹਾਂ ਦੇ ਵਿਆਹ ਉਨ੍ਹਾਂ ਬੰਦਿਆਂ ਨਾਲ ਕਰ ਦੇਈਏ ਜਿਹਨਾਂ ਨੂੰ ਇਹ ਜਾਣਦੀਆਂ ਵੀ ਨਹੀਂ ਤੇ ਖਬਰੇ ਉਨ੍ਹਾਂ ਨੂੰ ਪਸੰਦ ਵੀ ਨਾ ਕਰਨ? ਤੈਨੂੰ ਪਤੈ, ਤੂੰ ਅਜੇ ਮਸੀਂ ਗਿਆਰਾਂ ਦੀ ਸੀ ਜਦੋਂ ਉਹ ਪੂਰਾ ਹੋਇਆ"।
"ਹਾਂ, ਹਾਂ ਚਾਚੀ", ਮੇਰਾ ਦਿਲ ਉਹਦੇ ਕੋਲ ਭੁੱਬਾਂ ਮਾਰ ਕੇ ਰੋਣ ਨੂੰ ਕਰਦਾ ਸੀ, "ਮੈਨੂੰ ਪਤਾ। ਮੈਨੂੰ ਪੂਰਾ ਪਤਾ ਆ। ਪਰ ਮੈਂ ਤਾਂ ਸੋਚਦੀ ਸੀ ਕਿ ਉਹ ਹੀ ਸੀ ਜਿਹੜਾ ਮੇਰਾ ਖਿਆਲ ਰੱਖਦਾ ਸੀ; ਉਹੀ ਸੀ ਜਿਹੜਾ ਮੇਰੇ 'ਤੇ ਦਿਆਲੂ ਸੀ। ਜਦੋਂ ਤੂੰ ਮੈਨੂੰ ਕੁੱਟਦੀ ਤਾਂ ਉਹ ਹੀ ਬਚਾਉਂਦਾ ਸੀ, ਤੇ ਜਦੋਂ ਤੂੰ ਮੇਰੇ ਵਿਚ ਨੁਕਸ ਕੱਢਦੀ ਤਾਂ ਉਹ ਕਹਿੰਦਾ ਕਿ ਸਿਆਣੀ ਹੋ ਕੇ ਇਹਨੂੰ ਸਭ ਸਮਝ ਆ ਜਾਣੀ ਆਂ। ਤੇ ਤੇਰਾ ਜਵਾਬ ਹੁੰਦਾ ਸੀ ਕਿ ਇਹਦੇ ਸਿਰ 'ਚ ਕਿੱਥੇ ਅਕਲ ਵੜਨੀ ਆਂ। ਪਰ ਸਭ ਕਾਸੇ ਦੇ ਬਾਵਜੂਦ ਇਹ ਤੂੰ ਹੀ ਸੀ, ਚਾਚੀ, ਜਿਸ ਨੇ ਮੈਨੂੰ ਉਸ ਬੰਧਨ ਤੋਂ ਬਚਾਇਆ ਜਿਸ ਨੂੰ ਮੈਂ ਸਾਰੀ ਉਮਰ ਨਫਰਤ ਕਰਨੀ ਸੀ"। ਮੈਂ ਉਸ ਵਲ ਸ਼ੁਕਰਾਨੇ ਦੇ ਸ਼ਬਦ ਢੇਰੀ ਕਰਨਾ ਚਾਹੁੰਦੀ ਸਾਂ, ਮੈਂ ਉਸਨੂੰ ਦਿਲਾਸਾ ਦੇਣਾ ਚਾਹੁੰਦੀ ਸਾਂ, ਪਰ ਮੈਂ ਏਨੀ ਉਲਝੀ ਹੋਈ ਸਾਂ ਕਿ ਮੈਂ ਕੁਝ ਵੀ ਨਾ ਕਹਿ ਸਕੀ, ਬਸ ਚੁੱਪ ਖੜ੍ਹੀ ਰਹੀ।
"ਤੂੰ ਜਿਹਦੇ ਨਾਲ ਤੇਰਾ ਜੀ ਕਰੇ ਉਸੇ ਨਾਲ ਵਿਆਹ ਕਰਾਈਂ", ਉਹ ਕਹਿੰਦੀ ਗਈ, "ਪਰ ਮੇਰਾ ਫਰਜ ਹੈ ਤੈਨੂੰ ਦੱਸਣਾਂ ਕਿ ਵਿਆਹੁਤਾ ਜੀਵਨ ਵਿਚ ਕਿਸ ਤਰ੍ਹਾਂ ਵਰਤਣਾ ਵਰਤਾਉਣਾ ਹੈ।
"ਤੈਨੂੰ ਇਹ ਗੱਲ ਚੇਤੇ ਰੱਖਣੀ ਚਾਹੀਦਾ ਹੈ ਕਿ ਤੀਵੀਂ ਆਦਮੀ ਦੀ ਸਹਾਇਕ ਹੁੰਦੀ ਹੈ, ਉਸ ਤੋਂ ਥੱਲੇ ਹੁੰਦੀ ਹੈ। ਜਦੋਂ ਉਹ ਬੱਚੀ ਹੁੰਦੀ ਹੈ ਤਾਂ ਆਪਣੇ ਬਾਪ ਦੀ ਆਗਿਆ ਵਿਚ ਰਹਿੰਦੀ ਹੈ; ਜੇ ਬਾਪ ਗੁਜ਼ਰ ਜਾਵੇ ਤਾਂ ਉਸਨੂੰ ਆਪਣੇ ਵੱਡੇ ਭਰਾ ਦੀ ਆਗਿਆ ਵਿਚ ਰਹਿਣਾ ਚਾਹੀਦਾ ਹੈ।
"ਜਦੋਂ ਔਰਤ ਦਾ ਵਿਆਹ ਹੋ ਜਾਂਦਾ ਹੈ ਤਾਂ ਉਸਦਾ ਪਤੀ ਉਸਦਾ ਮਾਲਕ ਹੁੰਦਾ ਹੈ।
"ਜੇ ਉਹ ਵਿਧਵਾ ਹੋ ਜਾਵੇ ਤਾਂ ਉਸਨੂੰ ਆਪਣੇ ਪੁੱਤਾਂ ਦੇ ਕਹਿਣੇ ਵਿਚ ਰਹਿਣਾ ਚਾਹੀਦਾ ਹੈ।'
ਇਹ ਵਰ੍ਹਾ 1932 ਸੀ। ਮੇਰੀ ਮਾਂ ਉਪਰੇਸ਼ਨ ਤੋਂ ਕੁਝ ਦਿਨ ਬਾਅਦ ਹਸਪਤਾਲ ਵਿਚ ਹੀ ਗੁਜ਼ਰ ਗਈ। ਉਸਦਾ ਸਭ ਤੋਂ ਛੋਟਾ ਬੱਚਾ, ਮੇਰਾ ਭਰਾ, ਅਜੇ ਸਕੂਲ ਜਾਣ ਦੀ ਉਮਰ ਦਾ ਨਹੀਂ ਸੀ, ਇਸ ਕਰਕੇ ਮੇਰੀ ਪੜ੍ਹਾਈ ਖਤਮ ਹੋਣ ਤੱਕ ਅਸੀਂ ਉਸਨੂੰ ਆਪਣੇ ਨਾਲ ਹੀ ਹਾਈ ਸਕੂਲ ਲੈ ਜਾਂਦੇ।
ਮੈਂ ਇਕ ਕਲਾਕਾਰ ਬਣਨ ਦੇ ਸੁਪਨੇ ਲਿਆ ਕਰਦੀ ਸਾਂ; ਮੈਂ ਬਰਤਾਨੀਆਂ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਸਰਗਰਮੀ ਨਾਲ ਕੰਮ ਕਰਨਾ ਚਾਹੁੰਦੀ ਸਾਂ। ਮੇਰੀਆਂ ਨਜ਼ਰਾਂ ਵਿਚ ਵਿਆਹ ਇਕ ਤਰ੍ਹਾਂ ਦੀ ਕੈਦ ਸੀ। ਵਿਆਹ ਦੇ ਖਿਆਲ ਤੱਕ ਨੂੰ ਨਫਰਤ ਕਰਨ ਦੇ ਬਾਵਜੂਦ, ਉਸੇ ਸਾਲ, ਹਾਈ ਸਕੂਲ ਖਤਮ ਕਰਦਿਆਂ ਹੀ, ਮੈਂ ਵਿਆਹ ਕਰਾ ਲਿਆ।
ਮੇਰੇ ਵੱਡੇ ਭਰਾ ਨੇ ਪਹਿਲਾਂ ਹੀ ਸਕੀਮ ਬਣਾਈ ਹੋਈ ਸੀ ਕਿ ਉਹ ਮੈਨੂੰ "ਠੀਕ ਬੰਦੇ" ਨਾਲ ਵਿਆਹੁਣ ਵਾਸਤੇ ਭਾਰਤ ਭੇਜ ਦੇਵੇਗਾ। ਪਰ ਜਿਹੜੇ ਬੰਦੇ ਨਾਲ ਮੈਂ ਵਿਆਹ ਕਰਵਾਇਆ ਉਹ ਸਿਆਸਤ ਵਿਚ ਸਰਗਰਮ ਸੀ, ਭਾਰਤ ਦਾ ਜੰਮਿਆ ਪਲ਼ਿਆ ਸੀ। ਉਹਨੇ ਮੈਨੂੰ ਚੇਤਾਵਨੀ ਦਿੱਤੀ, "ਭਾਰਤ ਵਿਚ ਤੇਰੇ ਕੋਲ ਕੋਈ ਹੱਕ ਨਹੀਂ ਹੋਣਗੇ। ਤੇਰਾ ਭਰਾ ਆਪਣੀ ਮਰਜ਼ੀ ਦੇ ਕਿਸੇ ਵੀ ਬੰਦੇ ਨਾਲ ਤੇਰਾ ਵਿਆਹ ਕਰ ਦੇਵੇਗਾ। ਮੇਰੇ ਨਾਲ ਵਿਆਹ ਕਰਵਾ ਲੈ ਫੇਰ ਉਹਦਾ ਤੇਰੇ ਤੇ ਕੋਈ ਅਧਿਕਾਰ ਨਹੀਂ ਰਹੇਗਾ"।
ਮੈਂ ਇਸ ਆਦਮੀ ਨੂੰ ਦੇਵਤਾ ਸਰੂਪ ਸਮਝਦੀ ਸਾਂ। ਮੈਂ ਸ਼ੁਰੂ ਤੋਂ ਹੀ ਉਸਦੇ ਅੱਗ ਵਰ੍ਹਾਉਂਦੇ ਭਾਸ਼ਣਾਂ ਤੋਂ ਕੀਲੀ ਗਈ ਸਾਂ ਜਿਹੜੇ ਉਹ ਗਦਰ ਪਾਰਟੀ ਦੀਆਂ ਮੀਟਿੰਗਾਂ ਵਿਚ ਕਰਦਾ ਹੁੰਦਾ ਸੀ। ਉਹਨੇ ਪਹਿਲਾਂ ਹੀ ਕੈਲੇਫੋਰਨੀਆ ਯੂਨੀਵਰਸਿਟੀ ਬਰਕਲੇ ਤੋਂ ਪੁਲੀਟੀਕਲ ਸਾਇੰਸ ਦੀ ਡਿਗਰੀ ਹਾਸਲ ਕੀਤੀ ਹੋਈ ਸੀ।
"ਪਰ ਮੈਂ ਤਾਂ ਯੂਨੀਵਰਸਿਟੀ ਜਾਣਾ ਚਾਹੁੰਦੀ ਹਾਂ", ਮੈਂ ਕਿਹਾ।
"ਤੂੰ ਦੋਵੇਂ ਗੱਲਾਂ ਕਰ ਸਕਦੀ ਏਂ", ਉਹਨੇ ਜ਼ੋਰ ਪਾਇਆ, "ਮੈਂ ਤੇਰੀ ਮਦਦ ਕਰਾਂਗਾ"।
ਅਸੀਂ ਵਿਆਹ ਚੋਰੀਂ ਕਰਾਇਆ ਤਾਂਕਿ ਮੈਂ ਆਪਣੇ ਛੋਟੇ ਭੈਣ-ਭਰਾਵਾਂ ਦੀ ਦੇਖ ਭਾਲ ਕਰਦੀ ਰਹਿ ਸਕਾਂ। ਪਰ ਮੇਰੇ ਕੋਲੋਂ ਇਹ ਭੇਦ ਬਹੁਤੀ ਦੇਰ ਛੁਪਾ ਨਾ ਹੋਇਆ, ਮੈਨੂੰ ਛੇਤੀ ਹੀ ਸਵੇਰ ਨੂੰ ਕੈਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਮੈਨੂੰ ਭੱਜ ਕੇ ਘਰੋਂ ਬਾਹਰ ਝਾੜੀਆਂ ਦੇ ਪਿੱਛੇ ਉਲਟੀ ਕਰਨ ਜਾਣਾ ਪੈਂਦਾ। "ਕੋਈ ਬੱਚੇ ਨਹੀਂ ਹੋਣੇ ਚਾਹੀਦੇ", ਮੈਂ ਆਪਣੇ ਪਤੀ ਨੂੰ ਕਿਹਾ ਸੀ। "ਸਿਆਸੀ ਸਰਗਰਮੀ ਤੇ ਬੱਚਿਆਂ ਦਾ ਕੋਈ ਮੇਲ ਨਹੀਂ"। ਭਾਵੇਂ ਉਹ ਮੇਰੇ ਨਾਲ ਸਹਿਮਤ ਤਾਂ ਸੀ ਪਰ ਫੇਰ ਵੀ ਮੈਂ ਹਾਮਲਾ ਹੋ ਗਈ।
ਜਦੋਂ ਮੇਰੇ ਵੱਡੇ ਭਰਾ ਨੂੰ ਇਸ ਗੱਲ ਦਾ ਪਤਾ ਲੱਗਾ ਉਸਨੇ ਗੁੱਸੇ ਵਿਚ ਮੈਨੂੰ ਘਰੋਂ ਕੱਢ ਦਿੱਤਾ।
"ਜਾਹ, ਜਾ ਕੇ ਆਪਣੇ ਖਸਮ ਦੀਆਂ ਰੋਟੀਆਂ ਖਾਹ", ਉਹਨੇ ਕਿਹਾ। ਉਂਜ ਭਾਵੇਂ ਉਹ ਪਹਿਲਾਂ ਲੋਕਾਂ ਕੋਲ ਇਸ ਗੱਲ ਦੀਆਂ ਸ਼ੇਖੀਆਂ ਮਾਰਦਾ ਰਹਿੰਦਾ ਸੀ ਕਿ ਮੈਂ ਆਪਣੇ ਟੱਬਰ ਲਈ ਕਿੰਨਾ ਟੁੱਟ ਟੁੱਟ ਕੇ ਮਰਦੀ ਸਾਂ। "ਇਹਨੂੰ ਦੋ ਖਾਲੀ ਭਾਂਡੇ ਦੇ ਦੇਵੋ", ਉਹ ਕਹਿੰਦਾ, "ਤੇ ਇਹ ਸਾਰੇ ਟੱਬਰ ਵਾਸਤੇ ਨਿਹਾਇਤ ਹੀ ਸੁਆਦੀ ਖਾਣਾ ਤਿਆਰ ਕਰ ਸਕਦੀ ਹੈ"।
ਮੈਂ ਸਭ ਤੋਂ ਛੋਟੇ ਦੋ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੀ ਸਾਂ ਪਰ ਮੇਰੇ ਵੱਡੇ ਤੋਂ ਛੋਟੇ ਭਰਾ ਨੇ ਕਿਹਾ, "ਤੈਨੂੰ ਤਾਂ ਵਿਆਹੀ ਜ਼ਿੰਦਗੀ ਦੀਆਂ ਆਪਣੀਆਂ ਬਥੇਰੀਆਂ ਮੁਸ਼ਕਲਾਂ ਹੋਣਗੀਆਂ"। ਇਕ ਮਹੀਨੇ ਬਾਅਦ, ਛੋਟੇ ਚਾਰੇ ਬੱਚਿਆਂ ਨੂੰ ਮੇਰੇ ਤੇ ਮੇਰੇ ਪਤੀ ਕੋਲ ਛੱਡ ਦਿੱਤਾ ਗਿਆ - ਉਨ੍ਹਾਂ ਵਿਚੋਂ ਇਕ ਨੇ ਦੁਰਘਟਨਾ-ਵੱਸ ਘਰ ਨੂੰ ਅੱਗ ਲਾ ਕੇ ਸੁਆਹ ਕਰ ਦਿੱਤਾ ਸੀ।
ਟੱਬਰ ਦੀ ਦੇਖ ਭਾਲ ਕਰਨੀ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਸੀ। ਜਦੋਂ ਅਸੀਂ ਅਜੇ ਸੱਤ ਅੱਠ ਸਾਲ ਦੀਆਂ ਸੀ ਤਾਂ ਸਾਡੀ ਮਾਂ ਮੇਰੀ ਤੇ ਮੇਰੀ ਭੈਣ ਦੀ ਰੋਜ਼ ਇਕ ਇਕ ਨਿਆਣਾ ਸਾਂਭਣ ਦੀ ਜੁੰਮੇਵਾਰੀ ਲਾ ਦਿੰਦੀ। ਮੈਂ ਬਾਰ੍ਹਾਂ ਦੀ ਸਾਂ ਤਾਂ ਸਾਰੇ ਟੱਬਰ ਦੇ ਕੱਪੜੇ ਹੱਥਾਂ ਨਾਲ ਧੋਂਦੀ ਅਤੇ ਮੈਂ ਤੇ ਮੇਰੀ ਭੈਣ ਵਾਰੀ ਸਿਰ ਖਾਣਾ ਬਣਾਉਂਦੀਆਂ। ਜਦੋਂ ਤੱਕ ਮੈਂ ਹਾਈ ਸਕੂਲ ਜਾਣ ਲੱਗੀ ਤਾਂ ਹਰ ਸਵੇਰ 30 ਗਾਈਆਂ ਚੋਣ ਦਾ ਕੰਮ ਵੀ ਮੇਰੀਆਂ ਹੋਰ ਜੁੰਮੇਵਾਰੀਆਂ ਦੇ ਨਾਲ ਰਲਾ ਦਿੱਤਾ ਗਿਆ।
ਮੈਂ ਜਦੋਂ ਆਪਣੇ ਗਰਭ ਦੇ ਅੱਠਵੇਂ ਮਹੀਨੇ ਵਿਚ ਸਾਂ ਤਾਂ ਕਿਸੇ ਕਿਸਮ ਦੀ ਕੋਈ ਡਾਕਟਰੀ ਸਹਾਇਤਾ ਨਹੀਂ ਸੀ ਮਿਲ ਰਹੀ। ਜਿਸ ਇਲਾਕੇ ਵਿਚ ਮੇਰਾ ਪਤੀ ਹਿੱਸੇ 'ਤੇ ਜਮੀਨ ਲੈ ਕੇ ਖੇਤੀ ਕਰਦਾ ਸੀ ਉੱਥੇ ਦੀਆਂ ਕਲਿਨਕਾਂ ਨੇ ਮੈਨੂੰ ਜਵਾਬ ਦੇ ਦਿੱਤਾ ਕਿਉਂਕਿ ਮੈਨੂੰ ਉਸ ਕਾਊਂਟੀ ਵਿਚ ਰਹਿੰਦਿਆਂ ਅਜੇ ਪੂਰਾ ਸਾਲ ਨਹੀਂ ਸੀ ਹੋਇਆ। ਸੋ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਦੀ ਆਸ ਵਿਚ ਮੈਂ ਤੇ ਮੇਰੇ ਸਾਰੇ ਭੈਣ ਭਰਾ ਮੁੜ ਕੇ ਪਹਿਲੇ ਫਾਰਮ 'ਤੇ ਚਲੇ ਗਏ, ਜਿੱਥੇ ਮੇਰਾ ਭਰਾ ਹਿੱਸੇ ਤੇ ਖੇਤੀ ਕਰਦਾ ਸੀ। ਅਸੀਂ ਖੁੱਲ੍ਹੇ ਅਸਮਾਨ ਥੱਲੇ ਸੌਗੀ ਦਿਆਂ ਬਕਸਿਆਂ 'ਤੇ ਸੌਂਦੇ ਅਤੇ ਧਰਤੀ ਵਿਚ ਪੁੱਟੇ ਛੋਟੇ ਜਿਹੇ ਟੋਏ ਵਿਚ ਲੱਕੜੀਆਂ ਬਾਲ਼ ਕੇ ਮੈਂ ਸਭ ਲਈ ਖਾਣਾ ਬਣਾਉਂਦੀ।
ਸਾਡੀ ਇਕ ਪਰਵਾਰਕ ਦੋਸਤ ਨੂੰ ਇਹ ਜਾਣ ਕੇ ਬੜਾ ਸਦਮਾ ਲੱਗਾ ਕਿ ਮੈਨੂੰ ਡਾਕਟਰੀ ਸਹਾਇਤਾ ਨਹੀਂ ਸੀ ਮਿਲ ਰਹੀ ਅਤੇ ਉਹ ਮੈਨੂੰ ਉਸੇ ਕਾਊਂਟੀ ਹਸਪਤਾਲ ਦੇ ਡਾਇਰੈਕਟਰ ਕੋਲ ਲੈ ਗਈ ਜਿੱਥੇ ਮੇਰੀ ਮਾਂ ਦੀ ਮੌਤ ਹੋਈ ਸੀ। ਉਸ ਨੇ ਵੀ ਮੈਨੂੰ ਇਹ ਕਹਿੰਦਿਆਂ ਜਵਾਬ ਦੇ ਦਿੱਤਾ, "ਜੇ ਇਨ੍ਹਾਂ ਲੋਕਾਂ ਕੋਲ ਖੇਤੀ ਕਰਨ ਜੋਗੇ ਪੈਸੇ ਹਨ ਤਾਂ ਇਹ ਡਾਕਟਰੀ ਸਹਾਇਤਾ ਦੇ ਪੈਸੇ ਵੀ ਦੇ ਸਕਦੇ ਹਨ। ਮੇਰੀ ਦੋਸਤ ਨੇ ਉਸਨੂੰ ਕਿਹਾ, ਕਿ ਸਾਡੇ ਕੋਲ ਤਾਂ ਕੋਈ ਵੀ ਪੈਸਾ ਨਹੀਂ ਸੀ ਤੇ ਅਸੀਂ ਤਾਂ ਸਾਰਿਆਂ ਬੱਚਿਆਂ ਲਈ ਦੁੱਧ ਵੀ ਨਹੀਂ ਸੀ ਖ੍ਰੀਦ ਸਕਦੇ। "ਉਹ ਦਿਹਾੜੀ ਵਿਚ ਸਿਰਫ ਪਾਈਆ (ਕੁਆਰਟਰ) ਦੁੱਧ ਦਾ ਖਰੀਦਦੇ ਹਨ ਅਤੇ ਹਰ ਦੂਜੇ ਦਿਨ ਇਕ ਕੱਪ ਦੁੱਧ ਦਾ ਵਾਰੀ ਸਿਰ ਪੀਂਦੇ ਹਨ"। ਉਸਨੇ ਡਾਇਰੈਕਟਰ ਨੂੰ ਦੱਸਿਆ ਕਿ ਕੈਲਸ਼ੀਅਮ ਦੀ ਕਮੀ ਕਾਰਨ ਮੇਰੇ ਦੰਦ ਭੁਰਨੇ ਸ਼ੁਰੂ ਹੋ ਗਏ ਸਨ ਪਰ ਉਹ ਨਾ ਮੰਨੀ।
ਮੇਰੀ ਦੋਸਤ ਨੇ ਕਿਹਾ ਕਿ "ਇਹ ਬੱਚੇ ਨੂੰ ਸੜਕ 'ਤੇ ਕਿਸ ਤਰ੍ਹਾਂ ਜਨਮ ਦੇ ਦੇਵੇ?"
ਹਸਪਤਾਲ ਦੀ ਅਧਿਕਾਰਨ ਨੇ ਮੇਰੀ ਦੋਸਤ ਵੱਲ ਸਖਤੀ ਨਾਲ ਦੇਖਦਿਆਂ ਕਿਹਾ, "ਤਾਂ ਫੇਰ ਇਹ ਲੋਕ ਬੱਚੇ ਜੰਮਦੇ ਹੀ ਕਿਉਂ ਹਨ?"
ਜਿਉਂ ਹੀ ਅਸੀਂ ਹਸਪਤਾਲ ਵਿਚੋਂ ਨਿਕਲਣ ਲੱਗੇ ਤਾਂ ਇਕ ਨਰਸ ਜਿਹੜੀ ਉਸ ਵੇਲੇ ਉਸ ਕਮਰੇ ਵਿਚ ਹੀ ਸੀ, ਸਾਡੇ ਕੋਲ ਆਈ ਤੇ ਸਾਨੂੰ ਹੌਲੀ ਦੇਣੀ ਕਹਿਣ ਲੱਗੀ, "ਹਸਪਤਾਲ ਵਾਲੇ ਤੁਹਾਨੂੰ ਐਮਰਜੈਂਸੀ ਵਿਚ ਵਾਪਸ ਨਹੀਂ ਮੋੜ ਸਕਦੇ। ਜਦੋਂ ਤੈਨੂੰ ਪ੍ਰਸੂਤ ਦੀਆਂ ਪੀੜਾਂ ਸ਼ੁਰੂ ਹੋਣ ਉਦੋਂ ਆ ਜਾਈਂ।"
ਅਤੇ ਮੈਂ ਇਸੇ ਤਰ੍ਹਾਂ ਹੀ ਕੀਤਾ। ਮੈਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਹੋਈ ਕਿ ਮੇਰੇ ਲੜਕੀ ਨੇ ਜਨਮ ਲਿਆ ਸੀ। ਮੈਂ ਦਵਾਈਆਂ ਦੇ ਅਸਰ ਕਰਕੇ ਬੇਸੁਰਤੀ ਜਿਹੀ ਦੀ ਹਾਲਤ ਵਿਚ ਸਾਂ ਇਸ ਕਰਕੇ ਮੈਂ ਤਿੰਨ ਵਾਰੀ ਪੁੱਛਿਆ ਤਾਂਕਿ ਪੱਕ ਕਰ ਲਵਾਂ ਕਿ ਮੈਂ ਠੀਕ ਹੀ ਸੁਣਿਆ ਸੀ। ਸੁਣਿਆ ਮੈਂ ਠੀਕ ਹੀ ਸੀ। ਮੈਨੂੰ ਇਸ ਗੱਲ ਦੀ ਇਨਤਹਾ ਖੁਸ਼ੀ ਸੀ ਕਿ ਉਹ ਕੁੜੀ ਸੀ, ਕਿਉਂਕਿ ਮੈਂ ਇਹ ਸਾਰੀ ਦੁਨੀਆਂ ਨੂੰ ਦਿਖਾ ਦੇਣਾ ਚਾਹੁੰਦੀ ਸਾਂ ਕਿ ਉਹ ਕਿਸੇ ਵੀ ਮੁੰਡੇ ਦੇ ਬਰਾਬਰ ਹੋ ਸਕਦੀ ਸੀ। ਇਸ ਤੋਂ ਵੀ ਵੱਧ ਮੈਂ ਕੁੜੀ ਇਸ ਕਰਕੇ ਚਾਹੁੰਦੀ ਸਾਂ ਤਾਂਕਿ ਮੈਂ ਉਸ ਨੂੰ ਉਹ ਸਾਰਾ ਪਿਆਰ ਤੇ ਹਮਦਰਦੀ ਦੇ ਸਕਾਂ ਜਿਸ ਤੋਂ ਮੈਨੂੰ ਵਾਂਝਿਆਂ ਰੱਖਿਆ ਗਿਆ ਸੀ।
ਹਸਪਤਾਲ ਵਿਚ ਨਰਸਾਂ ਇਸ ਗੱਲ ਦਾ ਯਕੀਨ ਨਹੀਂ ਸੀ ਕਰ ਰਹੀਆਂ ਕਿ ਮੈਂ ਵਿਆਹੀ ਹੋਈ ਸਾਂ, ਕਿਉਂਕਿ ਮੈਂ ਕੋਈ ਮੁੰਦਰੀ ਨਹੀਂ ਸੀ ਪਾਈ ਹੋਈ ਤੇ ਮੈਂ ਆਪਣੇ ਪਤੀ ਦੇ ਪਿਛਲੇ ਨਾਂ ਦੀ ਥਾਂ ਆਪਣੇ ਖਾਨਦਾਨ ਦਾ ਨਾਂ ਹੀ ਵਰਤ ਰਹੀ ਸਾਂ। ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰੀ ਮਾਂ ਨੇ ਵੀ ਕਦੇ ਵਿਆਹ ਵਾਲੀ ਮੁੰਦਰੀ ਨਹੀਂ ਸੀ ਪਾਈ। ਸਾਡੇ ਸਭਿਆਚਾਰ ਵਿਚ ਇਹ ਰਿਵਾਜ ਨਹੀਂ ਹੈ। ਨਾਲ ਹੀ ਮੈਨੂੰ ਆਪਣਾ ਨਾਂ ਛੱਡ ਕੇ ਕਿਸੇ ਹੋਰ ਦਾ ਲਿਖਣ ਦਾ ਕੋਈ ਕਾਰਨ ਨਹੀਂ ਸੀ ਜਾਪਦਾ।
ਇਕ ਦਿਨ ਨਰਸਾਂ ਦੀ ਸੁਪਰਇੰਨਡੈਂਟ ਮੇਰੇ ਵਾਰਡ ਵਿਚ ਆਈ ਤੇ ਮੇਰੇ ਮੰਜੇ ਦੀ ਨੁੱਕਰ 'ਤੇ ਬੈਠ ਕੇ ਉਹਨੇ ਮੇਰਾ ਹੱਥ ਆਪਣੇ ਹੱਥ ਵਿਚ ਲੈ ਲਿਆ। "ਤੂੰ ਮੈਨੂੰ ਦੱਸ ਸਕਦੀ ਏਂ", ਉਹਨੇ ਹਮਦਰਦੀ ਨਾਲ ਕਿਹਾ। "ਅਸਲ ਵਿਚ ਤੂੰ ਵਿਆਹੀ ਹੋਈ ਨਹੀਂ, ਠੀਕ ਹੈ ਨਾ?"
"ਪਰ ਮੈਂ ਵਿਆਹੀ ਹੋਈ ਹਾਂ," ਮੈਂ ਕਿਹਾ।
"ਫੇਰ ਤੂੰ ਆਪਣੇ ਪਤੀ ਦਾ ਨਾਂ ਕਿਉਂ ਨਹੀਂ ਵਰਤਦੀ?"
"ਉਹ ਮੇਰਾ ਨਾਂ ਕਿਉਂ ਨਹੀਂ ਵਰਤਦਾ?"
ਉਹਨੇ ਮੇਰਾ ਹੱਥ ਛੱਡ ਦਿੱਤਾ। "ਕੀ ਤੇਰਾ ਪਤੀ ਅੰਗ੍ਰੇਜ਼ ਹੈ?"
"ਨਹੀਂ, ਅਸੀਂ ਦੋਵੇਂ ਹਿੰਦੋਸਤਾਨੀ ਹਾਂ"।
"ਪਰ ਉਹਦਾ ਨਾਂ ਤਾਂ ਸ਼ਰਮਨ ਹੈ। ਉਹਨੇ ਇਹ ਜ਼ਰੂਰ ਅੰਗ੍ਰੇਜ਼ਾਂ ਤੋਂ ਲਿਆ ਹੋਵੇਗਾ।"
"ਹੋ ਸਕਦਾ ਅੰਗ੍ਰੇਜ਼ਾਂ ਨੇ ਸਾਡੇ ਕੋਲੋਂ ਲਿਆ ਹੋਵੇ," ਮੈਂ ਜਵਾਬ ਦਿੱਤਾ। "ਆਖਰਕਾਰ, ਹਿੰਦੋਸਤਾਨੀ ਸਭਿਅਤਾ ਕਿਤੇ ਜ਼ਿਆਦਾ ਪੁਰਾਣੀ ਹੈ"।
ਹੌਲੀ ਹੌਲੀ ਮੇਰੇ ਕੋਲੋਂ ਆਪਣੀ ਇਹ ਸ਼ਨਾਖਤ ਖੁੱਸ ਗਈ ਜਦੋਂ ਮੈਂ ਲੜਾਈ ਦਾ ਸਮਾਨ ਬਣਾਉਣ ਵਾਲੇ ਕਾਰਖਾਨੇ ਵਿਚ ਕੰਮ ਕਰਨ ਲੱਗੀ ਤੇ ਮੈਨੂੰ ਵਾਰ ਵਾਰ ਪੁੱਛਿਆ ਗਿਆ ਕਿ ਜੇ ਮੈਂ ਸੱਚ ਮੁੱਚ ਵਿਆਹੀ ਹੋਈ ਹਾਂ ਤਾਂ ਆਪਣੇ ਪਤੀ ਦਾ ਨਾਂ ਕਿਉਂ ਨਹੀਂ ਵਰਤਦੀ ਅਤੇ ਮੁੰਦਰੀ ਕਿਉਂ ਨਹੀਂ ਪਾਉਂਦੀ। ਮੈਂ ਦਸੀ (ਡਾਇਮ) ਵਾਲੀ ਦੁਕਾਨ ਵਿਚ ਗਈ ਤੇ ਵਿਆਹ ਦੀ "ਸੋਨੇ" ਦੀ ਮੁੰਦਰੀ ਖਰੀਦ ਲਿਆਈ ਅਤੇ ਉਸ ਦਿਨ ਤੱਕ ਪਾਈ ਰੱਖੀ ਜਦ ਤੱਕ ਮੈਂ ਇਹ ਫੈਸਲਾ ਨਾ ਕਰ ਲਿਆ ਕਿ ਮੈਂ ਹੋਰ ਸਮਾਂ ਵਿਆਹੀ ਨਹੀਂ ਰਹਿਣਾ ਚਾਹੁੰਦੀ।
ਮੇਰੇ ਪਤੀ ਨੂੰ ਇਸ ਗੱਲ ਦੀ ਸਮਝ ਹੀ ਨਾ ਆਵੇ।
"ਮੈਂ ਗਲਤ ਕੀ ਕੀਤਾ ਹੈ?" ਉਹ ਜਾਨਣ ਦੀ ਮੰਗ ਕਰ ਰਿਹਾ ਸੀ।
ਮੇਰੇ 'ਚ ਉਹਦਾ ਸਾਹਮਣਾ ਕਰਨ ਦਾ, ਉਹਨੂੰ ਦੱਸਣ ਦਾ ਸਾਹਸ ਨਹੀਂ ਸੀ ਕਿ ਕਿਸ ਤਰ੍ਹਾਂ ਉਸ ਨੇ ਧੋਖੇ ਨਾਲ ਮੈਨੂੰ ਪੜ੍ਹਾਈ ਤੋਂ ਵਾਂਝਿਆਂ ਰੱਖਿਆ। ਕੀ ਦੱਸਾਂ? ਜਿਸ ਦਿਨ ਮੈਂ ਯੂਨੀਵਰਸਿਟੀ ਕਲਾਸਾਂ ਵਿਚ ਦਾਖਲਾ ਲੈਣਾ ਸੀ ਉਸਨੇ ਮੇਰੇ 'ਤੇ ਇਲਜ਼ਾਮ ਲਾਇਆ ਕਿ ਮੈਂ ਤਾਂ ਸਿਰਫ ਦੂਜੇ ਆਦਮੀਆਂ ਨਾਲ ਘੁੰਮਣਾ ਫਿਰਨਾ ਚਾਹੁੰਦੀ ਸੀ।
ਮੈਂ ਉਸਨੂੰ ਇਹ ਵੀ ਨਹੀਂ ਦੱਸਿਆ ਕਿ ਕਿਸ ਤਰ੍ਹਾਂ ਉਸਨੇ ਮੈਨੂੰ ਸਿਆਸੀ ਕੰਮਾਂ ਤੋਂ ਵਿਰਵਿਆਂ ਕਰ ਦਿੱਤਾ ਸੀ। ਜਿਸ ਦਿਨ ਮੈਂ ਮਜ਼ਦੂਰਾਂ ਦੇ ਇਕ ਅਖਬਾਰ ਵਾਸਤੇ ਇਕ ਹੜਤਾਲ ਦੀ ਰੀਪੋਰਟ ਲਿਖਣੀ ਸੀ, ਉਹਨੇ ਮੈਨੂੰ ਕਿਹਾ, "ਜੇ ਤੂੰ ਗ੍ਰਿਫਤਾਰ ਹੋ ਗਈ ਤਾਂ ਨਿਆਣਿਆਂ ਦੀ ਦੇਖ ਭਾਲ ਕੌਣ ਕਰੂ?"
ਜਦੋਂ ਉਹਨੇ ਪੁੱਛਿਆ ਕਿ ਉਹਨੇ ਕੀ ਗਲਤ ਕੀਤਾ ਸੀ, ਤਾਂ ਮੈਂ ਉਹਨੂੰ ਸਿਰਫ ਇਹ ਹੀ ਦੱਸਿਆ: "ਪਿਛਲੇ ਹਫਤੇ ਜਦੋਂ ਮੈਂ ਤੈਨੂੰ ਕਿਹਾ ਸੀ ਕਿ ਮੈਨੂੰ ਸੀਣ ਵਾਲਾ ਚਿੱਟਾ ਧਾਗਾ ਲਿਆ ਕੇ ਦੇ, ਤਾਂ ਤੂੰ ਕਿਹਾ ਸੀ ਕਿ ਅੱਗੇ ਵੀ ਲਿਆ ਕੇ ਦਿੱਤਾ ਸੀ, ਉਹ ਕਿੱਥੇ ਗਿਆ"।
ਉਹਨੇ ਮੇਰੀ ਵੱਲ ਇਸ ਤਰ੍ਹਾਂ ਦੇਖਿਆ ਜਿਵੇਂ ਮੈਂ ਪਾਗਲ ਹੋਵਾਂ। "ਆਪਾਂ ਨੂੰ ਵਿਆਹਿਆਂ ਗਿਆਰਾਂ ਸਾਲ ਹੋ ਗਏ ਹਨ, ਤੇ ਜਦੋਂ ਮੈਂ ਤੈਨੂੰ ਪੁੱਛ ਰਿਹਾ ਹਾਂ ਕਿ ਕੀ ਗਲਤ ਹੈ, ਤੂੰ ਮੈਨੂੰ ਦੱਸਦੀ ਏਂ ਪਈ ਮੈਂ ਤੈਨੂੰ ਪੰਜਾਂ ਸੈਂਟਾਂ ਦਾ ਧਾਗਾ ਨਹੀਂ ਖ੍ਰੀਦ ਕੇ ਦਿੰਦਾ?"
"ਬਿਲਕੁਲ", ਮੈਂ ਕਿਹਾ, "ਇਹ ਸਿਰਫ ਪੰਜਾਂ ਸੈਂਟਾਂ ਦਾ ਹੀ ਹੈ ਪਰ ਮੇਰੇ ਆਪਣੇ ਕੋਲ ਤਾਂ ਏਨੇ ਵੀ ਪੈਸੇ ਨਹੀਂ। ਇਹ ਵੀ ਮੈਨੂੰ ਤੇਰੇ ਕੋਲੋਂ ਮੰਗਣੇ ਪਏ"।
ਆਪਣੇ ਅਸਲੀ ਅਹਿਸਾਸਾਂ ਨੂੰ ਛੁਪਾ ਕੇ ਰੱਖਣ ਦੀ ਮੇਰੀ ਬਹੁਤ ਸਾਲਾਂ ਪੁਰਾਣੀ ਆਦਤ ਪੱਕ ਚੁੱਕੀ ਸੀ ਅਤੇ ਮੇਰੇ ਕੋਲੋਂ ਆਪਣੇ ਸਾਰੇ ਦੁੱਖਾਂ ਬਾਰੇ ਚੰਗੀ ਤਰ੍ਹਾਂ ਗੱਲ ਵੀ ਨਹੀਂ ਸੀ ਕੀਤੀ ਜਾ ਰਹੀ। ਮੈਂ ਉਸੇ ਵੇਲੇ ਇਹ ਫੈਸਲਾ ਕਰ ਲਿਆ ਕਿ ਮੈਂ ਹੁਣ ਕਿਸੇ ਦੀ ਨੌਕਰਾਣੀ ਬਣ ਕੇ ਨਹੀਂ ਰਹਿਣਾ - ਨੌਕਰਾਣੀ ਜਿਹਨੂੰ ਤਨਖਾਹ ਵੀ ਨਾ ਮਿਲਦੀ ਹੋਵੇ।
ਬਿਨਾਂ ਕਿਸੇ ਨੌਕਰੀ ਵਾਲੇ ਹੁਨਰ ਦੇ ਅਤੇ ਤਿੰਨਾਂ ਨਿਆਣਿਆਂ ਦੇ ਖਰਚ ਸਮੇਤ, ਸਤਾਈਆਂ ਸਾਲਾਂ ਦੀ ਉਮਰ ਵਿਚ, ਵਿਆਹ ਤੋਂ ਆਜ਼ਾਦੀ ਕੋਈ ਸੁਫਨਾ ਪੂਰਾ ਹੋਣ ਵਾਲੀ ਗੱਲ ਨਹੀਂ ਸੀ। ਪਰ ਫੇਰ ਵੀ ਮੈਂ ਆਪਣੀ ਕਿਸਮਤ ਨੂੰ ਆਪਣੇ ਹੱਥ ਵਿਚ ਕਰਨ ਦਾ ਫੈਸਲਾ ਕਰ ਲਿਆ। ਮੈਂ ਰੈਸਟੋਰੈਂਟ ਵਿਚ ਕੰਮ ਕਰ ਸਕਦੀ ਸਾਂ, ਅਤੇ ਮੇਰੀ ਟਾਈਪ ਕਰਨ ਦੀ ਯੋਗਤਾ ਮੈਨੂੰ ਕਿਸੇ ਦਫਤਰ ਵਿਚ ਨੌਕਰੀ ਦਿਵਾ ਸਕਦੀ ਸੀ। ਪਰ ਸਭ ਤੋਂ ਵੱਧ ਮਹੱਤਵਪੂਰਨ ਸੀ ਕਿ ਮੈਂ ਸ਼ਹਿਰ ਵਿਚ ਰਹਿ ਸਕਦੀ ਸਾਂ ਅਤੇ ਸ਼ਾਮ ਦੀਆਂ ਕਲਾਸਾਂ ਲੈ ਕੇ ਪੜ੍ਹਾਈ ਕਰ ਸਕਦੀ ਸਾਂ ਅਤੇ ਆਪਣੇ ਬੱਚਿਆਂ ਦੀ ਚੰਗੀ ਪੜ੍ਹਾਈ ਕਰਵਾ ਸਕਦੀ ਸਾਂ।
ਨਿਆਣਿਆਂ ਦੀ ਪਰਵਰਿਸ਼ ਦੇ ਮੇਰੇ ਬੁਨਿਆਦੀ ਅਸੂਲ ਸਨ: ਕੋਈ ਜਿਸਮਾਨੀ ਸਜ਼ਾ ਨਹੀਂ, ਕੁੜੀਆਂ ਤੇ ਮੁੰਡਿਆਂ ਵਿਚਕਾਰ ਕਿਸੇ ਕਿਸਮ ਦਾ ਵਿਤਕਰਾ ਨਹੀਂ ਅਤੇ ਨਾ ਹੀ ਕਿਸੇ ਨਾਲ ਬੇਇਨਸਾਫੀ। ਜਦੋਂ ਮੈਂ ਛੋਟੀ ਸਾਂ ਤਾਂ ਕਈ ਵਾਰੀ ਮੇਰੀ ਮਾਂ ਮੈਨੂੰ ਦੁਜਿਆਂ ਦੇ ਕਸੂਰ ਦੀ ਵੀ ਸਜ਼ਾ ਦੇ ਦਿੰਦੀ ਕਿਉਂਕਿ ਉਹਦੀਆਂ ਨਜ਼ਰਾਂ ਵਿਚ ਮੈਂ ਜ਼ਿਆਦਾ ਕਸੂਰਵਾਰ ਦਿਸਦੀ। ਮੈਂ ਆਪਣੇ ਨਿਆਣਿਆਂ ਵਿਚ ਭਰੋਸਾ ਕਰਨ ਦਾ ਫੈਸਲਾ ਕਰ ਲਿਆ।
ਸਾਨ ਫਰਾਂਸਿਸਕੋ ਜਿਸ ਘਰ ਵਿਚ ਮੈਂ ਆਪਣੇ ਤਿੰਨਾਂ ਨਿਆਣਿਆਂ ਨਾਲ ਰਹਿੰਦੀ ਉੱਥੇ ਨਾ ਤਾਂ ਕੋਈ ਸਿਰਫ ਕੁੜੀਆਂ ਦੇ ਕਰਨ ਵਾਲਾ ਕੰਮ ਸੀ ਤੇ ਨਾ ਹੀ ਸਿਰਫ ਮੁੰਡਿਆ ਦੇ। ਉਹ ਤਿੰਨੇ ਆਪੋ ਆਪਣੀ ਸਮਰੱਥਾ ਅਨੁਸਾਰ ਮੇਰੀ ਸਹਾਇਤਾ ਕਰਦੇ। ਮੇਰਾ ਮੁੰਡਾ ਬਹੁਤ ਹੀ ਵਧੀਆ ਖਾਣਾ ਬਣਾਉਣ ਲੱਗ ਪਿਆ ਕਿਉਂਕਿ ਉਹਨੇ ਸਭ ਤੋਂ ਪਹਿਲਾਂ ਸਿੱਖਣਾ ਸ਼ੁਰੂ ਕਰ ਦਿੱਤਾ ਸੀ।
ਸਾਡੇ ਲਈ ਪੜ੍ਹਾਈ ਸਾਰੇ ਕੰਮਾਂ ਤੋਂ ਉੱਪਰ ਸੀ। ਜਿਹੜੀਆਂ ਵੀ ਜਮਾਤਾਂ ਸ਼ਾਮ ਨੂੰ ਮਿਲ ਸਕਦੀਆਂ, ਅਸੀਂ ਲੈਂਦੇ। ਮੈਂ ਬੁੱਕ-ਕੀਪਿੰਗ ਅਤੇ ਸ਼ਾਰਟਹੈਂਡ ਪੜ੍ਹਦੀ ਤਾਂਕਿ ਮੇਰੀ ਕਮਾਈ ਕਰਨ ਦੀ ਯੋਗਤਾ ਵੱਧ ਸਕੇ। ਆਪਣੇ ਅਸਲੀ ਲਕਸ਼ ਨੂੰ ਪੂਰਾ ਕਰਨ ਦੀ ਖਾਤਰ ਮੈਂ ਕਲਾ ਤੇ ਸਾਹਿਤ ਪੜ੍ਹਦੀ। ਬੱਚੇ ਨਾਚ, ਕਲਾ ਅਤੇ ਬਾਇਆਲੋਜੀ ਦੀਆਂ ਜਮਾਤਾਂ ਲੈਂਦੇ। ਉਹ ਦੁਨੀਆਂ ਦੇ ਮਸ਼ਹੂਰ ਵਿਅਕਤੀਆਂ ਦੇ ਭਾਸ਼ਣ ਸੁਣਨ ਜਾਂਦੇ, ਖੈਰਾਤ ਵਿਚ ਮਿਲੇ ਟਿਕਟ ਲੈ ਕੇ ਸਿੰਫਿਨੀ ਸੁਣਨ ਜਾਂਦੇ। ਜਿਹੜੀ ਮੈਂ ਪੁਰਾਣੀ ਪਿਆਨੋ ਖ੍ਰੀਦੀ ਸੀ ਉਸ 'ਤੇ ਅਤੇ ਵਾਇਲਿਨ 'ਤੇ ਸੰਗੀਤ ਦੇ ਸਬਕ ਸਿੱਖਦੇ। ਬਹੁਤ ਹੀ ਥੋੜ੍ਹੇ ਪੈਸਿਆਂ ਨਾਲ ਅਸੀਂ ਥੀਏਟਰ ਹਾਲ ਅਤੇ ਓਪੇਰਾ ਹਾਲ਼ਸ ਦੀਆਂ ਸਭ ਤੋਂ ਉੱਪਰ ਦੀਆਂ ਸੀਟਾਂ 'ਤੇ ਹੀ ਬੈਠ ਸਕਦੇ, ਪਰ ਫੇਰ ਵੀ ਅਸੀਂ ਬਹੁਤ ਸਾਰੇ ਗੁਣਵਾਨ ਕਲਾਕਾਰਾਂ ਦੀ ਕਲਾ ਦਾ ਆਨੰਦ ਮਾਣਦੇ।
ਹਾਈ ਸਕੂਲ ਵਿਚ ਮੈਂ ਕਦੀ ਵੀ ਸਕੂਲ ਦੇ ਜੀਵਨ ਦਾ ਹਿੱਸਾ ਨਾ ਬਣ ਸਕੀ ਤੇ ਇਕ ਤਾਂਘ ਨਾਲ ਹਮੇਸ਼ਾਂ ਬਾਹਰੋਂ ਅੰਦਰ ਵੱਲ ਝਾਕਦੀ ਰਹੀ। ਜਦੋਂ ਮੇਰੇ ਜਮਾਤੀ ਸਕੂਲ ਤੋਂ ਬਾਅਦ ਨਾਟਕਾਂ ਦੀ ਰਿਹਰਸਲ ਕਰਨ ਲਈ ਜਾਂ ਖੇਡਾਂ ਵਿਚ ਹਿੱਸਾ ਲੈਣ ਲਈ ਜਾਂ ਸੰਗੀਤ ਸਿੱਖਣ ਲਈ ਰੁਕਦੇ, ਮੈਂ ਘਰ ਦਾ ਕੰਮ ਕਾਰ ਕਰਨ ਲਈ ਅਤੇ ਗਾਵਾਂ ਚੋਣ ਲਈ ਘਰ ਨੂੰ ਚਲੀ ਜਾਂਦੀ। ਹੁਣ ਮੈਂ ਇਸ ਗੱਲ ਦਾ ਨਿਰਣਾ ਕੀਤਾ ਹੋਇਆ ਸੀ ਕਿ ਸ਼ਹਿਰ ਦੀਆਂ ਜਿਹੜੀਆਂ ਵੀ ਚੀਜ਼ਾਂ ਬੱਚਿਆਂ ਦੇ ਜੀਵਨ ਅਤੇ ਨਜ਼ਰੀਏ ਨੂੰ ਵਿਸ਼ਾਲ ਬਣਾਉਣ ਵਿਚ ਸਹਾਇਤਾ ਕਰ ਸਕਦੀਆਂ ਹੋਣ, ਉਹਨਾਂ ਨੂੰ ਮੁਹੱਈਆ ਕਰਨੀਆਂ ਹਨ। ਵੀਕ-ਐਂਡ 'ਤੇ ਅਸੀਂ ਸਾਈਕਲ ਕਿਰਾਏ 'ਤੇ ਲੈ ਕੇ ਗੋਲਡਨ ਗੇਟ ਪਾਰਕ ਵਿਚਦੀ ਸਾਈਕਲ ਚਲਾ ਕੇ ਜਾਂਦੇ; ਸਮੁੰਦਰ ਦੀਆਂ ਬੀਚਾਂ 'ਤੇ ਪਿਕਨਿਕਾਂ ਕਰਦੇ; ਚਿੜੀਆ ਘਰ ਜਾਂਦੇ; ਅਜਾਇਬ-ਘਰਾਂ ਦੀਆਂ ਨੁਮਾਇਸ਼ਾਂ ਦੇਖਦੇ। ਘਰ ਵਿਚ ਜਦੋਂ ਅਸੀਂ ਆਪਣੀ ਪੜ੍ਹਾਈ ਤੋਂ ਵੇਹਲੇ ਹੁੰਦੇ ਤਾਂ ਚੈੱਸ ਖੇਡਦੇ। ਜਦੋਂ ਮੈਂ ਨਿਆਣੀ ਸਾਂ ਤਾਂ ਜੇ ਮੈਂ ਪੜ੍ਹਦੀ ਨਾ ਹੁੰਦੀ ਤਾਂ ਮੈਨੂੰ ਹਰ ਵੇਲੇ ਕੰਮ ਕਰਨਾ ਪੈਂਦਾ ਜੇ ਕੰਮ ਨਾ ਕਰਦੀ ਹੁੰਦੀ ਤਾਂ ਪੜ੍ਹਨਾ ਪੈਂਦਾ। ਇਸ ਕਰਕੇ ਹੁਣ ਮੈਂ ਆਪਣੇ ਨਿਆਣਿਆਂ ਨਾਲ ਚੈੱਸ ਤੇ ਟੈਨਿਸ ਖੇਡਦੀ ਅਤੇ ਉਨ੍ਹਾਂ ਨਾਲ ਤਰਨ ਜਾਂਦੀ। ਮੇਰਾ ਵਿਸ਼ਵਾਸ ਸੀ ਕਿ ਜ਼ਿੰਦਗੀ ਮਾਨਣ ਵਾਸਤੇ ਹੈ ਦੁੱਖ ਭੋਗਣ ਵਾਸਤੇ ਨਹੀਂ।
ਅਸੀਂ ਉਦੋਂ ਰਹਿੰਦੇ ਤਾਂ ਭਾਵੇਂ ਪੂਰੀ ਗੁਰਬਤ ਵਿਚ ਅਤੇ ਗਰੀਬੜੇ ਇਲਾਕਿਆਂ ਵਿਚ ਹੀ ਸਾਂ ਪਰ ਸਾਡਾ ਘਰ ਹਮੇਸ਼ਾਂ ਜੀਵਨ ਦੀ ਧੁੱਪ ਨਾਲ ਰੁਸ਼ਨਾਇਆ ਰਹਿੰਦਾ। ਸਾਡੇ ਕਮਰੇ ਕਿਤਾਬਾਂ ਨਾਲ, ਸਮਾਜਿਕ ਸਰਗਰਮੀਆਂ ਅਤੇ ਬੌਧਿਕ ਜਤਨਾਂ ਨਾਲ ਭਰੇ ਰਹਿੰਦੇ। ਭਾਵੇਂ ਕਿੰਨੇ ਵੀ ਟੁੱਟੇ ਭੱਜੇ ਥਾਂ ਵਿਚ ਅਸੀਂ ਰਹਿਣ ਲੱਗਦੇ, ਮੈਂ ਹਮੇਸ਼ਾਂ ਉਸਨੂੰ ਰੰਗ ਤੇ ਤਸਵੀਰਾਂ ਨਾਲ ਸੁੰਦਰ ਬਣਾ ਲੈਂਦੀ। ਮੈਂ ਕਈ ਵਾਰੀ ਪਿੱਛੇ ਬਾਰੇ ਸੋਚਦੀ ਹਾਂ, ਉਨ੍ਹਾਂ ਘਰਾਂ ਬਾਰੇ ਜਿਹਨਾਂ ਵਿਚ ਮੈਂ ਛੋਟੀ ਹੁੰਦੀ ਰਹੀ ਸਾਂ। ਮੈਨੂੰ ਇਕ ਵੀ ਘਰ ਦਾ ਚੇਤਾ ਨਹੀਂ ਹੈ ਜਿਸ ਵਿਚ ਚੱਲਦਾ ਪਾਣੀ ਹੋਵੇ ਜਾਂ ਫਰਸ਼ 'ਤੇ ਗਲੀਚਾ ਵਿਸ਼ਿਆ ਹੋਇਆ ਹੋਵੇ। ਪਰ ਮੈਂ ਆਪਣੇ ਮਾਂ ਤੇ ਪਿਓ ਨੂੰ ਰਸੋਈ ਵਿਚਲੇ ਅਨਘੜਤ ਮੇਜ਼ਾਂ 'ਤੇ ਬੈਠਿਆਂ ਤਸੱਵਰ ਕਰ ਸਕਦੀ ਹਾਂ। ਇਕ ਵਾਰੀ ਮੇਰੀ ਮਾਂ ਆਪਣੇ ਪਰਵਾਰ ਨੂੰ ਪੰਜਾਬੀ ਵਿਚ ਲਿਖੇ ਇਕ ਖਤ ਦੁਆਲੇ ਪੰਛੀ ਅਤੇ ਵੇਲ ਬੂਟੇ ਵਾਹ ਕੇ ਉਸਨੂੰ ਸਜਾ ਰਹੀ ਸੀ। ਇਕ ਹੋਰ ਮੌਕੇ ਮੇਰਾ ਬਾਪ ਸਕੂਲੀ ਬੱਚਿਆਂ ਦੀ ਲਾਈਨਾਂ ਵਾਲੀ ਕਾਪੀ ਉੱਪਰ ਮਿੱਟੀ ਦੇ ਤੇਲ ਵਾਲੇ ਦੀਵੇ ਦੀ ਲੋਅ ਵਿਚ ਬੈਠਾ ਕਵਿਤਾ ਲਿਖ ਰਿਹਾ ਸੀ।
ਕੀ ਇਹ ਗੱਲਾਂ ਸਨ, ਜਿਹਨਾਂ ਤੋਂ ਮੇਰੀ ਕਲਾ ਅਤੇ ਸਾਹਿਤ ਵਿਚ ਦਿਲਚਸਪੀ ਪੈਦਾ ਹੋਈ? ਕੀ ਇਹ ਉਨ੍ਹਾਂ ਦੀ ਕਲਾਤਮਕ ਸਿਰਜਣਸ਼ੀਲਤਾ ਸੀ, ਜਿਸ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਨੀਰਸ ਹੋਂਦ ਦੀ ਅਸਲੀਅਤ ਅੱਗੇ ਜਿਉਂਦਿਆਂ ਰੱਖਿਆ? ਕਈ ਵਾਰੀ, ਜਦੋਂ ਮੈਂ ਆਪਣੇ ਦਰਦ ਤੋਂ ਜ਼ਰਾ ਅੱਗੇ ਦੇਖਣ ਦੀ ਕੋਸ਼ਿਸ਼ ਕਰਦੀ ਹਾਂ, ਮੈਂ ਆਪਣੇ ਜੰਮਣ ਤੋਂ ਪਹਿਲਾਂ ਆਪਣੀ ਮਾਂ ਦੇ ਜੀਵਨ ਬਾਰੇ ਕਿਆਸ ਲਾਉਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਮੈਂ ਉਹਦੇ ਜੀਵਨ ਦੀਆਂ ਕਠਨਾਈਆਂ ਨਾਲ ਆਢਾ ਲਾਉਣ ਦੀ ਸ਼ਕਤੀ 'ਤੇ ਅਚੰਭਤ ਹੁੰਦੀ ਹਾਂ ਕਿ ਕਿਸ ਤਰ੍ਹਾਂ ਉਹ ਕੈਲੇਫੋਰਨੀਆਂ ਤੇ ਓਰੇਗਨ ਸੂਬਿਆਂ ਵਿਚ, ਜਿੱਥੇ ਵੀ ਮੇਰੇ ਬਾਪ ਨੂੰ ਕੰਮ ਮਿਲਦਾ, ਆਪਣਾ ਜੀਵਨ ਨਿਰਵਾਹ ਕਰਦੇ ਰਹੇ। ਘੱਟੋ ਘੱਟ ਮੇਰਾ ਬਾਪ ਕੰਮ ਉੱਪਰ ਦੂਜਿਆਂ ਪੰਜਾਬੀਆਂ ਨਾਲ ਵਕਤ ਗੁਜ਼ਾਰ ਲੈਂਦਾ, ਉਹਦੇ ਹੋਰ ਦੋਸਤ ਵੀ ਸਨ। ਪਰ ਮੇਰੀ ਮਾਂ ਕੋਲ ਤਾਂ ਕੋਈ ਵੀ ਨਹੀਂ ਸੀ, ਕੋਈ ਵੀ ਹੋਰ ਪੰਜਾਬੀ ਔਰਤ ਨਹੀਂ ਸੀ ਜਿਹੜੀ ਉਸ ਦੀ ਸਾਥਣ ਬਣ ਸਕਦੀ, ਉਹਦੀ ਕੋਈ ਭੈਣ, ਕੋਈ ਰਿਸ਼ਤੇਦਾਰ ਨਹੀਂ ਸੀ ਜਿਹੜੀ ਉਸਦੇ ਕੰਮ ਵਿਚ ਉਹਦਾ ਹੱਥ ਵੰਡਾ ਸਕਦੀ। ਉਹਨੂੰ ਸਭ ਕੁਝ ਆਪ ਹੀ ਕਰਨਾ ਪਿਆ - ਸਭ ਕੁਝ, ਜਿੰਨਾ ਚਿਰ ਉਹਦੀਆਂ ਧੀਆਂ ਉਹਦੀ ਮਦਦ ਕਰਨ ਜੋਗੀਆਂ ਨਾ ਹੋ ਗਈਆਂ।
ਮੇਰਾ ਬਾਪ ਤੇ ਮੇਰੀ ਮਾਂ ਦੋਵੇਂ ਉਨ੍ਹਾਂ ਦਿਨਾਂ ਵਿਚ ਆਬਾਦ ਹੋ ਰਹੇ ਪੱਛਮੀ ਤੱਟ ਦੇ ਪਾਇਨੀਅਰ ਸਨ। ਮੇਰਾ ਬਾਪ ਸਾਨ-ਫਰਾਂਸਿਸਕੋ ਦੀ ਬੰਦਰਗਾਹ 'ਤੇ 1899 ਵਿਚ ਉੱਤਰਿਆ, ਆਪਣੀ ਮਰਜ਼ੀ ਨਾਲ, ਭਾਵੇਂ ਇਹ ਚੋਣ ਆਰਥਿਕ ਸੀ। ਜਦ ਕਿ ਮੇਰੀ ਮਾਂ ਕੈਲੇਫੋਰਨੀਆਂ ਵਿਚ ਆਪਣੀ ਮਰਜ਼ੀ ਨਾਲ ਨਹੀਂ ਸੀ ਆਈ, ਇਹ ਉਸਦੇ ਪਤੀ ਦੀ ਮਰਜ਼ੀ ਸੀ। ਮੇਰਾ ਬਾਪ ਸਫਰ ਲਾ ਕੇ ਪੰਜਾਬ ਵਾਪਸ ਗਿਆ ਅਤੇ ਅਮਰੀਕਾ ਨੂੰ ਮੁੜਦਿਆਂ ਆਪਣੇ ਨਾਲ ਆਪਣੀ ਪਤਨੀ ਲੈ ਆਇਆ, ਜੋ ਉਸ ਦੇ ਬਾਪ ਨੇ ਉਸ ਵਾਸਤੇ ਚੁਣੀ ਸੀ। ਸਤਾਰ੍ਹਾਂ ਸਾਲਾਂ ਦੀ ਉਮਰ ਵਿਚ ਉਹ ਸਾਮਾਨ ਦੇ ਇਕ ਨਗ ਦੀ ਤਰ੍ਹਾਂ ਚੁੱਕੀ ਗਈ ਅਤੇ ਇਕ ਅਜਿਹੇ ਆਦਮੀ ਨੇ ਉਹਨੂੰ ਪਰਦੇਸ ਲਿਆ ਰੱਖਿਆ, ਜਿਹਨੂੰ ਵਿਆਹ ਤੋਂ ਪਹਿਲਾਂ ਉਹਨੇ ਕਦੇ ਦੇਖਿਆ ਤੱਕ ਨਹੀਂ ਸੀ।
ਇਹ ਉਹਦੀ ਚੰਗੀ ਕਿਸਮਤ ਹੀ ਕਹੀ ਜਾ ਸਕਦੀ ਹੈ ਕਿ ਉਹਦਾ ਪਤੀ ਇਕ ਭਲਾ ਤੇ ਦਿਆਲੂ ਆਦਮੀ ਸੀ ਜਿਹਨੇ ਉਹਨੂੰ ਪੰਜਾਬੀ ਲਿਖਣੀ ਸਿਖਾਈ ਤਾਂਕਿ ਉਹ ਪਿੱਛੇ ਛੱਡੇ ਆਪਣੇ ਪਰਵਾਰ ਨਾਲ ਰਾਬਤਾ ਕਾਇਮ ਰੱਖ ਸਕੇ, ਜਿਸ ਪਰਵਾਰ ਨੂੰ ਉਸ ਮੁੜ ਕਦੇ ਵੀ ਨਹੀਂ ਸੀ ਦੇਖਣਾ। ਮੇਰੇ ਦੋਵੇਂ ਮਾਪੇ ਕਦੇ ਸਕੂਲ ਨਹੀਂ ਸਨ ਗਏ, ਪਰ ਮੇਰੇ ਬਾਪ ਨੇ ਬਰਤਾਨਵੀ ਫੌਜ ਵਿਚ ਨੌਕਰੀ ਕਰਦਿਆਂ ਪੰਜਾਬੀ ਤੇ ਅੰਗ੍ਰੇਜ਼ੀ ਪੜ੍ਹਨੀਆਂ ਲਿਖਣੀਆਂ ਸਿੱਖ ਲਈਆਂ ਸਨ। ਇਹ ਉਹਦਾ ਸੁਫਨਾ ਸੀ, ਜਿਸ ਨੇ ਮੈਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣ ਦਾ ਉਤਸਾਹ ਦਿੱਤਾ।
ਹੁਣ ਤੱਕ ਮੈਂ ਜਿੰਨੀ ਕੁ ਅਕਲ ਦੀ ਮਾਲਕ ਹੋ ਸਕੀ ਹਾਂ, ਉਸ ਨਾਲ ਹੁਣ ਮੈਨੂੰ ਇਹ ਗੱਲ ਸਮਝ ਆਉਣ ਲੱਗੀ ਹੈ ਕਿ ਜਿਹੜੀ ਕੁੜੱਤਣ ਮੇਰੀ ਮਾਂ ਨੇ ਮੇਰੀ ਝੋਲੀ ਪਾਈ, ਉਹ ਉਹਨੂੰ ਆਦਮੀਆਂ ਦੀ ਚੌਧਰ ਵਾਲੇ ਸੰਸਾਰ ਵਿਚ ਇਕ ਔਰਤ ਹੋ ਕੇ ਵਿਚਰਦਿਆਂ ਮਿਲ਼ੀ ਸੀ। ਮੇਰਾ ਖਿਆਲ ਹੈ ਕਿ ਮੇਰੀ ਮਾਂ ਮੇਰੇ ਨਾਲ ਸਹਿਮਤ ਹੋਵੇਗੀ, ਜੇ ਉਹ ਕਦੇ ਹੋ ਸਕੇ: ਮੈਂ ਆਪਣੀ ਸਭ ਤੋਂ ਵੱਡੀ ਸਫਲਤਾ ਦਾ ਨਿਚੋੜ ਇਸ ਫਿਕਰੇ ਵਿਚ ਸਮਝਦੀ ਹਾਂ ਜਿਹੜਾ ਇਕ ਅਧਿਆਪਕ ਨੇ ਮੇਰੀ ਬੱਚੀ ਦੀ ਪ੍ਰਸ਼ੰਸਾ ਵਿਚ ਕਿਹਾ ਸੀ: "ਇਹ ਬੱਚੀ ਸੋਚਣ ਤੋਂ ਨਹੀਂ ਡਰਦੀ"।
ਅਨੁਵਾਦ - ਸਾਧੂ ਬਿਨਿੰਗ [Email: sadhu.binning@gmail.com]
ਕਰਤਾਰ ਕੌਰ ਢਿੱਲੋਂ ਅਤੇ ਸਾਧੂ ਬਿਨਿੰਗ - ਜੂਨ 1997, ਵੈਨਕੂਵਰ, ਬੀ ਸੀ