Search Tides


Recent Articles


SEPTEMBER 11, 2019

Until Humeysha

SEPTEMBER 9, 2019

Sounding Out Sanctuary

SEPTEMBER 6, 2019

Brown Skin Rebel

AUGUST 21, 2019

Reinventing the Past

AUGUST 16, 2019

The Duality of Displacement
ਬਡ (ਬੁੱਧ) ਢਿੱਲੋਂ


Translated by Sadhu Binning
By Kartar Dhillon |
AUGUST 20, 2013

Read "Bud DIllon" by Kartar Dhillon in English: here.

ਮੇਰੇ ਭਰਾ ਬਡ ਢਿੱਲੋਂ ਨੂੰ ਅਜੇ ਬਾਰਵਾਂ ਵਰ੍ਹਾ ਚੜ੍ਹਿਆ ਸੀ ਤੇ ਉਹ ਹਾਈ ਸਕੂਲ ਵਿੱਚ ਨਵਾਂ ਨਵਾਂ ਦਾਖਲ ਹੋਇਆ ਸੀ ਜਦੋਂ ਉਹਨੇ ਹਿੰਦੋਸਤਾਨ ਦੀ ਆਜ਼ਾਦੀ ਵਾਸਤੇ ਜਾ ਰਹੇ ਇੱਕ ਜਥੇ ਵਿੱਚ ਆਪਣਾ ਨਾਂ ਦੇ ਦਿੱਤਾ। ਬਡ (ਜਿਹੜਾ ਬੁੱਧ ਸਿੰਘ ਅਤੇ ਸ਼ਮਸ਼ੇਰ ਸਿੰਘ ਦੇ ਨਾਵਾਂ ਨਾਲ ਵੀ ਜਾਣਿਆਂ ਜਾਂਦਾ ਸੀ) ਅਮਰੀਕਾ ਦੇ ਅੱਪਲੈਂਡ, ਕੈਲੇਫੋਰਨੀਆ ਇਲਾਕੇ ਵਿੱਚ ਜਨਵਰੀ 28, 1912 ਨੂੰ ਜਨਮਿਆ ਸੀ। ਉਹ ਪੰਜਾਬ ਤੋਂ ਅਮਰੀਕਾ ਆ ਵਸੇ ਸਰਦਾਰ ਬਖਸ਼ੀਸ਼ ਸਿੰਘ ਅਤੇ ਰਤਨ ਕੌਰ ਦੇ ਅੱਠ ਬੱਚਿਆਂ ਵਿੱਚੋਂ ਦੂਜਾ ਬੱਚਾ ਸੀ।

ਸੁਣ ਕੇ ਹੈਰਾਨੀ ਹੋ ਸਕਦੀ ਹੈ ਕਿ ਇੱਕ ਏਨੀ ਛੋਟੀ ਉਮਰ ਦਾ ਮੁੰਡਾ, ਜਿਹੜਾ ਜਨਮ ਤੋਂ ਹਿੰਦੋਸਤਾਨੀ ਵੀ ਨਹੀਂ ਸੀ, ਉਹ ਹਿੰਦੋਸਤਾਨ ਨੂੰ ਏਨਾ ਪਿਆਰ ਕਿਸ ਤਰ੍ਹਾਂ ਕਰ ਸਕਦਾ ਹੈ ਕਿ ਉਹ ਆਪਣੀ ਜਾਨ ਖਤਰੇ ਵਿੱਚ ਪਾਉਣ ਵਾਸਤੇ ਤਿਆਰ ਹੋ ਜਾਵੇ। ਉਹਦੇ ਜੀਵਨ ਦਾ ਇਹ ਵੇਰਵਾ ਸਾਲਾਂ ਦੌਰਾਨ ਉਸ ਦੇ ਪਰਵਾਰ ਦੇ ਮੈਂਬਰਾਂ ਨਾਲ ਹੋਈਆਂ ਗੱਲਾਂ ਬਾਤਾਂ 'ਤੇ ਅਧਾਰਤ ਹੈ।

ਬਡ ਦੀ ਮੌਤ ਜੁਲਾਈ 23, 1988 ਨੂੰ ਹੋਈ। ਮਜ਼ਦੂਰ ਜਮਾਤ ਦੇ ਲੋਕਾਂ ਪ੍ਰਤੀ ਪਿਆਰ ਅਤੇ ਪ੍ਰਤਿਬੱਧਤਾ ਦਾ ਜੋ ਅਮੀਰ ਵਿਰਸਾ ਉਹ ਛੱਡ ਗਿਆ ਹੈ ਉਹ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਉਹ ਬਹੁਤ ਦਿਆਲੂ ਅਤੇ ਸਾਊ ਆਦਮੀ ਸੀ, ਬੇਹੱਦ ਹਲੀਮੀ ਵਾਲਾ ਅਤੇ ਸਮੁੱਚੀ ਮਨੁੱਖਤਾ ਵਾਸਤੇ ਚੰਗੇ ਸਮਾਜ ਦੀ ਕਾਮਨਾ ਕਰਨ ਵਾਲਾ।

ਇਹ ਸਮਝਣ ਲਈ ਕਿ ਉਹ ਕਿਸ ਤਰ੍ਹਾਂ ਏਨੀ ਛੋਟੀ ਉਮਰ ਵਿੱਚ ਕੁਰਬਾਨੀ ਦੇ ਮਾਦੇ ਨਾਲ ਜਥੇ ਵਿੱਚ ਰਲ਼ ਸਕਦਾ ਹੈ, ਸਾਨੂੰ ਉਸ ਦੇ ਮਾਪਿਆਂ ਦੇ ਜੀਵਨ 'ਤੇ ਪਿਛਲ-ਝਾਤ ਮਾਰਨੀ ਪਵੇਗੀ। ਉਸ ਦੀ ਮਾਂ ਰਤਨ ਕੌਰ ਕੂਕਿਆਂ ਦੀ ਸੰਤਾਨ ਵਿੱਚੋਂ ਸੀ, ਉਹ ਸਿਪਾਹੀ ਜਿਨ੍ਹਾਂ ਨੇ ਬਰਤਾਨਵੀ ਫੌਜ ਵਿਰੁੱਧ ਬਗਾਵਤ ਕੀਤੀ ਸੀ। ਉਸ ਨੂੰ ਆਪਣੇ ਵਡੇਰਿਆਂ ਉੱਪਰ ਅੰਤਾਂ ਦਾ ਮਾਣ ਸੀ। ਆਪਣੇ ਘਰ ਵਿੱਚ ਉਸਨੇ ਕੂਕੇ ਸਿੱਖਾਂ ਦੀ ਇੱਕ ਤਸਵੀਰ ਲਟਕਾਈ ਹੋਈ ਸੀ, ਜਿਹੜੇ ਗੋਰਿਆਂ ਵਲੋਂ ਤੋਪ ਦੇ ਮੂੰਹ ਅੱਗੇ ਬੰਨ੍ਹੇ ਹੋਏ ਸਨ। ਬਗਾਵਤ ਕਰਨ ਬਦਲੇ ਉਨ੍ਹਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਗਏ ਸਨ।

ਬਡ ਦੇ ਪਿਤਾ ਬਖਸ਼ੀਸ਼ ਸਿੰਘ, ਮਾਹਾਰਾਜਾ ਰਣਜੀਤ ਸਿੰਘ ਦੇ ਲੜਾਕਿਆਂ ਦੀ ਸੰਤਾਨ ਵਿੱਚੋਂ ਸਨ ਜਿਹੜੇ ਬਸਤੀਵਾਦੀ ਤਾਕਤਾਂ ਵਿਰੁੱਧ ਲੜਨ ਵਾਸਤੇ ਮਸ਼ਹੂਰ ਸਨ। ਉਸ ਦਾ ਪਿਤਾ ਬਡ ਦੇ ਏਨੇ ਹੌਂਸਲੇ ਵਾਲੇ ਕਦਮ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਉਹ ਆਪ ਛੋਟੀ ਉਮਰ ਵਿੱਚ ਆਪਣਾ ਘਰ ਸੁਰਸਿੰਘ ਵਿੱਚ ਛੱਡ ਆਇਆ ਸੀ ਤਾਂਕਿ ਉਹ ਪੈਸੇ ਕਮਾ ਕੇ ਆਪਣੀ ਜੱਦੀ ਜ਼ਮੀਨ ਬਰਤਾਨਵੀ ਸਰਕਾਰ ਦੇ ਟੈਕਸਾਂ ਦੀ ਮਾਰ ਤੋਂ ਬਚਾ ਸਕੇ।

ਜਦੋਂ 1870ਵਿਆਂ ਦੌਰਾਨ ਬਖਸ਼ੀਸ਼ ਸਿੰਘ ਨੇ ਜਨਮ ਲਿਆ ਸੀ ਤਾਂ ਪੰਜਾਬ ਬਰਤਾਨਵੀ ਸਰਕਾਰ ਵਲੋਂ ਲਾਏ ਬੇਤਹਾਸ਼ੇ ਟੈਕਸਾਂ ਦੇ ਭਾਰ ਥੱਲੇ ਪਿਸਿਆ ਪਿਆ ਸੀ। ਇਹ ਟੈਕਸ ਕਈ ਵਾਰੀ ਚਾਲ਼ੀ ਪੰਜਾਹ ਪ੍ਰਤਿਸ਼ੱਤ ਤੱਕ ਹੁੰਦੇ ਸਨ। ਕਿਸਾਨਾਂ ਨੂੰ ਹੋਰ ਅੱਗੇ ਗੁਲਾਮ ਬਣਾਉਣ ਵਾਸਤੇ ਸਰਕਾਰ ਇਨ੍ਹਾਂ ਟੈਕਸਾਂ ਦੀ ਨਕਦੀ ਅਦਾਇਗੀ ਦੀ ਮੰਗ ਕਰਦੀ ਸੀ। ਕਿਹਦੇ ਕੋਲ ਇਸ ਕਿਸਮ ਦੀਆਂ ਅਣਮਨੁੱਖੀ ਮੰਗਾਂ ਪੂਰੀਆਂ ਕਰਨ ਲਈ ਰਕਮਾਂ ਹੋ ਸਕਦੀਆਂ ਸਨ? ਕਿਸਾਨ ਸ਼ਾਹੂਕਾਰਾਂ ਦੇ ਸ਼ਿਕਾਰ ਹੋ ਗਏ ਅਤੇ ਜਿਹੜੀ ਥੋੜ੍ਹੀ ਬਹੁਤੀ ਜ਼ਮੀਨ ਸੀ ਉਸ ਤੋਂ ਵੀ ਹੱਥ ਧੋ ਬੈਠੇ। ਜ਼ਖਮਾਂ 'ਤੇ ਲੂਣ ਛਿੜਕਣ ਵਾਲੀ ਗੱਲ ਇਹ ਸੀ ਕਿ ਪੰਜਾਬ ਵਿੱਚ ਇੱਕੋ ਇੱਕ ਕੰਮ ਮਿਲਦਾ ਸੀ ਤੇ ਉਹ ਸੀ ਬਰਤਾਨਵੀ ਸਰਕਾਰ ਦੀ ਨੌਕਰੀ।

ਇਸ ਤਰ੍ਹਾਂ ਇੱਕ ਵੀਹਾਂ ਸਾਲਾਂ ਤੋਂ ਘੱਟ ਉਮਰ ਦਾ ਨੌਜਵਾਨ ਬਖਸ਼ੀਸ਼ ਸਿੰਘ ਬਰਤਾਨਵੀ ਫੋਜ ਵਿੱਚ ਸਿਪਾਹੀ ਬਣਿਆਂ। ਉਹ ਸਵਾ ਛੇ ਫੁੱਟ ਲੰਮਾ ਤਕੜੇ ਜੁੱਸੇ ਵਾਲਾ ਆਦਮੀ ਸੀ। ਉਸ ਨੂੰ ਚੀਨ ਦੇ ਤੋਪਖਾਨੇ ਲਈ ਨੌਕਰੀ 'ਤੇ ਰੱਖਿਆ ਗਿਆ ਕਿਉਂਕਿ ਇਸ ਭਾਰੇ ਕੰਮ ਲਈ ਜਿਸਮਾਨੀ ਜ਼ੋਰ ਪਹਿਲੀ ਸ਼ਰਤ ਸੀ। ਉਹਨੇ ਆਪਣੀ ਡਿਊਟੀ ਨਿਭਾਈ ਅਤੇ ਜਿੰਨੀ ਛੇਤੀ ਉਹਦੇ ਲਈ ਸੰਭਵ ਹੋਇਆ ਉਹ ਫੌਜ ਛੱਡ ਗਿਆ। ਉਹਨੇ ਆਪਣੀ ਤਨਖਾਹ ਜਿਹੜੀ ਉਹ ਪਿੰਡ ਨੂੰ ਭੇਜਦਾ ਰਿਹਾ ਸੀ, ਵਿੱਚੋਂ ਕੁਝ ਬੱਚਤ ਕਰ ਲਈ ਸੀ ਤਾਂਕਿ ਉਹ ਘਿਨਾਉਣੀ ਗੁਲਾਮੀ ਤੋਂ ਛੁਟਕਾਰਾ ਪਾ ਸਕੇ।

ਉਸ ਦੇ ਜੀਵਨ ਦੇ ਅਗਲੇ ਹਿੱਸੇ ਬਾਰੇ ਉਸ ਦੇ ਪਰਵਾਰ ਕੋਲ ਬਹੁਤੀ ਜਾਣਕਾਰੀ ਨਹੀਂ। ਇਹ ਜ਼ਰੂਰ ਪਤਾ ਹੈ ਕਿ ਉਹ ਉੱਤਰੀ ਤੇ ਦੱਖਣੀ ਅਮਰੀਕਾ ਨੂੰ ਜਾਣ ਵਾਲਿਆਂ ਸਮੁੰਦਰੀ ਜਹਾਜ਼ਾਂ 'ਤੇ ਨੌਕਰੀ ਕਰਦਾ ਸੀ ਸ਼ਾਇਦ ਇੱਕ ਕਾਮੇ (ਡੈੱਕਹੈਂਡ) ਦੇ ਤੌਰ 'ਤੇ। ਇਤਿਹਾਸ ਵਿੱਚ ਉਹਦਾ ਨਾਂ ਇਸ ਗੱਲੋਂ ਆਉਂਦਾ ਹੈ ਕਿ ਉਹ 1890ਵਿਆਂ ਦੌਰਾਨ ਅਮਰੀਕਾ ਵਿੱਚ ਕੰਮ ਕਰਦਾ ਸੀ (ਸੀ ਆਰ ਦਾਸ ਵਲੋਂ "ਹਿੰਦੋਸਤਾਨੀ ਵਰਕਰਜ਼ ਔਨ ਦਾ ਵੈਸਟ ਕੋਸਟ" ਵਿੱਚ ਦਰਜ ਜਾਣਕਾਰੀ ਅਨੁਸਾਰ)।

ਉਹ ਤਿੰਨ ਵਾਰੀ ਮੁੜ ਕੇ ਪੰਜਾਬ ਨੂੰ ਗਿਆ ਅਤੇ ਅਖੀਰਲੇ ਸਫਰ ਦੌਰਾਨ ਉਸਨੇ ਰਤਨ ਕੌਰ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਅਮਰੀਕਾ ਲੈ ਆਇਆ। ਪਹਿਲਾਂ ਉਹ ਕੈਲੇਫੋਰਨੀਆਂ ਵਿੱਚ ਰਹੇ, ਫੇਰ ਅਸਟੋਰੀਆ, ਆਰੇਗਨ ਵਿੱਚ ਛੇ ਸਾਲ, ਜਿੱਥੇ ਉਹ ਲੱਕੜੀ ਦੀ ਮਿੱਲ ਵਿੱਚ ਕੰਮ ਕਰਦਾ ਸੀ। ਉਹ ਫੇਰ ਮੁੜ ਕੇ ਕੈਲੇਫੋਰਨੀਆਂ ਆ ਗਏ ਅਤੇ ਖੇਤੀਬਾੜੀ ਕਰਨ ਲੱਗੇ।

ਅਸਟੋਰੀਆ ਉਹ ਜਗ੍ਹਾ ਹੈ ਜਿੱਥੇ ਗਦਰ ਪਾਰਟੀ ਦੀ ਸਥਾਪਤੀ ਵਾਲੀ ਕੰਨਵੈਨਸ਼ਨ ਹੋਈ ਸੀ। ਗਦਰ ਪਾਰਟੀ ਉਹ ਸੰਸਥਾ ਸੀ ਜਿਸਦਾ ਇੱਕੋ ਇੱਕ ਮਕਸਦ ਸੀ: ਭਾਰਤ ਨੂੰ ਬਿਦੇਸ਼ੀ ਰਾਜ ਤੋਂ ਆਜ਼ਾਦ ਕਰਵਾਉਣਾ। ਇਹ ਗੱਲ ਕਹੀ ਜਾ ਸਕਦੀ ਹੈ ਕਿ ਅਮਰੀਕਾ ਵਿੱਚ ਮਜ਼ਦੂਰੀ ਕਰਨ ਵਾਲਾ ਹਰ ਭਾਰਤੀ ਗਦਰ ਪਾਰਟੀ ਦਾ ਜੇ ਬਾਨੀ ਨਹੀਂ ਸੀ ਤਾਂ ਘੱਟੋ ਘੱਟ ਮੈਂਬਰ ਜ਼ਰੂਰ ਸੀ। ਪਰ ਇਤਿਹਾਸ ਵਿੱਚ ਸਿਰਫ ਉਨ੍ਹਾਂ ਹੀ ਕੁਝ ਪੜ੍ਹੇ ਲਿਖੇ ਲੋਕਾਂ ਦੇ ਨਾਂ ਆਉਂਦੇ ਹਨ ਜਿਹੜੇ ਪਾਰਟੀ ਦੇ ਨਿਸ਼ਾਨਿਆਂ ਬਾਰੇ ਚੰਗੀ ਤਰ੍ਹਾਂ ਗੱਲ ਬਾਤ ਕਰ ਸਕਦੇ ਸਨ। ਚੇਤੇ ਰੱਖਣ ਵਾਲੀ ਗੱਲ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਸਨ ਜਿਨ੍ਹਾਂ ਨੇ ਲਹਿਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ।

ਉਨ੍ਹਾਂ ਸ਼ਹੀਦਾਂ ਬਾਰੇ ਕਈ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ ਜਿਹੜੇ ਇਨਕਲਾਬੀ ਸ਼ਕਤੀਆਂ ਵਿੱਚ ਰਲ਼ਣ ਵਾਸਤੇ ਭਾਰਤ ਨੂੰ ਮੁੜ ਗਏ ਸਨ। ਉਨ੍ਹਾਂ ਦੀ ਬਹਾਦਰੀ ਦੀਆਂ ਅਤੇ ਉਨ੍ਹਾਂ ਵਲੋਂ ਝੱਲੀਆਂ ਤਕਲੀਫਾਂ ਦੀਆਂ ਕਹਾਣੀਆਂ ਕੁਝ ਹੱਦ ਤੱਕ ਰੀਕਾਰਡ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਭਾਰਤ ਪਹੁੰਚਣ ਤੇ ਮਾਰ ਦਿੱਤੇ ਗਏ ਸਨ ਅਤੇ ਕਈਆਂ ਨੂੰ ਉਮਰ ਕੈਦਾਂ ਹੋ ਗਈਆਂ ਸਨ। ਇਨ੍ਹਾਂ ਇਨਕਲਾਬੀਆਂ ਨੂੰ ਸਜਾਵਾਂ ਦੇਣ ਦੇ ਨਾਲ ਨਾਲ ਇਨ੍ਹਾਂ ਦੇ ਘਰਦਿਆਂ ਨੂੰ ਤੰਗ ਕਰਨ ਦੇ ਇਰਾਦੇ ਨਾਲ ਬਰਤਾਨਵੀ ਸਰਕਾਰ ਵਲੋਂ ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਕੁਰਕ ਕਰ ਲਈਆਂ ਗਈਆਂ ਸਨ।

ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਬਹਾਦਰੀਆਂ ਦੀ ਯਾਦ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ ਆਉਣ ਵਾਲੇ ਭਾਰਤੀਆਂ ਦੀਆਂ ਪੀੜ੍ਹੀਆਂ ਵਾਸਤੇ ਤਾਂਕਿ ਉਨ੍ਹਾਂ ਨੂੰ ਪਤਾ ਰਹੇ ਕਿ ਉਹ ਕੌਣ ਸਨ ਤੇ ਉਨ੍ਹਾਂ ਨੇ ਆਪਣੇ ਦੇਸ ਖਾਤਰ ਕੀ ਕੁਰਬਾਨੀਆਂ ਕੀਤੀਆਂ। ਪਰ ਗਦਰ ਪਾਰਟੀ ਦੇ ਅਣਗਾਏ ਰਹਿ ਗਏ ਬਹਾਦਰ ਉਹ ਭਾਰਤੀ ਕਾਮੇ ਸਨ ਜਿਨ੍ਹਾਂ ਨੇ ਜੰਗਲਾਂ ਵਿੱਚ ਲੱਕੜੀ ਕੱਟ ਕੇ, ਫਾਰਮਾਂ ਵਿੱਚ ਕੰਮ ਕਰ ਕੇ, ਔਖੇ ਹੋ ਕੇ ਪੈਸੇ ਬਣਾ ਕੇ ਪਾਰਟੀ ਨੂੰ ਦਿੱਤੇ ਜਿਸ ਨਾਲ ਪਾਰਟੀ ਦੀਆਂ ਅਖ਼ਬਾਰਾਂ ਛਪਦੀਆਂ ਰਹੀਆਂ ਅਤੇ ਲਹਿਰ ਜਿਉਂਦੀ ਰਹੀ।

ਇਹ ਉਹ ਬਹਾਦਰ ਕਾਮੇ ਸਨ ਜਿਹੜੇ ਰੋਜ਼ 10 ਤੋਂ 12 ਘੰਟੇ ਸਖਤ ਕੰਮ ਕਰਕੇ ਦਿਹਾੜੀ ਦਾ ਡੇੜ (1.50 - 1.75) ਡਾਲਰ ਜਾਂ ਪੌਣੇ ਦੋ ਡਾਲਰ ਕਮਾਉਂਦੇ ਸਨ। ਜਦੋਂ ਉਗਰਾਹੀ ਕਰਨ ਵਾਲੇ ਮਿੱਲਾਂ ਜਾਂ ਕੈਂਪਾਂ ਵਿੱਚ ਆਉਂਦੇ ਤਾਂ ਇਹ ਲੋਕ ਵੱਡੇ ਵੱਡੇ ਅਮੀਰਾਂ ਨਾਲੋਂ ਕਿਤੇ ਖੁਸ਼ੀ ਨਾਲ ਦੇਸ ਦੀ ਖਾਤਰ ਪੈਸੇ ਦਿੰਦੇ। ਉਨ੍ਹਾਂ ਨੂੰ ਪਿੱਛੇ ਆਪਣੇ ਘਰਦਿਆਂ ਨੂੰ ਪੈਸੇ ਭੇਜਣੇ ਪੈਂਦੇ, ਆਪ ਖਾਣਾ ਪੀਣਾ - ਜਿਹੋ ਜਿਹਾ ਵੀ ਗਰੀਬੀ ਦਾਵੇ ਉਹ ਕਰ ਸਕਦੇ ਸਨ - ਪਰ ਜਦੋਂ ਕਿਤੇ ਭਾਰਤ ਦੀ ਆਜ਼ਾਦੀ ਦੇ ਕੰਮ ਵਾਸਤੇ ਉਨ੍ਹਾਂ ਕੋਲੋਂ ਪੈਸੇ ਮੰਗੇ ਜਾਂਦੇ ਤਾਂ ਉਹ ਕਦੇ ਪਿੱਛੇ ਨਾ ਹਟਦੇ।

ਬਖਸ਼ੀਸ਼ ਸਿੰਘ ਨੇ ਆਪਣੀ ਅੰਗ੍ਰੇਜ਼ੀ ਦੀ ਜਾਣਕਾਰੀ ਨੂੰ ਆਪਣੇ ਪੰਜਾਬੀ ਸਾਥੀਆਂ ਦੀ ਮਦਦ ਕਰਨ ਵਾਸਤੇ ਵਰਤਿਆ। ਉਸ ਸਮੇਂ ਬਹੁਤੇ ਪੰਜਾਬੀ ਬਰਤਾਨਵੀ ਸਰਕਾਰ ਦੀਆਂ ਨੀਤੀਆਂ ਕਾਰਨ ਅਨਪੜ੍ਹ ਹੀ ਸਨ। ਉਹ ਉਨ੍ਹਾਂ ਦੀਆਂ ਪੰਜਾਬ ਤੋਂ ਆਈਆਂ ਚਿੱਠੀਆਂ ਪੜ੍ਹਦਾ, ਆਈਆਂ ਚਿੱਠੀਆਂ ਦੇ ਜਵਾਬ ਲਿਖਦਾ, ਮਨੀਆਰਡਰ ਬਣਾਉਣ, ਪਾਉਣ ਵਿੱਚ ਮਦਦ ਕਰਦਾ।

ਕਲੱਰਕਾਂ ਵਾਲੀ ਇਸ ਮਦਦ ਤੋਂ ਵੀ ਜ਼ਿਆਦਾ ਜਿਹੜੀ ਉਹ ਆਪਣੇ ਸਾਥੀਆਂ ਦੀ ਸੇਵਾ ਕਰਦਾ ਉਹ ਸੀ ਉਨ੍ਹਾਂ ਨੂੰ ਅਖ਼ਬਾਰਾਂ ਵਿੱਚੋਂ ਖਬਰਾਂ ਪੜ੍ਹ ਕੇ ਤੇ ਅਨੁਵਾਦ ਕਰ ਕੇ ਸੁਣਾਉਣਾ। ਉਹ ਪੰਜਾਬੀ ਅਤੇ ਅੰਗ੍ਰੇਜ਼ੀ ਦੇ ਅਖ਼ਬਾਰ ਪੜ੍ਹਦਾ ਅਤੇ ਆਪਣੇ ਸਾਥੀਆਂ ਨੂੰ ਸੂਚਿਤ ਕਰਦਾ। ਇਹ ਗੱਲ ਦੱਸਣ ਦੀ ਤਾਂ ਜ਼ਰੂਰਤ ਹੀ ਨਹੀਂ ਕਿ ਉਹ ਗਦਰ ਪਾਰਟੀ ਦੇ ਅਖ਼ਬਾਰ ਦੀ ਖਾਸ ਤੌਰ 'ਤੇ ਉਡੀਕ ਕਰਦਾ ਅਤੇ ਸੱਭ ਤੋਂ ਪਹਿਲਾਂ ਉਹ ਹੀ ਚੁੱਕਦਾ। ਭਾਵੇਂ ਉਹ ਗਦਰ ਪਾਰਟੀ ਅਤੇ ਗੁਰਦੁਆਰੇ, ਜਿਹੜਾ ਅਮਰੀਕਾ ਵਿੱਚ 1912 ਵਿੱਚ ਸੱਭ ਤੋਂ ਪਹਿਲਾਂ ਸਥਾਪਤ ਕੀਤਾ ਗਿਆ ਸੀ, ਦੇ ਕੰਮਾਂ ਵਿੱਚ ਪੂਰਾ ਹਿੱਸਾ ਲੈਂਦਾ, ਪਰ ਉਹ ਭਾਸ਼ਣ ਵਗੈਰਾ ਨਹੀਂ ਸੀ ਕਰਦਾ।

ਉਹ ਹਮੇਸ਼ਾਂ ਰਾਤ ਨੂੰ ਰੋਟੀ ਖਾਣ ਬਾਅਦ ਆਪਣੇ ਸਾਥੀ ਕਾਮਿਆਂ ਨਾਲ ਬਹਿੰਦਾ। ਕਦੇ ਉਹਦੇ ਲਾਗੇ ਇੱਕ ਜਣਾ ਬੈਠਾ ਹੁੰਦਾ ਤੇ ਕਦੇ ਤੀਹਾਂ ਤੋਂ ਵੀ ਉੱਪਰ ਬੰਦੇ ਹੁੰਦੇ। ਉਹ ਉਨ੍ਹਾਂ ਨੂੰ ਭਾਰਤ ਤੋਂ ਆਏ ਪੰਜਾਬੀ ਦੇ ਅਖ਼ਬਾਰ ਪੜ੍ਹ ਕੇ ਸੁਣਾਉਂਦਾ ਤੇ ਕਦੇ ਦੁਨੀਆਂ ਦੀ ਖਬਰਾਂ ਅੰਗ੍ਰੇਜ਼ੀ ਅਖ਼ਬਾਰ ਵਿੱਚੋਂ ਸੁਣਾਉਂਦਾ। ਰਾਤ ਨੂੰ ਸੌਣ ਤੋਂ ਪਹਿਲਾਂ ਇਹ ਕੰਮ ਉਹ ਹਮੇਸ਼ਾਂ ਕਰਦਾ, ਚਾਹੇ ਉਹ ਅਸਟੋਰੀਆਂ ਵਿੱਚ ਲੱਕੜੀ ਦੀ ਮਿੱਲ ਵਿੱਚ ਕੰਮ ਕਰਦਾ ਹੁੰਦਾ ਜਾਂ ਕੈਲੇਫੋਰਨੀਆਂ ਦੇ ਖੇਤਾਂ ਵਿੱਚ। ਉਹਦੇ ਇੱਕ ਦੋਸਤ ਦੀ ਕਹੀ ਗੱਲ ਦਾ ਉਹਦੇ ਉੱਪਰ ਬਹੁਤ ਡੂੰਘਾ ਅਸਰ ਪਿਆ ਸੀ। ਦੋਸਤ ਨੇ ਕਿਹਾ ਸੀ: "ਮੇਰੀਆਂ ਅੱਖਾਂ ਹੈਨ ਪਰ ਮੈਂ ਫੈਰ ਵੀ ਅੰਨਾ ਹਾਂ, ਮੈਂ ਪੜ੍ਹ ਨਹੀਂ ਸਕਦਾ"। ਉਹ ਆਪਣੇ ਪੰਜਾਬੀ ਸਾਥੀਆਂ ਦੀਆਂ ਅੱਖਾਂ ਬਣਿਆਂ।

ਬਾਅਦ ਵਿੱਚ ਆਉਣ ਵਾਲੇ ਬਹੁਤੇ ਪੰਜਾਬੀਆਂ ਨਾਲੋਂ ਬਖਸ਼ੀਸ਼ ਸਿੰਘ ਉਮਰ ਵਿੱਚ ਵੱਡਾ ਸੀ ਅਤੇ ਉਹਨੂੰ ਸਿਆਸੀ ਸੂਝ ਬਸਤੀਵਾਦੀ ਫੌਜ ਵਿੱਚ ਕੰਮ ਕਰਦਿਆਂ ਅਤੇ ਵੱਖਰੇ ਵੱਖਰੇ ਦੇਸ਼ਾਂ ਵਿੱਚ ਘੁੰਮਣ ਦੇ ਨਤੀਜੇ ਵਜੋਂ ਮਿਲੀ ਸੀ। ਉਹ ਪਹਿਲਾ ਭਾਰਤੀ ਕਾਮਾ ਸੀ ਜੋ ਇੰਟਰਨੈਸ਼ਨਲ ਵਰਕਰਜ਼ ਆਫ ਦਾ ਵਰਡ (ਆਈ ਡਬਲਯੂ ਡਬਲਯੂ) ਦਾ ਮੈਂਬਰ ਬਣਿਆਂ, ਇਹ ਇੱਕ ਅਜਿਹੀ ਯੂਨੀਅਨ ਸੀ ਜੋ ਹਰ ਰੰਗ ਨਸਲ ਦੇ ਕਾਮੇ ਨੂੰ ਜੀ ਆਇਆਂ ਆਖਦੀ ਸੀ ਜਿੱਥੇ ਦੂਜੀਆਂ ਯੂਨੀਅਨਾਂ ਸਿਰਫ ਗੋਰੇ ਅਮਰੀਕਨਾਂ ਨੂੰ ਹੀ ਆਪਣਾ ਮੈਂਬਰ ਬਣਾਉਂਦੀਆਂ ਸਨ। ਇਹ ਉਹਦੀ ਟਰੇਡ ਯੂਨੀਅਨ ਬਾਰੇ ਸਮਝ ਦਾ ਹੀ ਨਤੀਜਾ ਸੀ ਕਿ ਉਹਨੇ ਮਿੱਲ ਵਿੱਚ ਆਈ ਡਬਲਯੂ ਡਬਲਯੂ ਦੇ ਸੱਦੇ 'ਤੇ ਹੋਈ ਇੱਕ ਹੜਤਾਲ ਸਮੇਂ ਆਪਣੇ ਭਾਰਤੀ ਕਾਮੇ ਸਾਥੀਆਂ ਨੂੰ ਹੜਤਾਲ ਦਾ ਹਿੱਸਾ ਬਣਨ ਵਾਸਤੇ ਮੰਨਾਇਆ ਸੀ। ਪੰਜਾਬੀ ਕਾਮਿਆਂ ਨੂੰ ਸਿਰਫ ਖੇਤੀਬਾੜੀ ਦੇ ਕੰਮਾਂ ਕਾਰਾਂ ਦਾ ਹੀ ਤਜ਼ਰਬਾ ਸੀ, ਹੜਤਾਲ ਵਿਚ ਹਿੱਸਾ ਲੈਣਾ ਉਨ੍ਹਾਂ ਵਾਸਤੇ ਜਮਾਤੀ ਲੜਾਈ ਦੀ ਸੂਝ ਵਿੱਚ ਇੱਕ ਬਹੁਤ ਵੱਡਾ ਅੱਗੇ ਵੱਧਣ ਵਾਲਾ ਕਦਮ ਸੀ।

ਦਿਆਨਤਦਾਰੀ ਅਤੇ ਭਾਰਤ ਦੀ ਆਜ਼ਾਦੀ ਦੇ ਲਖਸ਼ ਨਾਲ ਲਗਨ ਉਸ ਸਮੇਂ ਅਮਰੀਕਾ ਵਿੱਚ ਰਹਿ ਰਹੇ ਹਰ ਪੰਜਾਬੀ ਦੀ ਪੱਕੀ ਨਿਸ਼ਾਨੀ ਹੁੰਦੀ ਸੀ, ਪਰ ਬਖਸ਼ੀਸ਼ ਸਿੰਘ ਤੇ ਰਤਨ ਕੌਰ ਨਾਲੋਂ ਕੋਈ ਵੀ ਹੋਰ ਵੱਧ ਦਿਆਲੂ ਤੇ ਪ੍ਰਤਿਬੱਧਤਾ ਵਾਲਾ ਨਹੀਂ ਸੀ ਹੋ ਸਕਦਾ। ਇਸਦੀ ਇੱਕ ਉਦਾਹਰਣ: ਇੱਕ ਸਾਲ ਕੰਮ ਦੇ ਮੌਸਮ ਦੌਰਾਨ ਕੈਲੇਫੋਰਨੀਆਂ ਦੇ ਇੱਕ ਫਾਰਮ ਵਿੱਚ ਤੀਹ ਤੋਂ ਉੱਪਰ ਪੰਜਾਬੀਆਂ ਕੋਲ ਲਾਂਗਰੀ ਨਹੀ ਸੀ। ਉਨ੍ਹਾਂ ਦੇ ਫੋਰਮੈਨ ਨੇ ਰਤਨ ਕੌਰ ਦੀ ਮਿੰਨਤ ਕੀਤੀ ਕਿ ਉਹ ਉਨ੍ਹਾਂ ਵਾਸਤੇ ਰੋਟੀ ਬਣਾ ਦਿਆ ਕਰੇ। ਉਹਨੇ ਪਹਿਲਾਂ ਤਾਂ ਨਾਂਹ ਕਰ ਦਿੱਤੀ ਕਿਉਂਕਿ ਕਮਾਈ ਕਰਨ ਵਾਲੇ ਪਤੀ ਦੇ ਹੁੰਦਿਆਂ ਉਹਨੂੰ ਕੰਮ ਕਰਨਾ ਸੋਭਾ ਨਹੀਂ ਸੀ ਦਿੰਦਾ ਪਰ ਜਦੋਂ ਉਹਨੇ ਲਾਂਗਰੀ ਬਿਨ੍ਹਾਂ ਕਾਮਿਆਂ ਦੀ ਮਾੜੀ ਹਾਲਤ ਦੇਖੀ ਤਾਂ ਮੰਨ ਗਈ।

ਪੰਜਾਬੀ ਕਾਮਿਆਂ ਦੇ ਫੋਰਮੈਨ ਨੇ ਉਹਨੂੰ ਮੱਲੋ ਮੱਲੀ ਪੂਰੀ ਤਨਖਾਹ ਦਿੱਤੀ। ਉਹਨੇ ਇਹ ਸਾਰੇ ਦੇ ਸਾਰੇ ਪੈਸੇ ਗਦਰ ਪਾਰਟੀ ਨੂੰ ਅਤੇ ਗੁਰਦੁਆਰੇ ਨੂੰ ਦੇ ਦਿੱਤੇ ਤਾਂਕਿ ਉਹ ਪੰਜਾਬ ਵਿੱਚ ਉਸ ਕਮੇਟੀ ਨੂੰ ਭੇਜ ਦੇਣ ਜਿਹੜੀ ਸ਼ਹੀਦਾਂ ਦੇ ਪਰਵਾਰਾਂ ਦੀ ਮਦਦ ਕਰਦੀ ਸੀ। ਰਤਨ ਕੌਰ ਨੇ ਉਸ ਵੇਲੇ ਵੀ ਕੋਈ ਕਿੰਤੂ ਨਾ ਕੀਤਾ ਜਦੋਂ ਬਖਸ਼ੀਸ਼ ਸਿੰਘ ਨੇ ਗਦਰ ਪਾਰਟੀ ਦੇ ਇੱਕ ਕਾਮੇ ਭਗਵਾਨ ਸਿੰਘ ਵਲੋਂ ਜਾਤੀ ਤੌਰ ਤੇ ਮਦਦ ਮੰਗਣ 'ਤੇ ਉਸਨੂੰ ਪੰਜ ਸੌ ਡਾਲਰ ਦੇ ਦਿੱਤੇ। ਆਪਣੇ ਵੱਡੇ ਪਰਵਾਰ ਦੀਆਂ ਲੋੜਾਂ ਦੇ ਬਾਵਜੂਦ ਉਨ੍ਹਾਂ ਨੇ ਕਦੇ ਵੀ ਦੂਜਿਆਂ ਦੀ ਮਦਦ ਕਰਨ ਤੋਂ ਕੰਨੀ ਨਾ ਕਤਰਾਈ। ਇਹ ਵੱਡੇ ਦਿਲ ਵਾਲੇ ਪੰਜਾਬੀ ਕਾਮਿਆਂ ਦੀ ਕੁਰਬਾਨੀ ਦਾ ਮਾਦਾ ਹੀ ਸੀ ਕਿ ਉਹ ਭਾਰਤ ਦੀ ਆਜ਼ਾਦੀ ਵਾਸਤੇ ਕਿਸੇ ਵੀ ਯੋਗਦਾਨ ਨੂੰ ਵੱਡਾ ਨਹੀਂ ਸੀ ਸਮਝਦੇ।

ਬਡ ਦੀ ਕਹਾਣੀ ਵਲ ਮੁੜਦਿਆਂ ਅਸੀਂ ਦੇਖ ਸਕਦੇ ਹਾਂ ਕਿ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਜਦੋਂ ਉਹਨੇ ਜਥੇ ਨਾਲ ਜਾਣ ਦਾ ਫੈਸਲਾ ਕੀਤਾ ਤਾਂ ਉਹਦੇ ਮਾਪਿਆਂ ਨੇ ਕਿਸੇ ਕਿਸਮ ਦਾ ਵਿਰੋਧ ਨਹੀਂ ਕੀਤਾ। ਜਦੋਂ ਰਤਨ ਕੌਰ ਨੇ ਥੋੜ੍ਹਾ ਦਿਲ ਛੱਡਿਆ ਅਤੇ ਰੋਣ ਲੱਗੀ ਤਾਂ ਬਖਸ਼ੀਸ਼ ਸਿੰਘ ਨੇ ਉਸ ਨੂੰ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਦਾ ਚੇਤਾ ਕਰਾਇਆ ਜਿਸ ਨੇ ਆਜ਼ਾਦੀ ਖਾਤਰ ਆਪਣੇ ਪੁੱਤਰ ਵਾਰ ਦਿੱਤੇ ਸਨ। ਉਹ ਪੂਰੇ ਗਰੁਸਿੱਖ ਸਨ ਅਤੇ ਜਿਸ ਵੀ ਵੱਡੇ ਛੋਟੇ ਘਰ ਵਿੱਚ ਉਹ ਰਹੇ ਉਨ੍ਹਾਂ ਨੇ ਘਰ ਵਿੱਚ ਗੁਰੂ ਗਰੰਥ ਸਾਹਿਬ ਨੂੰ ਹਮੇਸ਼ਾਂ ਸਤਿਕਾਰ ਨਾਲ ਰੱਖਿਆ।

ਜਿਸ ਦਿਨ ਬਡ ਨੇ ਆਪਣਾ ਫੈਸਲਾ ਸੁਣਾਇਆ ਉਹ ਤੇ ਉਸ ਦਾ ਪਿਤਾ ਸੈਕਰਾਮੈਂਟੋ ਡੈਲਟੇ ਵਿੱਚ ਗੁਡਾਈ ਦਾ ਕੰਮ ਕਰ ਰਹੇ ਸਨ। ਬਡ ਨੌਂ ਸਾਲ ਦੀ ਉਮਰ ਵਿਚ ਹੀ ਸਕੂਲ ਤੋਂ ਗਰਮੀਆਂ ਦੀਆਂ ਛੁੱਟੀਆਂ ਵੇਲੇ ਕੰਮ ਕਰਨ ਲੱਗ ਪਿਆ ਸੀ। ਹੁਣ ਉਹ ਬਾਰ੍ਹਾਂ ਸਾਲਾਂ ਦਾ ਸੀ। ਉਹ ਪੰਜਾਬੀਆਂ ਦੇ ਇੱਕ ਗਰੁੱਪ ਨਾਲ ਕੰਮ ਕਰ ਰਹੇ ਸਨ ਜਿਨ੍ਹਾਂ ਵਿੱਚ ਕੈਲੇਫੋਰਨੀਆਂ ਯੂਨੀਵਰਸਿਟੀ, ਬਰਕਲੇ ਤੋਂ ਕਾਫੀ ਵਿਦਿਆਰਥੀ ਵੀ ਸਨ।

ਪਿਓ ਪੁੱਤ ਕੈਲੇਫੋਰਨੀਆਂ ਦੇ ਮਘਦੇ ਸੂਰਜ ਵਿੱਚ ਪਸੀਨੋ ਪਸੀਨਾ ਹੋਏ ਪਏ ਸਨ। ਉਨ੍ਹਾਂ ਦੇ ਬਦਨ ਘੰਟਿਆਂ ਬੱਧੀ ਕਹੀਆਂ ਉੱਪਰ ਝੁਕੇ ਰਹਿਣ ਕਰਕੇ ਪੀੜ ਪੀੜ ਹੋਏ ਪਏ ਸਨ।

"ਜੇ ਤੂੰ ਜਥੇ ਨਾਲ ਗਿਆ", ਬਖਸ਼ੀਸ਼ ਸਿੰਘ ਨੇ ਕਿਹਾ, "ਤੈਨੂੰ ਬੜੀਆਂ ਔਖਿਆਈਆਂ ਆਉਣਗੀਆਂ, ਪਰ ਇਹ ਜੋ ਕੁਝ ਏਥੇ ਹੈ ਉਸ ਨਾਲੋਂ ਤੇਰੀ ਜ਼ਿੰਦਗੀ ਕੋਈ ਬਹੁਤੀ ਔਖੀ ਨਹੀਂ ਹੋਣ ਲੱਗੀ"।

ਬਡ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਸਕੂਲੇ ਮੁੰਡੇ ਉਹਨੂੰ ਕਹਿੰਦੇ ਹਨ ਕਿ ਉਹ ਆਪਣਾ ਨਾਂ ਬੁੱਧ ਤੋਂ ਬਦਲ ਕੇ ਸ਼ਮਸ਼ੇਰ ਰੱਖ ਲਵੇ ਜਿਹੜਾ ਕਿ ਇੱਕ ਇਨਕਲਾਬੀ ਵਾਸਤੇ ਜ਼ਿਆਦਾ ਢੁੱਕਵਾਂ ਨਾਂ ਹੈ। "ਉਹ ਕਹਿੰਦੇ ਹਨ ਕਿ ਲੋਕ ਮੈਨੂੰ ਬੁੱਧੂ ਨਾ ਕਹਿਣ ਲੱਗ ਪੈਣ"।

ਉਸ ਦੇ ਪਿਤਾ ਨੇ ਵਿਰੋਧ ਕੀਤਾ ਕਿ ਬੁੱਧ ਤਾਂ ਬਹੁਤ ਮਹਾਨ ਤੇ ਸੂਝਵਾਨ ਆਦਮੀ ਹੋਇਆ ਹੈ। ਉਸ ਦੇ ਤਾਂ ਨਾਂ ਦਾ ਮਤਲਬ ਹੀ ਸਿਆਣਪ ਹੈ। "ਪਰ ਮੁੰਡੇ ਤਾਂ ਕਹਿੰਦੇ ਹਨ ਕਿ ਜੇ ਮੈਂ ਨਾਂਅ ਨਾ ਬਦਲਿਆਂ ਤਾਂ ਲੋਕ ਮੈਨੂੰ ਬੁੱਧੂਆਂ ਦਾ ਵੀ ਬੁੱਧੂ ਕਹਿਣਗੇ..."।

ਨਾਂ ਬਦਲ ਦਿੱਤਾ ਗਿਆ ਸੀ। ਬੁੱਧ ਸ਼ਮਸ਼ੇਰ ਸਿੰਘ ਬਣ ਗਿਆ।

ਬਡ ਦੀ ਕਹਾਣੀ ਅਤੇ ਜਥੇ ਦੇ ਤਜਰਬਿਆਂ ਦੀ ਗੱਲ ਚੱਲਦੀ ਰੱਖਣ ਤੋਂ ਪਹਿਲਾਂ, ਤੁਹਾਨੂੰ ਜਥੇ ਵਿਚਲੇ ਸਾਰੇ ਮੈਂਬਰਾਂ ਦੇ ਨਾਵਾਂ ਤੋਂ ਜਾਣੂ ਕਰਵਾਉਂਦੇ ਹਾਂ ਜੋ ਇਸ ਤਸਵੀਰ ਵਿਚ ਖੜ੍ਹੇ ਦਿਸ ਰਹੇ ਹਨ।

ਜਥੇ ਦੀ ਇਹ ਤਸਵੀਰ ਉਨ੍ਹਾਂ ਦੇ ਜਾਣ ਤੋਂ ਪਹਿਲਾਂ ਦੀ ਸ਼ਾਮ ਨੂੰ ਸਾਂਨ ਫਰਾਂਸਿਸਕੋ ਦੇ ਗਦਰ ਆਸ਼ਰਮ, 5 ਵੁੱਡ ਸਟਰੀਟ 'ਤੇ ਖਿੱਚੀ ਗਈ ਸੀ। ਤਸਵੀਰ ਦੇ ਕੇਂਦਰ ਵਿੱਚ ਮਹਿੰਦਰਾ ਪ੍ਰਤਾਪ ਹੈ, ਉਹ ਆਦਮੀ ਜਿਸ ਨੇ ਜਥੇ ਵਾਸਤੇ ਵਲੰਟੀਅਰਾਂ ਦੀ ਮੰਗ ਕੀਤੀ ਸੀ। ਇਹ ਆਦਮੀ ਕੋਈ ਰਾਜਾ ਸੀ ਜਿਸ ਨੂੰ ਅੰਗ੍ਰੇਜ਼ਾਂ ਨੇ ਉਸ ਦੇ ਨੇਪਾਲ ਵਿਚਲੇ ਤਖਤ ਤੋਂ ਲਾਹ ਦਿੱਤਾ ਸੀ। ਦੇਖਣ ਨੂੰ ਉਹਦੇ ਫੌਜੀ ਹੋਣ ਦਾ ਕੁਝ ਕੁਝ ਝਾਉਲਾ ਪੈਂਦਾ ਹੈ, ਛਾਤੀ 'ਤੇ ਪੇਟੀ, ਕਾਲਰ 'ਤੇ ਲੱਗੇ ਹੋਏ ਬਟਨ, ਜਿਹੜੇ ਪਹਿਲਾਂ ਕੀਤੀਆਂ ਜੰਗਾਂ ਵਲ ਇਸ਼ਾਰਾ ਕਰਦੇ ਲੱਗਦੇ ਸਨ।

ਰਾਜਾ ਭਾਰਤ ਵਿੱਚ ਇਨਕਲਾਬੀਆਂ ਨੂੰ ਹਥਿਆਰ ਪਹੁੰਚਾਣ ਵਾਸਤੇ ਆਪਣੀ ਸਕੀਮ ਸਿਰੇ ਚਾੜਨ ਲਈ ਪੈਸੇ ਤੇ ਵਲੰਟੀਅਰ ਮੰਗਣ 1924 ਵਿੱਚ ਗਦਰ ਪਾਰਟੀ ਕੋਲ ਆਇਆ ਸੀ। ਦੇਸ਼ ਭਗਤੀ ਤੋਂ ਬਿਨ੍ਹਾਂ ਉਹਦੇ ਕੋਲ ਸਬੂਤ ਲਈ ਸਿਰਫ ਇੱਕੋ ਚੀਜ਼ ਸੀ ਉਹ ਸੀ ਅਫਗਾਨਿਸਤਾਨ ਵਿੱਚ "ਹਿੰਦੋਸਤਾਨ ਦੀ ਵਕਤੀ ਸਰਕਾਰ" ਦੀ ਕਾਇਮੀ। ਨੇਪਾਲ ਛੱਡਣ ਤੋਂ ਬਾਅਦ ਉਹਨੇ ਏਸ਼ੀਆ ਵਿੱਚ ਇੱਧਰ ਉੱਧਰ ਸਫਰ ਕੀਤਾ ਸੀ, ਜਿੱਥੇ ਉਹ ਹੋਰ ਦੇਸ਼ ਭਗਤਾਂ ਨੂੰ ਮਿਲਿਆ ਸੀ ਤੇ ਇਹ ਸਰਕਾਰ ਸਥਾਪਤ ਕੀਤੀ ਸੀ ਜਿਸਦਾ ਉਹ ਆਪ ਹੀ ਪ੍ਰਧਾਨ ਸੀ। ਜਦੋਂ ਉਹ ਆਪਣੀ ਰਾਜਿਆਂ ਵਾਲੀ ਸ਼ਾਨ ਅਤੇ ਦੇਸ਼ ਭਗਤੀ ਦੀ ਆਭਾ ਮਾਰਦਾ ਸਾਂਨ ਫਰਾਂਸਿਸਕੋ ਆਇਆ ਤਾਂ ਸਧਾਰਨ ਕੰਮ ਕਰਨ ਵਾਲੇ ਲੋਕਾਂ ਨੇ ਉਹਨੂੰ ਬੜਾ ਬਹਾਦਰ ਸਮਝਿਆ ਕਿ ਉਹ ਆਮ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਦੇ ਸਾਂਝੇ ਨਿਸ਼ਾਨੇ ਵਾਸਤੇ ਕੰਮ ਕਰਨ ਨੂੰ ਤਿਆਰ ਸੀ।

ਸੰਖੇਪ 'ਚ ਗੱਲ ਇਸ ਤਰ੍ਹਾਂ ਹੋਈ ਕਿ ਉਹਨੇ ਤੀਹ ਹਜ਼ਾਰ ਡਾਲਰ ਦੀ ਮੰਗ ਕੀਤੀ ਸੀ ਤੇ ਪਾਰਟੀ ਨੇ ਉਹ ਇਕੱਠਾ ਕਰ ਦਿੱਤਾ। ਨਾਲ ਹੀ ਉਸ ਦੇ ਜਥੇ ਵਾਸਤੇ ਸੱਤ ਬੰਦਿਆਂ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਜਥਾ ਜਨਵਰੀ 1924 ਨੂੰ ਸਾਂਨ ਫਰਾਂਸਿਸਕੋ ਤੋਂ ਹਾਂਗਕਾਂਗ ਜਾਣ ਵਾਸਤੇ ਇੱਕ ਜਪਾਨੀ ਜਹਾਜ਼ 'ਤੇ ਸਵਾਰ ਹੋਇਆ।

ਬਡ ਦੇ ਕਹਿਣ ਅਨੁਸਾਰ ਰਾਜੇ ਨੇ ਸ਼ੁਰੂ ਵਿੱਚ ਹੀ ਆਪਣੇ ਅਤੇ ਜਥੇ ਦੇ ਮੈਂਬਰਾਂ ਵਿਚਕਾਰ ਇੱਕ ਵਖਰੇਵਾਂ ਖੜ੍ਹਾ ਕਰ ਲਿਆ "ਨੇਤਾ ਅਤੇ ਉਸ ਦੇ ਪਿੱਛੇ ਚੱਲਣ ਵਾਲੇ"। ਸਾਰੇ ਪੈਸਿਆਂ ਦਾ ਕਬਜਾ ਉਹਦੇ ਕੋਲ ਸੀ। ਉਹਨੇ ਜਹਾਜ਼ ਲਈ ਆਪਣਾ ਟਿਕਟ ਟੂਰਿਸਟ ਕਲਾਸ ਦਾ ਲਿਆ ਅਤੇ ਸਾਨੂੰ ਸਟੀਅਰੇਜ - ਜਹਾਜ਼ ਵਿੱਚਲੀ ਸਸਤੀ ਜਗ੍ਹਾ - ਵਿੱਚ ਅੜਾ ਦਿੱਤਾ।

ਕਹਾਣੀ ਦੱਸਦਿਆਂ ਬਡ ਨੇ ਕਿਹਾ, "ਸਾਡੇ ਨਾਲ ਹੋਣੀ ਵੀ ਏਸੇ ਤਰ੍ਹਾਂ ਚਾਹੀਦੀ ਸੀ, ਕਿਉਂਕਿ ਅਸੀਂ ਬੇਵਕੂਫਾਂ ਵਾਂਗ ਇੱਕ ਬੰਦੇ ਤੇ ਇਸ ਕਰਕੇ ਏਨਾ ਭਰੋਸਾ ਕਰ ਲਿਆ ਸੀ ਕਿ ਉਹ ਕੁਲੀਨ ਵਰਗ ਵਿੱਚੋਂ ਸੀ। ਰਾਜੇ ਦੇ ਮਨ ਵਿੱਚ ਦੇਸ਼ ਭਗਤੀ ਦੀ ਤਸਵੀਰ ਜਥੇ ਵਿੱਚ ਰਲ਼ੇ ਕੰਮ ਕਰਨ ਵਾਲੇ ਲੋਕਾਂ ਦੇ ਮਨਾਂ ਦੀ ਤਸਵੀਰ ਨਾਲੋਂ ਬਹੁਤ ਵੱਖਰੀ ਸੀ।

ਬਡ: ਸਟੀਅਰੇਜ ਵਿੱਚ ਖਾਣ ਵਾਸਤੇ ਚੌਲ ਤੇ ਮੱਛੀ ਹੀ ਮਿਲਦੇ ਸਨ। ਜਥੇ ਵਿਚਲੇ ਆਦਮੀ ਸਾਰੇ ਪੰਜਾਬੀ ਸਨ ਤੇ ਉਹ ਇਸ ਤਰ੍ਹਾਂ ਦੇ ਖਾਣੇ ਦੇ ਆਦੀ ਨਹੀਂ ਸਨ। ਉਨ੍ਹਾਂ ਦੇ ਨਾਲ ਸਫਰ ਕਰਨ ਵਾਲੇ ਬਹੁਤੇ ਲੋਕ ਜਪਾਨੀ ਸਨ ਜੋ ਇਸ ਖਾਣੇ ਨੂੰ ਖੁਸ਼ ਹੋ ਕੇ ਖਾਂਦੇ ਸਨ ਪਰ ਉਨ੍ਹਾਂ ਵਿੱਚੋਂ ਵੀ ਕਈ ਸਮੁੰਦਰੀ ਜਹਾਜ਼ ਦੇ ਡਿੱਕੇ ਡੋਲ਼ੇ ਖਾਣ ਨਾਲ ਬੀਮਾਰ (ਸੀਸਿੱਕ) ਹੋ ਗਏ ਸਨ ਅਤੇ ਸਾਰੇ ਦਾ ਸਾਰਾ ਥਾਂ ਹੀ ਨਰਕ ਬਣਿਆਂ ਹੋਇਆ ਸੀ।

ਸਵਾਲ: ਰਾਜਾ ਕਿੱਥੇ ਸੀ? ਕੀ ਉਹ ਤੁਹਾਡੇ ਨਾਲ ਤਾਲ ਮੇਲ਼ ਨਹੀਂ ਸੀ ਰੱਖਦਾ?

ਬਡ: ਹਾਂ ਰੱਖਦਾ ਸੀ। ਉਹ ਦਿਨ 'ਚ ਇੱਕ ਵਾਰੀ ਥੱਲੇ ਆਉਂਦਾ ਤੇ ਉੱਪਰ ਮਿਲਦੇ ਖਾਣਿਆਂ 'ਤੇ ਖਾਤਰਾਂ ਦੇ ਗਾਣੇ ਗਾ ਕੇ ਸਾਨੂੰ ਪ੍ਰਸੰਨ ਕਰ ਜਾਂਦਾ।

ਸਟੀਅਰੇਜ ਵਿੱਚ ਇੱਕ ਚੀਜ਼ ਦਾ ਫਾਇਦਾ ਸੀ। ਉਥੇ ਸਾਨੂੰ ਇੱਕ ਫਿਲਪੀਨ ਇਨਕਲਾਬੀ ਦਾ ਸਾਥ ਮਿਲਦਾ ਜਿਹੜਾ ਫਿਲਪੀਨ ਨੂੰ ਜਾ ਰਿਹਾ ਸੀ। ਅਸੀਂ ਉਹਦੇ ਨਾਲ ਬੜੀ ਸਾਂਝ ਮਹਿਸੂਸ ਕੀਤੀ। ਅਸੀਂ ਵੀ ਉਹਦੇ ਵਾਂਗ ਹੀ ਸਾਮਰਾਜਵਾਦ ਦੇ ਖਿਲਾਫ ਲੜ ਰਹੇ ਸੀ।

ਜਥੇ ਦਾ ਪਹਿਲਾਂ ਮਿਥਿਆ ਨਿਸ਼ਾਨਾ ਹਾਂਗ ਕਾਂਗ ਜਾਣ ਦਾ ਸੀ ਪਰ ਉੱਤਰ ਉਹ ਸਾਰੇ ਟੋਕੀਓ ਹੀ ਗਏ।

ਬਡ: ਮੇਰੇ ਖਿਆਲ ਵਿੱਚ ਇਹ ਫੈਸਲਾ ਰਾਸ਼ ਬਿਹਾਰੀ ਬੋਸ ਦਾ ਸੀ। ਅਸੀਂ ਪਾਸ ਪੋਰਟਾਂ ਤੋਂ ਬਿਨ੍ਹਾਂ ਹੀ ਸਫਰ ਕਰ ਰਹੇ ਸਾਂ।

ਸਵਾਲ: ਪਾਸਪੋਰਟਾਂ ਤੋਂ ਬਿਨਾਂ ਹੀ?

ਬਡ: ਪਾਸਪੋਰਟ ਤਾਂ ਸਾਡੇ ਕੋਲ ਕਦੇ ਵੀ ਨਹੀਂ ਸਨ। ਸਿਰਫ ਮੈਂ ਹੀ ਇਕੱਲਾ ਯੂ ਐਸ ਦਾ ਸ਼ਹਿਰੀ ਸਾਂ। ਅਸੀਂ ਹਿੰਦੋਸਤਾਨ ਜਾ ਕੇ ਵਾਪਸ ਮੁੜਨ ਦੀ ਤਾਂ ਸੋਚੀ ਹੀ ਨਹੀਂ ਸੀ ਸੋ ਪਾਸਪੋਰਟਾਂ ਦਾ ਕਾਹਦਾ ਫਿਕਰ?

ਹੋ ਸਕਦਾ ਹੈ ਰਾਜੇ ਕੋਲ ਪਾਸਪੋਰਟ ਹੋਵੇ ਪਰ ਉਹ ਅਫਗਾਨਿਸਤਾਨ ਤੋਂ ਸੀ। ਉਹਨੂੰ ਵਕਤੀ ਸਰਕਾਰ ਦੇ ਦੋਸਤਾਂ ਵਲੋਂ ਅਫਗਾਨਿਸਤਾਨ ਦਾ ਆਨਰੇਰੀ ਸ਼ਹਿਰੀ ਬਣਾ ਲਿਆ ਗਿਆ ਸੀ।

ਰਾਜੇ ਨੇ ਆਪਣਾ ਅਸਲੀ ਨਿਸ਼ਾਨਾ ਉਦੋਂ ਜ਼ਾਹਿਰ ਕੀਤਾ ਜਦੋਂ ਉਹਨੇ ਦੁਨੀਆਂ ਵਿੱਚ ਇੱਕ ਨਵਾਂ ਧਰਮ ਚਾਲੂ ਕਰਨ ਦੀ ਆਪਣੀ ਯੋਜਨਾ ਦੱਸੀ। ਇਹ "ਪਿਆਰ ਦਾ ਧਰਮ" ਸੀ।

ਸਾਨੂੰ ਤਾਂ ਸਿੱਖੀ ਦਾ ਗੂਹੜਾ ਰੰਗ ਚੜਿਆ ਹੋਇਆ ਸੀ - ਘੱਟੋ ਘੱਟ ਮੈਨੂੰ ਤਾਂ ਸੀ - ਮੇਰੇ ਖਿਆਲ ਵਿੱਚ ਦੂਜਿਆਂ ਨੂੰ ਵੀ ਸੀ, ਇਸ ਕਰਕੇ ਰਾਜੇ ਦਾ ਆਪਣੇ ਆਪ ਨੂੰ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਨਾਲ ਤੁਲਣਾ ਦੇਣਾ... ਸਾਨੂੰ ਤਾਂ ਬਿਲਕੁਲ ਚੰਗਾ ਨਾ ਲੱਗਾ।

ਇਸ ਪੜਾਅ 'ਤੇ ਆ ਕੇ ਜਥੇ ਤੇ ਰਾਜੇ ਦਰਮਿਆਨ ਕਈ ਛੋਟੇ ਛੋਟੇ ਝਗੜੇ ਉਠਣੇ ਸ਼ੁਰੂ ਹੋ ਗਏ। ਪਹਿਲੀ ਗੱਲ ਤਾਂ ਇਹ ਹੋਈ ਕਿ ਸਾਨੂੰ ਵਲੰਟੀਅਰਾਂ ਨੂੰ ਜਹਾਜ਼ ਦੇ ਸਸਤੇ ਕਿਰਾਏ ਵਾਲੇ (ਸਟੀਅਰੇਜ) ਹਿੱਸੇ ਵਿੱਚ ਸਫਰ ਕਰਨ ਲਈ ਮਜ਼ਬੂਰ ਕੀਤਾ ਗਿਆ, ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਕੋਲੋਂ ਉਸਨੂੰ ਸਾਰੇ ਪੈਸੇ ਮਿਲੇ ਸਨ, ਤੇ ਇਸ ਤੋਂ ਵੀ ਵੱਧ ਉਹਨੇ ਸਾਨੂੰ ਆਪਣੇ ਪਿਆਰ ਦੇ ਧਰਮ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ।

ਟੋਕੀਓ ਜਾ ਕੇ ਰਾਜਾ ਆਪ ਤਾਂ ਵੱਡੇ ਵੱਡੇ ਲੋਕਾਂ ਨਾਲ ਮੇਲ ਜੋਲ ਕਰਦਾ ਰਿਹਾ ਤੇ ਅਸੀਂ ਬੈਠੇ ਉਸ ਦੀ ਉਡੀਕ ਕਰਦੇ ਰਹੇ। ਇਨ੍ਹਾਂ ਵੱਡੇ ਲੋਕਾਂ ਵਿੱਚੋਂ ਇੱਕ ਰਾਸ਼ ਬਿਹਾਰੀ ਬੋਸ ਸੀ। ਉਹ ਹਿੰਦੋਸਤਾਨ ਵਿੱਚ ਅੰਗ੍ਰੇਜ਼ ਵਾਇਸਰਾਏ 'ਤੇ ਬੰਬ ਸੁੱਟਣ ਬਾਅਦ ਬਚ ਕੇ ਜਾਪਾਨ ਆ ਗਿਆ ਸੀ। ਅੰਗ੍ਰੇਜ਼ਾਂ ਦੀ ਵਿਰੋਧਤਾ ਕਰਨ ਕਾਰਨ ਜਪਾਨੀਆਂ ਨੇ ਉਹਦੇ ਨਾਲ ਦੋਸਤੀ ਕਰ ਲਈ ਸੀ। ਉਹ ਜਪਾਨ ਦਾ ਬਾਸ਼ਿੰਦਾ ਬਣ ਗਿਆ ਸੀ ਤੇ ਅਤੇ ਉਹਨੇ ਇੱਕ ਜਪਾਨੀ ਔਰਤ ਜਿਹੜੀ ਕਿ ਟੋਕੀਓ ਦੇ ਮੇਅਰ ਦੀ ਜਾਂ ਸ਼ਾਇਦ ਪੁਲੀਸ ਦੇ ਮੁਖੀ ਦੀ ਕੁੜੀ ਸੀ, ਨਾਲ ਵਿਆਹ ਕਰਵਾ ਲਿਆ ਸੀ। ਇਸ ਤਰ੍ਹਾਂ ਬੋਸ ਸਾਡੀ ਸਹਾਇਤਾ ਕਰ ਸਕਿਆ ਸੀ।

ਜਪਾਨੀ ਗਰੇਟਰ ਏਸ਼ੀਆ ਸੁਸਾਇਟੀ ਦੇ ਇਰਾਦੇ ਨਾਲ ਕੰਮ ਕਰ ਰਹੇ ਸਨ। ਉਹ ਸਾਡੇ ਨਾਲ ਹਮਦਰਦੀ ਨਾਲ ਪੇਸ਼ ਆਉਂਦੇ ਸਨ ਤੇ ਭਵਿੱਖ ਵਿੱਚ ਆਪਣੀ ਤਾਕਤ ਵਧਾਉਣ ਦੀਆਂ ਯੋਜਨਾਵਾਂ ਵਿੱਚ ਸਾਨੂੰ ਆਪਣੇ ਸੰਭਵ ਦੋਸਤਾਂ ਦੇ ਤੌਰ 'ਤੇ ਦੇਖਦੇ ਸਨ।

ਸਵਾਲ: ਕੀ ਰਾਜੇ ਨੇ ਕਦੇ ਆਪਣੀ ਯੋਜਨਾ ਤੁਹਾਡੇ ਨਾਲ ਸਾਂਝੀ ਕੀਤੀ ਸੀ?

ਬਡ: ਉਹ ਸਾਡੇ ਨਾਲ ਕਦੇ ਗੱਲ ਨਹੀਂ ਸੀ ਕਰਦਾ। ਅਸੀਂ ਤਾਂ ਬਸ ਐਵੇਂ ਬੈਠੇ ਰਹਿੰਦੇ, ਸਾਨੂੰ ਲੋਕਾਂ ਦੇ ਘਰਾਂ ਵਿੱਚ ਠਹਿਰਾਇਆ ਹੋਇਆ ਸੀ ਤੇ ਰਾਜਾ ਆਪ ਵੱਡੀਆਂ ਵੱਡੀਆਂ ਪਾਰਟੀਆਂ 'ਤੇ ਜਾਂਦਾ ਤੇ ਜਿਹੜੇ ਵੀ ਕੋਈ ਉਹਦੇ ਇਰਾਦੇ ਸਨ ਉਹ ਪੂਰੇ ਕਰਨ ਦੀ ਕੋਸ਼ਿਸ਼ ਕਰਦਾ। ਕਿਸੇ ਕਿਸਮ ਦੀ ਵੀ ਕੋਈ ਸਿਆਸੀ ਗੱਲਬਾਤ ਸਾਡੇ ਨਾਲ ਵਿਚਾਰੀ ਨਹੀਂ ਸੀ ਜਾਂਦੀ।

ਟੋਕੀਓ ਪਹੁੰਚਣ 'ਤੇ ਉਹਨੇ ਕੁਝ ਪੈਸੇ, ਸ਼ਾਇਦ ਹਜ਼ਾਰ ਡਾਲਰ ਦੇ ਦੁਆਲੇ, ਬੋਸ ਨੂੰ ਦੇ ਦਿੱਤੇ ਸਨ ਤੇ ਬਾਕੀ ਦੇ ਸਾਰੇ ਪੈਸੇ ਉਹਨੇ ਆਪਣੇ ਕੋਲ ਹੀ ਰੱਖੇ। ਇਹ ਗੱਲ ਦਿਲਚਸਪੀ ਨਾਲ ਨੋਟ ਕਰਨ ਵਾਲੀ ਹੈ ਕਿ ਸਾਡਾ ਇਕੱਲੇ ਇਕੱਲੇ ਦਾ ਕਿਰਾਇਆ ਸਿਰਫ ਸੱਠ ਸੱਠ ਡਾਲਰ ਸੀ।

ਬੋਸ ਮੈਨੂੰ ਬਹੁਤ ਹੀ ਘੁਮੰਡੀ ਕਿਸਮ ਦਾ ਬੰਦਾ ਲੱਗਾ ਸੀ। ਉਹਨੇ ਕਦੇ ਵੀ ਸਾਡੇ ਨਾਲ ਬਰਾਬਰ ਦਿਆਂ ਵਾਂਗ ਗੱਲ ਨਹੀਂ ਸੀ ਕੀਤੀ ਬਸ ਸਾਨੂੰ ਲੈਕਚਰ ਹੀ ਦਿੰਦਾ ਹੁੰਦਾ ਸੀ।

ਉਸ ਵੇਲੇ ਬਾਰਾਂ ਸਾਲ ਦੇ ਬਡ ਦੀਆਂ ਕੁਝ ਜਾਤੀ ਸੋਚਾਂ ਸਨ ਜਿਹੜੀਆਂ ਬਾਅਦ ਵਿੱਚ ਉਹਨੇ ਬੜੀ ਕੁੜੱਤਣਤਾ ਭਰੇ ਵਿਸ਼ਲੇਸ਼ਣ ਨਾਲ ਜ਼ਾਹਿਰ ਕੀਤੀਆਂ।

ਬਡ: ਉਹ ਪੇਸ਼ਾਵਰ ਇਨਕਲਾਬੀ ਬੜੇ ਬੇਈਮਾਨ ਅਤੇ ਬਦਮਾਸ਼ ਸਨ। ਮੈਨੂੰ ਚੇਤਾ ਹੈ ਮੈਂ ਸੋਚਦਾ ਹੁੰਦਾ ਸਾਂ ਕਿ ਜੇ ਇਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਇੱਕ ਦਿਨ ਵੀ ਖੇਤਾਂ ਵਿੱਚ ਕੰਮ ਕਰਨਾ ਪਵੇ ਜਿੱਥੇ ਅਸੀਂ ਕੰਮ ਕਰਦੇ ਹੁੰਦੇ ਸਾਂ ਤਾਂ ਇਹ ਇੱਕ ਦਿਨ ਵੀ ਪੂਰਾ ਨਹੀਂ ਕੱਢ ਸਕਦੇ। ਅਤੇ ਫੇਰ ਇਸ ਗੱਲ ਦੀ ਸੋਚ ਕਿ ਕੀ ਉਹ ਆਪਣੇ ਏਨੀ ਮਿਹਨਤ ਨਾਲ ਕਮਾਏ ਪੈਸੇ ਕਿਸੇ ਕੰਮ ਲਈ ਦੇ ਦੇਣਗੇ ਜਿਸ ਤਰ੍ਹਾਂ ਅਸੀਂ ਦਿੱਤੇ ਸਨ... ਇਸ ਗੱਲ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।

ਅਖੀਰ ਵਿੱਚ ਜਥੇ ਨੂੰ ਉਡੀਕ ਕਰੀ ਜਾਣ ਦੀ ਬੋਰੀਅਤ ਅਤੇ ਕੁੜੱਤਣ ਵਾਲੀਆਂ ਸੋਚਾਂ ਤੋਂ ਰਾਹਿਤ ਮਿਲੀ ਅਤੇ ਸਾਡੇ ਸਫਰ ਦਾ ਅਗਲਾ ਪੜਾਅ ਸ਼ੁਰੂ ਹੋਇਆ।

ਬਡ: ਟੋਕੀਓ ਤੋਂ ਅਸੀਂ ਕੋਰੀਆ ਨੂੰ ਗਏ। ਅਸੀਂ ਇੱਕ ਹਫਤਾ ਉਡੀਕ ਕੀਤੀ ਤੇ ਫੇਰ ਬੋਸ ਦੀ ਸਹਾਇਤਾ ਨਾਲ ਸਾਨੂੰ ਅੱਗੇ ਜਾਣ ਦੀ ਇਜਾਜ਼ਤ ਮਿਲ ਗਈ। ਉਹਨੇ ਗਰੇਟਰ ਏਸ਼ੀਆ ਸੁਸਾਇਟੀ ਦੇ ਚਾਹਵਾਨਾਂ ਨਾਲ ਆਪਣੇ ਅਸਰ ਰਸੂਖ ਨੂੰ ਵਰਤ ਕੇ ਸਾਨੂੰ ਕੋਰੀਆ ਵਿੱਚ ਦਾਖਲ ਕਰਵਾਇਆ।

ਫੇਰ ਅਸੀਂ ਉੱਤਰੀ ਮਨਚੂਰੀਆਂ ਗਏ। ਸਾਨੂੰ ਮਨਚੂਰੀਆਂ ਵਿੱਚੋਂ ਲੰਘ ਜਾਣ ਦਿੱਤਾ ਗਿਆ ਕਿਉਂਕਿ ਅਸੀਂ ਜਪਾਨ ਦੇ ਦੋਸਤ ਸਾਂ। ਅਸੀਂ ਚੀਨ ਪਹੁੰਚ ਗਏ।

ਪੀਕਿੰਗ (ਜਿਸਨੂੰ ਹੁਣ ਬੀਜਿੰਗ ਕਹਿੰਦੇ ਹਨ) ਵਿੱਚ ਰਾਜਾ ਆਪ ਤਾਂ ਸੱਭ ਤੋਂ ਮਹਿੰਗੇ ਹੋਟਲ ਵਿੱਚ ਠਹਿਰਿਆ ਤੇ ਸਾਨੂੰ ਕਿਸੇ ਦੇ ਘਰ ਵਿੱਚ ਠਹਿਰਾਇਆ। ਅਸੀਂ ਫੱਟਿਆ ਦੇ ਕੰਮ-ਟਪਾਊ ਮੰਜਿਆਂ 'ਤੇ ਸੌਂਦੇ।

ਪੀਕਿੰਗ ਵਿੱਚ ਕੁਝ ਸਮਾਂ ਪਾਰਟੀਆਂ ਸ਼ਾਰਟੀਆਂ ਕਰਨ ਬਾਅਦ ਰਾਜੇ ਨੇ ਇਸਾਈ ਜਨਰਲ ਫੇਨ ਯੂ ਹਸੀਇੰਗ ਨਾਲ ਸੰਪਰਕ ਕੀਤਾ। ਇਹ ਉਹ ਵਿਅਕਤੀ ਸੀ ਜਿਸ ਬਾਰੇ ਰਾਜੇ ਨੇ ਕਿਹਾ ਸੀ ਕਿ ਉਹ ਸਾਨੂੰ ਰਫਲਾਂ ਅਤੇ ਅਸਲਾ ਦੇਵੇਗਾ ਜਿਹੜਾ ਅਸੀਂ ਹਿੰਦੋਸਤਾਨੀ ਇਨਕਲਾਬੀਆਂ ਵਾਸਤੇ ਨੇਪਾਲ ਲੈ ਜਾਵਾਂਗੇ। ਸਾਡਾ ਕੰਮ ਤਿਬਤ ਰਾਹੀਂ ਨੇਪਾਲ ਪਹੁੰਚਣ ਵਾਸਤੇ ਇੱਕ ਰਸਤਾ ਸਥਾਪਤ ਕਰਨਾ ਸੀ।

ਸਿਪਾਹ-ਸਲਾਰ (ਵਾਰਲੌਰਡ) ਦੇ ਕਬਜੇ ਥੱਲੇ ਅਗਲਾ ਇਲਾਕਾ ਇਸ ਜਨਰਲ ਦੇ ਕਬਜੇ ਵਿੱਚ ਸੀ। ਉਹਨੇ ਸਾਨੂੰ ਕੁਝ ਰਫਲਾਂ ਅਤੇ ਅਸਲਾ ਦਿੱਤਾ ਅਤੇ ਦੋ ਕੁ ਘੋੜੇ ਸਣੇ ਸਵਾਰਾਂ ਦੇ ਸਾਨੂੰ ਮਦਦ ਲਈ ਦਿੱਤੇ। ਅਸਲੀਅਤ ਇਹ ਨਿਕਲੀ ਕਿ ਇਹ ਦੋਵੇ ਸਿਪਾਹੀ ਅਫੀਮ ਦੇ ਅਮਲੀ ਸਨ। ਉਨ੍ਹਾਂ 'ਚੋਂ ਇੱਕ ਮੇਰੇ ਨਾਲ ਬਹੁਤ ਚੰਗਾ ਸਲੂਕ ਕਰਦਾ ਸੀ। ਉਹ ਮੈਨੂੰ ਆਪਣੇ ਘੋੜੇ ਦੀ ਸਵਾਰੀ ਕਰਨ ਦਿੰਦਾ ਤਾਂਕਿ ਉਹ ਆਪ ਉਸ ਗੱਡੀ ਵਿੱਚ ਬਹਿ ਸਕੇ ਜਿਹੜੀ ਘੋੜੇ ਖਿੱਚਦੇ ਸਨ। ਇਸ ਤਰ੍ਹਾਂ ਉਹ ਆਰਾਮ ਨਾਲ ਪੈ ਸਕਦਾ ਸੀ ਤੇ ਆਪਣੇ ਨਸ਼ੇ ਦਾ ਆਨੰਦ ਮਾਣ ਸਕਦਾ ਸੀ।

ਅਸੀਂ ਚੀਨ ਦੀ ਵਿਸ਼ਾਲ ਕੰਧ ਦੇ ਨਾਲ ਨਾਲ ਤੁਰਦੇ ਗਏ। ਜਨਰਲ ਨੇ ਜਿਹੜੇ ਗਾਈਡ ਸਾਡੇ ਨਾਲ ਦਿੱਤੇ ਸਨ ਉਹਨਾਂ ਨੇ ਸਾਡਾ ਸਾਥ ਸਿਰਫ ਜਨਰਲ ਦੇ ਕਬਜੇ ਵਾਲੇ ਇਲਾਕੇ ਦੇ ਅੰਤ ਤੱਕ ਦਿੱਤਾ। ਜਿਹੜੀਆਂ ਬੰਦੂਕਾਂ ਉਹਨੇ ਸਾਨੂੰ ਦਿੱਤੀਆਂ ਸਨ ਜਦੋਂ ਅਸੀਂ ਉਨ੍ਹਾਂ ਨਾਲ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਫਜ਼ੂਲ ਸਾਬਤ ਹੋਈਆਂ: ਗੋਲ਼ੀਆਂ ਫਿੱਟ ਨਾ ਆਈਆਂ।

ਅਸੀਂ ਵਿਸ਼ਾਲ ਕੰਧ ਦੇ ਨਾਲ ਨਾਲ ਅੱਠ ਮਹੀਨੇ ਪੈਦਲ ਚਲਦੇ ਰਹੇ। ਅਸੀਂ ਤਕਰੀਬਨ ਇੱਕ ਹਜ਼ਾਰ ਮੀਲ ਲੰਮਾ ਪੈਂਡਾ ਕੀਤਾ। ਅਸੀਂ ਕਈ ਅਜਿਹੇ ਪਿੰਡਾਂ ਕੋਲ ਦੀ ਲੰਘੇ ਜਿੱਥੇ ਅਸੀਂ ਲਾਸ਼ਾਂ ਦਰੱਖਤਾਂ ਨਾਲ ਟੰਗੀਆਂ ਦੇਖੀਆਂ, ਜਿਹੜੀਆਂ ਸਿਪਾਹ-ਸਾਲਾਰਾਂ ਦੀਆਂ ਆਪਸੀਆਂ ਲੜਾਈਆਂ ਵਿੱਚ ਮਾਰੇ ਗਏ ਲੋਕਾਂ ਦੀਆਂ ਸਨ। ਅਸੀਂ ਵਿਸ਼ਾਲ ਕੰਧ ਦੇ ਨਾਲ ਨਾਲ ਗੋਭੀ ਰੇਗਸਤਾਨ ਵਿੱਚੋਂ ਲੰਘ ਕੇ ਯੈਲੋ ਦਰਿਆ ਦੇ ਸਿਰੇ ਦੇ ਪਾਣੀਆਂ ਕੋਲ ਪਹੁੰਚੇ। ਅਸੀਂ ਕਲਗਾਨ, ਉੱਤਰੀ ਚੀਨ ਦੇ ਇਲਾਕੇ ਤੋਂ ਲੈ ਕੇ ਲੈਨਚਾਓ ਤੱਕ ਪੈਦਲ ਤੁਰ ਕੇ ਗਏ।

ਇਹ ਉਹ ਜਗ੍ਹਾ ਸੀ ਜਿੱਥੇ ਮੈਂ ਦਸਤ ਲੱਗਣ ਕਾਰਨ ਸਖਤ ਬੀਮਾਰ ਹੋ ਗਿਆ ਸੀ। ਅਸੀਂ ਡਾਕੂਆਂ ਨਾਲ ਭਰੇ ਹੋਏ ਇਲਾਕੇ ਵਿੱਚ ਸਾਂ। ਉੱਥੇ ਉਸ ਵੇਲੇ ਵੱਖਰੇ ਵੱਖਰੇ ਸਿਪਾਹ-ਸਾਲਾਰਾਂ ਦੇ ਧੜਿਆਂ ਵਿਚਕਾਰ ਕਿਸੇ ਕਿਸਮ ਦੀ ਕੋਈ ਲੜਾਈ ਚੱਲ ਰਹੀ ਸੀ। ਮੇਰੀ ਚੰਗੀ ਕਿਸਮਤ ਨੂੰ ਉੱਥੇ ਲਾਗੇ ਹੀ ਕੋਈ ਮਿਲਟਰੀ ਹਸਪਤਾਲ ਸੀ ਤੇ ਮੈਨੂੰ ਉੱਥੇ ਲੈ ਜਾਇਆ ਗਿਆ।

ਰਾਜੇ ਨੇ ਕਿਹਾ ਕਿ ਉਹ ਮੇਰੀ ਸਿਹਤ ਠੀਕ ਹੋਣ ਤੱਕ ਉਡੀਕ ਨਹੀਂ ਕਰ ਸਕਦਾ ਇਸ ਕਰਕੇ ਉਹ ਮੈਨੂੰ ਛੱਡ ਕੇ ਚਲੇ ਜਾਵੇਗਾ। ਉਹਨੇ ਤਾਂ ਮੈਨੂੰ ਉੱਥੇ ਛੱਡ ਕੇ ਚਲੇ ਜਾਣਾ ਸੀ ਜੇ ਸਾਡੇ ਜਥੇ ਦੇ ਦੋ ਮੈਂਬਰ ਨਾ ਅੜਦੇ ਕਿ ਉਹ ਮੈਨੂੰ ਛੱਡ ਕੇ ਨਹੀਂ ਜਾਣਗੇ। ਕਿਉਂਕਿ ਸਾਰੇ ਪੈਸੇ ਉਸ ਕੋਲ ਹੀ ਸਨ। ਰਾਜੇ ਨੇ ਕਿਹਾ ਕਿ ਉਹ ਤਾਂ ਜਾਵੇਗਾ ਹੀ, ਪਰ ਜਾਣ ਲੱਗਾ ਉਹ ਸਾਨੂੰ ਕੁਝ ਨਕਦ ਪੈਸੇ ਦੇ ਗਿਆ। ਉਹਨੇ ਸਾਨੂੰ ਇੱਕ ਚੈੱਕ ਵੀ ਲਿਖ ਕੇ ਦਿੱਤੀ ਜਿਹੜੀ ਟੋਕੀਓ ਵਿੱਚ ਤੁੜਵਾਈ ਜਾ ਸਕਦੀ ਸੀ। ਪਰ ਉਹ ਵੀ ਰਫਲਾਂ ਨਾਲ ਦੇ ਅਸਲੇ ਵਾਂਗ ਫਜ਼ੂਲ ਹੀ ਨਿਕਲੀ। ਇਹ ਨਕਲੀ ਚੈੱਕ ਸੀ। ਸੋ ਮਹਿੰਦਰਾ ਪ੍ਰਤਾਪ ਨਾਲ ਮੇਰੇ ਸਫਰ ਦਾ ਉਹ ਅੰਤ ਸੀ। ਬਾਕੀ ਦਾ ਗਰੁੱਪ ਦਸ ਬਾਰਾਂ ਦਿਨ ਅੱਗੇ ਤੁਰਿਆ ਪਰ ਫੇਰ ਉਹ ਵੀ ਰਾਜੇ ਨਾਲੋਂ ਟੁੱਟ ਗਏ ਕਿਉਂਕਿ ਮਤਭੇਦ ਤਾਂ ਸ਼ੁਰੂ ਤੋਂ ਹੀ ਚਲਦੇ ਆਏ ਸਨ। ਆਦਮੀਆਂ ਨੇ ਮਹਿਸੂਸ ਕੀਤਾ ਕਿ ਇਹ ਸਾਰਾ ਚੱਕਰ ਤਾਂ ਰਾਜੇ ਵਾਸਤੇ ਇੱਕ ਮਨਪਰਚਾਵੇ ਵਾਲੀ ਮੁਹਿੰਮ ਸੀ ਅਤੇ ਉਹ ਅਸਲ ਵਿੱਚ ਤਾਂ ਸਿਰਫ ਆਪਣੇ ਹੀ ਧਰਮ ਨੂੰ ਪਰਚਾਰਨ ਦੀ ਸੋਚ ਰਿਹਾ ਸੀ ਤੇ ਬਾਕੀਆਂ ਨੂੰ ਤਾਂ ਉਹਨੇ ਸਿਰਫ ਆਪਣੇ ਮਕਸਦ ਲਈ ਵਰਤਿਆ ਹੀ ਹੈ।

ਬਾਅਦ ਵਿੱਚ ਜਦੋਂ ਸਾਨੂੰ ਰਾਜਾ ਟੋਕੀਓ ਵਿੱਚ ਮਿਲਿਆ ਤਾਂ ਉਸਨੇ ਆਪ ਹੀ ਇੱਕ ਘਟਨਾ ਦੱਸੀ ਜਿਹੜੀ ਸੰਭਵ ਹੈ ਕਿ ਬਾਕੀਆਂ ਦਾ ਸਬਰ ਤੋੜਨ ਵਾਲੀ ਆਖਰੀ ਗੱਲ ਰਹੀ ਹੋਵੇ। ਜਿਹੜੇ ਪਹਾੜ ਦੇ ਭੀੜੇ ਜਿਹੇ ਰਾਹ ਥਾਣੀਂ ਉਹ ਲੰਘ ਰਹੇ ਸਨ, ਇੱਕ ਘੋੜਾ ਉਸ ਵਿੱਚ ਤਿਲਕਣ ਲੱਗ ਪਿਆ। ਗੰਡਾ ਸਿੰਘ ਨਾਂ ਦੇ ਵਿਅਕਤੀ ਨੇ ਮਦਦ ਵਾਸਤੇ ਆਵਾਜ਼ਾਂ ਮਾਰੀਆਂ। ਉਹ ਘੋੜੇ ਦੀ ਲਗਾਮ ਫੜ ਕੇ ਉਸਨੂੰ ਖੱਡ ਵਿੱਚ ਤਿਲਕਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਆਪ ਵੀ ਘੋੜੇ ਦੇ ਨਾਲ ਹੀ ਖੱਡ ਵਿੱਚ ਡਿੱਗਣ ਦੇ ਖਤਰੇ ਵਿੱਚ ਸੀ।

ਰਾਜੇ ਨੇ ਸੋਚਿਆ ਕਿ ਉਹ ਦ੍ਰਿਸ਼ ਉਸ ਦੀ ਕਿਤਾਬ ਵਾਸਤੇ ਤਸਵੀਰ ਖਿੱਚਣ ਦਾ ਸੁਨਹਿਰੀ ਮੌਕਾ ਸੀ। ਉਹ ਪਹਿਲਾਂ ਹੀ ਇਸ ਮੁਹਿੰਮ ਬਾਰੇ ਭਵਿੱਖ ਵਿਚ ਕਿਤਾਬਾਂ ਲਿਖਣ ਦੀਆਂ ਯੋਜਨਾਵਾਂ ਬਣਾਈ ਫਿਰਦਾ ਸੀ। ਗੰਡਾ ਸਿੰਘ ਦੀ ਮਦਦ ਕਰਨ ਦੀ ਥਾਂ ਉਹ ਆਪਣਾ ਕੈਮਰਾ ਲੈਣ ਚਲੇ ਗਿਆ। ਜਦ ਤੱਕ ਉਹ ਮੁੜ ਕੇ ਆਇਆ ਗੰਡਾ ਸਿੰਘ ਨੂੰ ਆਪਣੀ ਜਾਨ ਬਚਾਉਣ ਖਾਤਰ ਘੋੜੇ ਨੂੰ ਛੱਡਣਾ ਪਿਆ। ਘੋੜਾ ਖੱਡ ਵਿੱਚ ਜਾ ਡਿਗਿਆ।

ਜਦੋਂ ਮਹਿੰਦਰਾ ਪ੍ਰਤਾਪ ਆਪਣਾ ਕੈਮਰਾ ਲੈ ਕੇ ਮੁੜਿਆ ਤਾਂ ਗੰਡਾ ਸਿੰਘ ਨੇ ਹੂਰਿਆਂ ਨਾਲ ਉਹਦੇ ਤੇ ਹਮਲਾ ਕਰ ਦਿੱਤਾ। ਸਾਰਿਆਂ ਮੈਂਬਰਾਂ ਦੌਰਾਨ ਇੱਕ ਹਫੜਾ ਦਫੜੀ ਜਿਹੀ ਮਚ ਗਈ। ਜਥੇ ਦੇ ਦੂਜੇ ਮੈਂਬਰਾਂ ਨੇ ਵੀ ਰਾਜੇ ਦੇ ਦੋ ਦੋ ਚਾਰ ਚਾਰ ਲਾਈਆਂ। ਰਾਜਾ ਸਰੀਰ ਦਾ ਮਧਰਾ ਸੀ ਤੇ ਆਪਣੇ ਵਿਰੋਧੀਆਂ ਦਾ ਮੁਕਾਬਲਾ ਕਰਨ ਜੋਗਾ ਨਹੀਂ ਸੀ, ਪਰ ਉਹਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੀ ਚੁਸਤੀ ਦਾ ਸਹਾਰਾ ਲਿਆ: ਉਹਨੇ ਗੰਡਾ ਸਿੰਘ ਦੇ ਨੱਕ 'ਤੇ ਦੰਦੀ ਵੱਢੀ ਤੇ ਬੁਲੀ ਕੁੱਤੇ ਵਾਂਗ ਉਨਾਂ ਚਿਰ ਨਹੀਂ ਛੱਡਿਆ ਜਿੰਨਾ ਚਿਰ ਉਹ ਉਹਨੂੰ ਕੁੱਟਣੋਂ ਨਾ ਹਟੇ।

ਇਸ ਸਮੇਂ ਤੋਂ ਪਹਿਲਾਂ ਵੀ ਵਿਅਕਤੀਗੱਤ ਟੱਕਰਾਂ ਹੁੰਦੀਆਂ ਰਹੀਆਂ ਸਨ ਪਰ ਰਾਜੇ ਵਲੋਂ ਆਪਣੇ ਹੀ ਸਾਥੀ ਦੇ ਖਤਰੇ 'ਚ ਪਏ ਜੀਵਨ ਸੰਬੰਧੀ ਦਰਸਾਈ ਬੇਰੁਖੀ ਅਖੀਰੀ ਬੇਇਜ਼ਤੀ ਸੀ। ਉਹ ਰਾਜੇ ਨਾਲ ਇਸ ਕਰਕੇ ਰਲ਼ੇ ਸਨ ਕਿ ਉਹ ਹਿੰਦੋਸਤਾਨ ਦੀ ਆਜ਼ਾਦੀ ਵਾਸਤੇ ਕੰਮ ਕਰਨਾ ਚਾਹੁੰਦੇ ਸਨ ਪਰ ਹੁਣ ਉਨ੍ਹਾਂ ਨੂੰ ਇਹ ਗੱਲ ਸਾਫ ਹੋ ਚੁੱਕੀ ਸੀ ਉਸ ਦੀ ਸਾਰੀ ਯੋਜਨਾ ਹੀ ਇੱਕ ਧੋਖਾ ਸੀ। ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਨੇਪਾਲ ਨੂੰ ਕਿਸੇ ਤਰ੍ਹਾਂ ਵੀ ਸਮਾਨ ਨਹੀਂ ਸੀ ਭੇਜਿਆ ਜਾ ਸਕਦਾ ਕਿਉਂਕਿ ਤਿਬਤ ਵਾਲੇ ਆਪਣੇ ਇਲਾਕੇ ਵਿੱਚ ਦੀ ਜਥੇ ਨੂੰ ਲੰਘਣ ਦੀ ਕਦੇ ਵੀ ਇਜਾਜ਼ਤ ਨਾ ਦਿੰਦੇ। ਤਿਬਤ, ਜਾਂ ਇਸਦੇ ਕੁਝ ਖਾਸ ਖਾਸ ਸੂਬੇ ਬਰਤਾਨਵੀ ਕਬਜੇ ਵਿੱਚ ਸਨ। ਉਹ ਕਦੋਂ ਜਥੇ ਨੂੰ ਆਪਣੇ ਇਲਾਕੇ ਰਾਹੀਂ ਆਪਣੀ ਹੀ ਬਸਤੀ ਦੇ ਵਿਰੁੱਧ ਹਥਿਆਰ ਸਮੱਗਲ ਹੋ ਲੈਣ ਦੇਣ ਲੱਗੇ ਸਨ।

ਜਿੱਥੇ ਤੱਕ ਮੇਰਾ, ਬਿਸ਼ਨ ਸਿੰਘ ਤੇ ਚਰਨ ਸਿੰਘ ਦਾ ਸਵਾਲ ਸੀ, ਅਸੀਂ ਮੁੜ ਕੇ ਜਪਾਨ ਨੂੰ ਆ ਗਏ। ਇਸ ਵੇਰ ਸਾਡਾ ਸਫਰ ਕਾਫੀ ਸੁਖਾਲਾ ਰਿਹਾ ਕਿਉਂਕਿ ਜਿਹੜੇ ਸਾਡੇ ਕੋਲ ਥੋੜ੍ਹੇ ਜਿਹੇ ਪੈਸੇ ਸਨ ਉਨ੍ਹਾਂ ਨਾਲ ਅਸੀਂ ਯੈਲੋ ਦਰਿਆ 'ਤੇ ਉੱਨ ਢੋਹਣ ਵਾਲੇ ਇੱਕ ਬੇੜੇ 'ਤੇ ਚੜ੍ਹਨ ਵਿੱਚ ਕਾਮਯਾਬ ਹੋ ਗਏ ਸਾਂ। ਅਸੀਂ ਆਪਣੇ ਪਹਿਲੇ ਸਫਰ ਜਿੰਨਾ ਔਖੇ ਤਾਂ ਨਹੀਂ ਹੋਏ ਪਰ ਸਾਨੂੰ ਇਸਦਾ ਮੁੱਲ ਹੋਰ ਤਰ੍ਹਾਂ ਤਾਰਨਾ ਪਿਆ - ਸਾਡੇ ਜੂੰਆਂ ਪੈ ਗਈਆਂ।

ਟੋਕੀਓ ਸਾਨੂੰ ਇਸ ਗੱਲ ਦਾ ਇਲਮ ਹੋਇਆ ਕਿ ਜਿਹੜੀਆਂ ਚੈੱਕਾਂ ਰਾਜੇ ਨੇ ਸਾਨੂੰ ਦਿੱਤੀਆਂ ਸਨ ਉਹ ਕੈਸ਼ ਨਹੀਂ ਸਨ ਹੋ ਸਕਦੀਆਂ। ਉਹਨੇ ਆਪ ਵੀ ਸਾਨੂੰ ਹੋਰ ਪੈਸੇ ਨਾ ਦਿੱਤੇ ਅਤੇ ਬੋਸ ਨੂੰ ਵੀ ਇਤਲਾਹ ਦੇ ਦਿੱਤੀ ਕਿ ਉਹ ਸਾਡੀ ਕਿਸੇ ਤਰ੍ਹਾਂ ਵੀ ਮਦਦ ਨਾ ਕਰੇ।

ਮੈਂ ਇੱਕ ਪ੍ਰੌਫੈਸਰ ਦੀ ਭਾਲ ਕੀਤੀ ਜਿਸ ਨੂੰ ਮੈਂ ਪਹਿਲਾਂ ਟੋਕੀਓ ਵਿੱਚ ਮਿਲ ਚੁੱਕਾ ਸਾਂ। ਉਹ ਬਹੁਤ ਹੀ ਦਿਆਲੂ ਅਤੇ ਮਿਹਰਬਾਨ ਮੀਜ਼ਬਾਨ ਸਾਬਤ ਹੋਇਆ। ਉਹਨੇ ਸਾਨੂੰ ਤਿੰਨਾਂ ਨੂੰ ਰਹਿਣ ਵਾਸਤੇ ਸਹਾਰਾ ਦਿੱਤਾ ਅਤੇ ਮੇਰੇ ਵਾਸਤੇ ਉਹਨੇ ਆਪਣੇ ਬੱਚਿਆਂ ਅਤੇ ਯੂਨੀਵਰਸਿਟੀ ਦੇ ਦੋ ਤਿੰਨ ਹੋਰ ਵਿਦਿਆਰਥੀਆਂ ਨੂੰ ਅੰਗ੍ਰੇਜ਼ੀ ਪੜ੍ਹਾਉਣ ਦਾ ਇੰਤਜ਼ਾਮ ਕੀਤਾ। ਇਸ ਤਰੀਕੇ ਨਾਲ ਮੈਂ ਸਾਡੇ ਤਿੰਨਾਂ ਦੇ ਖਰਚ ਚੁੱਕਣ ਯੋਗ ਹੋਇਆ ਅਤੇ ਨਾਲ ਹੀ ਮੈਂ ਇਸ ਅਮਲ ਦੌਰਾਨ ਜਪਾਨੀ ਵੀ ਸਿੱਖ ਗਿਆ। ਗਦਰ ਪਾਰਟੀ ਵਲੋਂ ਆਪਣੇ ਅਗਲੇ ਕਦਮ ਚੁੱਕਣ ਦੇ ਆਦੇਸ਼ ਦੀ ਉਡੀਕ ਕਰਦਿਆਂ ਅਸੀਂ ਇਸ ਤਰ੍ਹਾਂ ਉਹ ਸਾਲ ਲੰਘਾਇਆ।

ਗਦਰ ਪਾਰਟੀ ਸਾਨੂੰ ਕਦੇ ਕਦੇ ਕੁਝ ਪੈਸੇ ਤਾਂ ਜ਼ਰੂਰ ਭੇਜਦੀ ਰਹੀ ਪਰ ਨਾ ਤਾਂ ਉਨ੍ਹਾਂ ਨਾਲ ਗੁਜ਼ਾਰਾ ਹੋ ਸਕਦਾ ਸੀ ਤੇ ਨਾ ਹੀ ਉਨ੍ਹਾਂ ਦੇ ਸਮੇਂ ਸਿਰ ਪਹੁੰਚਣ ਦਾ ਕੋਈ ਭਰੋਸਾ ਸੀ। ਥੋੜ੍ਹੇ ਚਿਰ ਬਾਅਦ ਬਿਸ਼ਨ ਸਿੰਘ ਅਤੇ ਚਰਨ ਸਿੰਘ ਦੋਵੇਂ ਜਣੇ ਚੀਨ ਨੂੰ ਚਲੇ ਗਏ ਤੇ ਮੈਂ ਸੁਣਿਆਂ ਸੀ ਕਿ ਉਹ ਹਿੰਦੋਸਤਾਨੀ ਇਨਕਲਾਬੀਆਂ ਨਾਲ ਰਲ਼ ਗਏ ਸਨ ਜਿਹੜੇ ਬਰਤਾਨਵੀ ਫੌਜ ਵਿਚਲੇ ਹਿੰਦੋਸਤਾਨੀ ਸਿਪਾਹੀਆਂ ਨੂੰ ਬਗਾਵਤ ਕਰਨ ਲਈ ਉਕਸਾਅ ਰਹੇ ਸਨ। ਮੇਰਾ ਖਿਆਲ ਹੈ ਉਨ੍ਹਾਂ ਵਿੱਚੋਂ ਇੱਕ ਜਣਾ ਫੇਰ ਪਨਾਮਾ ਨੂੰ ਚਲੇ ਗਿਆ ਸੀ।

ਜਪਾਨ ਵਿੱਚ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਾਰਾ ਕਰਦੇ ਰਹੇ। ਮੈਂ ਵਿਦਿਆਰਥੀਆਂ ਨੂੰ ਬੋਲਚਾਲ ਦੀ ਅੰਗ੍ਰੇਜ਼ੀ ਸਿਖਾਉਂਦਾ ਰਿਹਾ - ਇਸ ਕਰਕੇ ਨਹੀਂ ਕਿ ਮੈਂ ਕੋਈ ਵੱਡਾ ਵਿਆਕਰਨ ਦਾ ਮਾਹਰ ਸੀ - ਪਰ ਉਨ੍ਹਾਂ ਨੇ ਅੰਗ੍ਰੇਜ਼ੀ ਸਿੱਖੀ ਅਤੇ ਮੈਂ ਕਾਫੀ ਵਧੀਆ ਪੱਧਰ ਤੱਕ ਜਪਾਨੀ ਸਿੱਖ ਗਿਆ ਸਾਂ। ਉਸ ਵੇਲੇ ਜਾਪਦਾ ਹੈ ਕਿ ਪਾਰਟੀ ਨੇ ਜ਼ਰੂਰ ਬੋਸ ਨੂੰ ਮੇਰੀ ਮਦਦ ਕਰਨ ਵਾਸਤੇ ਕਿਹਾ ਹੋਵੇਗਾ ਕਿਉਂਕਿ ਉਹ ਮੈਨੂੰ ਕੁਝ ਮੀਟਿੰਗਾਂ ਵਿੱਚ ਲੈ ਜਾਣ ਲੱਗਾ ਜਿਹੜੀਆਂ 'ਚ ਉਹ ਆਪ ਜਾਂਦਾ ਹੁੰਦਾ ਸੀ। ਉਹ ਲੈਕਚਰਾਰ ਤੇ ਲਿਖਾਰੀ ਸੀ। ਉਹ ਆਪਣੇ ਆਰਟੀਕਲ ਮੈਗਜ਼ੀਨ ਨੂੰ ਭੇਜਦਾ ਹੁੰਦਾ ਸੀ - ਜਿਸਦਾ ਨਾਂ ਹੁਣ ਮੈਨੂੰ ਯਾਦ ਨਹੀਂ - ਇਹ ਮੈਗਜ਼ੀਨ ਸਾਰੇ ਅਮਰੀਕਾ ਵਿੱਚ ਪੜ੍ਹਿਆ ਜਾਂਦਾ ਸੀ, ਈਸਟਰਨ ਅਫੇਅਰਜ਼ ਬਾਰੇ ਕੁਝ ਹੁੰਦਾ ਸੀ।

ਸਵਾਲ: ਕੀ ਉਹ ਅੰਗ੍ਰੇਜ਼ੀ ਵਿੱਚ ਲੈਕਚਰ ਕਰਦਾ ਹੁੰਦਾ ਸੀ।

ਬਡ: ਨਹੀਂ, ਜਪਾਨੀ ਵਿੱਚ। ਉਹ ਬਹੁਤ ਸੋਹਣੀ ਜਪਾਨੀ ਬੋਲ ਲੈਂਦਾ ਸੀ। ਜਿੰਨੀ ਕੁ ਮੈਨੂੰ ਸਮਝ ਆਉਂਦੀ ਸੀ ਉਸ ਤੋਂ ਮੈਨੂੰ ਇਹੀ ਪਤਾ ਲੱਗਾ ਕਿ ਉਹਨੇ ਮੇਰੇ ਬਾਰੇ ਉਨ੍ਹਾਂ ਨੂੰ ਦੱਸਿਆ ਸੀ ਕਿ ਮੈਂ ਇੱਕ ਹਿੰਦੋਸਤਾਨੀ ਇਨਕਲਾਬੀ ਮੁੰਡਾ ਸਾਂ। ਮੈਂ ਬਹੁਤ ਸਾਰੇ ਦੋਸਤ ਬਣਾ ਲਏ ਕਿਉਂਕਿ ਮੈ ਲੋਕਾਂ ਨਾਲ ਜਪਾਨੀ ਵਿੱਚ ਗੱਲਾਂ ਕਰ ਸਕਦਾ ਸਾਂ ਅਤੇ ਉਨ੍ਹਾਂ ਨੂੰ ਮੇਰਾ ਉੱਥੇ ਹੋਣ ਦਾ ਕਾਰਨ ਚੰਗਾ ਲੱਗਦਾ ਸੀ।

ਮੈਂ ਜਪਾਨ ਵਿੱਚ ਉਡੀਕ ਕਰਦਾ ਰਿਹਾ ਫੇਰ ਗਦਰ ਪਾਰਟੀ ਨੇ ਮੈਨੂੰ ਕਿਹਾ ਕਿ ਮੈਂ ਦੋਂਹ ਵਿੱਚੋਂ ਇੱਕ ਗੱਲ ਕਰ ਸਕਦਾ ਸਾਂ: ਜਾਂ ਤਾਂ ਮੈਂ ਕੈਨਟਨ, ਚੀਨ ਦੀ ਮਿਲਟਰੀ ਅਕਾਦਮੀ ਵਿੱਚ ਜਾ ਕੇ ਪੜ੍ਹ ਸਕਦਾ ਸਾਂ ਤੇ ਜਾਂ ਤੁਰਕੀ ਦੀ ਮਿਲਟਰੀ ਅਕਾਦਮੀ ਵਿੱਚ। ਉਸ ਸਮੇਂ ਪਾਰਟੀ ਦਾ ਮੁੱਖ ਰੁਝਾਨ ਫੌਜ ਵੱਲ ਹੀ ਸੀ। ਜਾਣੀ ਕਿ "ਘਸੁੰਨ ਮਾਰੋ ਤੇ ਛਾਉਣੀ 'ਤੇ ਕਬਜਾ ਕਰੋ", ਇਸ ਕਿਸਮ ਦੀ ਸੋਚ ਸੀ ਉਸ ਵੇਲੇ। ਉਹ ਇਸ ਗੱਲ ਦੀ ਸੋਚ ਰੱਖਦੇ ਸਨ ਕਿ ਫੌਜਾਂ ਮਾਰਚ ਕਰਦੀਆਂ ਜਾਣਗੀਆਂ - ਤਿਆਰੀ ਦੀ ਵੀ ਲੋੜ ਨਹੀਂ - ਪਰ ਮੈਨੂੰ ਇਸ ਗੱਲ ਦਾ ਪੱਕਾ ਪਤਾ ਨਹੀਂ, ਹੋ ਸਕਦਾ ਹੈ ਕਿ ਉਨ੍ਹਾਂ ਨੇ ਕੁਝ ਤਿਆਰੀਆਂ ਕੀਤੀਆਂ ਹੋਣ। ਖੈਰ, ਕੈਨਟਨ ਵਾਲੀ ਅਕਾਦਮੀ ਚਿਆਂਗ ਕਾਇ ਸ਼ੇਕ ਅਤੇ ਕੌਮਨਿਸਟ ਪਾਰਟੀ ਦੇ ਮਿਲਵੇ ਪ੍ਰਬੰਧ ਅਧੀਨ ਸੀ। ਪਿਛੋਂ ਜਾ ਕੇ ਉਹ ਉਨ੍ਹਾਂ ਦੇ ਖਿਲਾਫ ਹੋ ਗਿਆ ਸੀ ਪਰ ਇਸ ਵੇਲੇ ਉਹ ਇਕੱਠੇ ਸਨ। ਤੁਰਕੀ ਦੀ ਗੱਲ ਤਾਂ ਤੇਜਾ ਸਿੰਘ ਆਜ਼ਾਦ ਦੀ ਮਿਹਰਬਾਨੀ ਨਾਲ ਬਣੀ। ਉਹ ਉੱਥੇ ਪੜ੍ਹ ਚੁੱਕਾ ਸੀ ਤੇ ਉਹ ਇਸ ਦੀ ਹੀ ਤਰਫਦਾਰੀ ਕਰ ਰਿਹਾ ਸੀ।

ਪਰ ਕੁਝ ਕਾਰਨਾਂ ਕਰਕੇ ਜਿਹੜੇ ਹੁਣ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਮੈਂ ਤੁਰਕੀ ਨੂੰ ਹੀ ਜਾਣ ਦਾ ਫੈਸਲਾ ਕੀਤਾ। ਮੇਰੀ ਸ਼ਨਾਖਤ ਸਥਾਪਤ ਕਰਨ ਵਾਸਤੇ ਜਰਮਨ ਕੰਸੁਲੇਟ ਕੋਲੋਂ ਕਿਸੇ ਕਿਸਮ ਦੇ ਕਾਗਜ਼ ਪ੍ਰਾਪਤ ਕੀਤੇ ਗਏ। ਬੋਸ ਨੇ ਆਪਣੀ ਜਾਣ ਪਛਾਣ ਦੇ ਆਧਾਰ 'ਤੇ ਮੇਰੇ ਲਈ ਕੁਝ ਹਾਸਲ ਕੀਤਾ, ਸ਼ਾਇਦ ਖੱਤ ਦੇ ਰੂਪ ਵਿੱਚ। ਪਾਸਪੋਰਟ ਜਾਂ ਵੀਜ਼ਾ ਨਹੀਂ ਸੀ। ਉਸ ਖੱਤ ਉੱਪਰ ਲਿਖਿਆ ਹੋਇਆ ਸੀ ਕਿ ਮੈਂ ਉੱਥੇ ਸਫਰ ਕਰ ਸਕਦਾ ਸਾਂ।

ਪਹਿਲਾਂ ਮੈਂ ਵਲਾਦੀਵੋਸਤੋਕ ਨੂੰ ਜਾਣਾ ਸੀ ਤੇ ਫੇਰ ਉਥੋਂ ਮਾਸਕੋ ਜਿੱਥੇ ਤੁਰਕੀ ਦੀ ਐਂਬੈਸੀ ਸੀ। ਜਦੋਂ ਮੈਂ ਆਪਣਾ ਸਫਰ ਸ਼ੁਰੂ ਕਰਨ ਵਾਸਤੇ ਰੇਲਵੇ ਸਟੇਸ਼ਨ ਨੂੰ ਗਿਆ ਤਾਂ ਦੇਖਿਆ ਕਿ ਉਥੇ ਲੋਕਾਂ ਦਾ ਕਾਫੀ ਵੱਡਾ ਇਕੱਠ ਸੀ। ਮੈਂ ਹੈਰਾਨ ਹੋ ਰਿਹਾ ਸੀ ਕਿ ਇਹ ਇਕੱਠ ਕਿਹਦੇ ਲਈ ਹੋਇਆ। ਤੇ ਫੇਰ ਪਤਾ ਲੱਗਾ ਕਿ ਇਹ ਤਾਂ ਮੇਰੇ ਵਾਸਤੇ ਸੀ। ਲੱਗਦਾ ਸੀ ਕਿ ਹਜ਼ਾਰ ਦੀ ਗਿਣਤੀ ਵਿੱਚ ਲੋਕ ਮੈਨੂੰ ਵਿਦਾ ਕਹਿਣ ਆਏ ਸਨ। ਮੈਂ ਉੱਥੇ ਸੱਚਮੁੱਚ ਹੀ ਏਨੇ ਜ਼ਿਆਦਾ ਦੋਸਤ ਬਣਾ ਲਏ ਹੋਣਗੇ...

ਪਹਿਲਾਂ ਮੈਂ ਵਲਾਦੀਵੋਸਤੋਕ ਨੂੰ ਗਿਆ ਫੇਰ ਟਰਾਂਸ-ਸਾਏਬੇਰੀਅਨ ਗੱਡੀ ਲੈ ਕੇ ਮਾਸਕੋ ਗਿਆ। ਉਹ ਤੇਰ੍ਹਾਂ ਦਿਨਾਂ ਦਾ ਸਫਰ ਸੀ। ਮਾਸਕੋ ਪਹੁੰਚ ਕੇ ਮੈਂ ਤੁਰਕੀ ਐਂਬੈਸੀ ਦਾ ਰਾਹ ਪੁੱਛਿਆ। ਮੇਰੇ ਨਾਲ ਗੱਡੀ 'ਤੇ ਆਇਆ ਇਕ ਆਦਮੀ ਸੀ ਜੋ ਅੰਗ੍ਰੇਜ਼ੀ ਬੋਲ ਸਕਦਾ ਸੀ ਤੇ ਉਹਦੇ ਕੋਲ ਕਾਰ ਵੀ ਸੀ। ਉਹਨੇ ਮੈਨੂੰ ਉੱਥੇ ਲੈ ਜਾਣ ਦੀ ਪੇਸ਼ਕਸ਼ ਕੀਤੀ।

ਜਦੋਂ ਮੈਂ ਐਂਬੈਸੀ (ਪਤਾ ਨਹੀਂ ਇਹ ਕਾਂਸੂਲੇਟ ਸੀ) ਪਹੁੰਚਿਆ ਤਾਂ ਉਹ ਮੈਨੂੰ ਅੰਦਰ ਨਾ ਲੰਘਣ ਦੇਣ। ਤੁਰਕੀ ਵਿਚਲੀ ਸਿਆਸੀ ਸਥਿਤੀ ਬਦਲ ਚੁੱਕੀ ਸੀ। ਨਾਲ ਹੀ, ਉਹਨਾਂ ਨੇ ਇਹ ਸੋਚਿਆ ਕਿ ਮੈਂ ਕਿਉਂਕਿ ਮਾਸਕੋ ਵਿੱਚ ਸਾਂ ਇਸ ਕਰਕੇ ਕਮਿਊਨਿਸਟ ਸਾਂ। ਉਹ ਕਹਿਣ ਲੱਗੇ ਕਿ ਅਸੀਂ ਇਸ ਗੰਦੇ ਕਮਿਊਨਿਸਟ ਨੂੰ ਆਪਣੇ ਮੁਲਕ 'ਚ ਨਹੀਂ ਵੜਨ ਦੇਣਾ ਚਾਹੁੰਦੇ। ਮੈਨੂੰ ਤਾਂ ਏਨਾ ਵੀ ਪਤਾ ਨਹੀਂ ਸੀ ਕਿ ਕਮਿਊਨਿਜ਼ਮ ਕੀ ਹੁੰਦਾ ਹੈ। ਪਰ ਇੱਕ ਗੱਲ ਸਾਫ ਸੀ ਕਿ ਉਹ ਮੈਨੂੰ ਤੁਰਕੀ ਵਿੱਚ ਨਹੀਂ ਸੀ ਜਾਣ ਦੇਣਾ ਚਾਹੁੰਦੇ।

ਸੋ ਮੇਰੀ ਹਾਲਤ ਇਹ ਸੀ ਕਿ ਮੇਰੇ ਕੋਲ ਥੋੜ੍ਹੇ ਜਿਹੇ ਪੈਸੇ, ਰੂਸ ਬਾਰੇ ਜਾਂ ਰੂਸੀ ਬੋਲੀ ਬਾਰੇ ਕੋਈ ਜਾਣਕਾਰੀ ਨਹੀਂ ਤੇ ਨਾ ਹੀ ਜਾਣ ਵਾਸਤੇ ਕੋਈ ਥਾਂ। ਫੇਰ ਪਤਾ ਨਹੀਂ ਕਿਥੋਂ ਇੱਕ ਆਦਮੀ ਮੇਰੇ ਕੋਲ ਆਇਆ। ਸੰਭਵ ਹੈ ਕਿ ਉਹ ਰੂਸੀ ਖੁਫੀਆ ਪੁਲੀਸ ਦਾ ਬੰਦਾ ਹੋਵੇ।

"ਤੂੰ ਤੁਰਕੀ ਨੂੰ ਕਿਉਂ ਜਾਣਾ ਚਾਹੁੰਦਾ ਏਂ?" ਉਹਨੇ ਮੈਨੂੰ ਅੰਗ੍ਰੇਜ਼ੀ ਵਿੱਚ ਪੁੱਛਿਆ।

ਮੈਂ ਉਹਨੂੰ ਦੱਸਿਆ ਕਿ ਮੈਂ ਇੱਕ ਇਨਕਲਾਬੀ ਹਾਂ, ਭਾਰਤੀ ਇਨਕਲਾਬੀ ਅਤੇ ਮੈਂ ਗਦਰ ਪਾਰਟੀ ਦਾ ਮੈਂਬਰ ਹਾਂ ਤੇ ਮੈਂ ਤੁਰਕੀ ਦੀ ਇੱਕ ਮਿਲਟਰੀ ਅਕਾਦਮੀ ਵਿੱਚ ਪੜ੍ਹਾਈ ਕਰਨ ਲਈ ਜਾਣਾ ਚਾਹੁੰਦਾ ਹਾਂ। ।

ਉਹ ਆਦਮੀ ਕਹਿਣ ਲੱਗਾ, "ਤੂੰ ਕੇ। ਯੂ। ਟੀ। ਵੀ। ਕਿਉਂ ਨਹੀਂ ਚਲੇ ਜਾਂਦਾ?" ਉਹਨੇ ਦੱਸਿਆ ਕਿ ਇਹ ਇੱਕ ਯੂਨੀਵਰਸਿਟੀ ਸੀ, ਪੂਰਬ ਦੀ ਯੂਨੀਵਰਸਿਟੀ, ਜਿੱਥੇ ਏਸ਼ੀਆ ਵਿੱਚੋਂ ਲੋਕ ਪੜ੍ਹਨ ਵਾਸਤੇ ਆਉਂਦੇ ਸਨ। ਉਹਨੇ ਕਿਹਾ ਕਿ ਉੱਥੇ ਕੁਝ ਭਾਰਤੀ ਲੋਕ ਪੜ੍ਹਾਈ ਕਰ ਰਹੇ ਸਨ।

ਮੈਂ ਉਹਨੂੰ ਦੱਸਿਆ ਕਿ ਮੇਰੇ ਕੋਲ ਤਾਂ ਕੋਈ ਪੈਸੇ ਵੀ ਨਹੀਂ। ਉਹ ਕਹਿਣ ਲੱਗਾ, "ਉੱਥੇ ਪੜ੍ਹਾਈ ਮੁਫਤ ਹੁੰਦੀ ਹੈ"।

ਮੇਰੇ ਕੋਲ ਨਾ ਕੋਈ ਪੈਸੇ ਸਨ, ਕੋਈ ਥਾਂ ਨਹੀਂ ਸੀ, ਮੇਰਾ ਕੀ ਗੁਆਚਣ ਲੱਗਾ ਸੀ, ਮੈਂ ਕੇ ਯੂ ਟੀ ਵੀ, ਪੂਰਬ ਦੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ।

ਇਹ ਗੱਲ 1925 ਦੀ ਹੈ। ਮਾਸਕੋ ਵਿਚਲੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਬਾਰੇ ਬਡ ਦੱਸਦਾ ਹੈ। ਉਸ ਵੇਲੇ ਉਹ 13 ਸਾਲਾਂ ਦਾ ਸੀ ਤੇ ਯੂਨੀਵਰਸਿਟੀ ਵਿੱਚ ਦਾਖਲ ਹੋ ਗਿਆ।

ਬਡ: ਹੁਣ ਮੈਨੂੰ ਬਹੁਤੀਆਂ ਗੱਲਾਂ ਦਾ ਤਾਂ ਚੇਤਾ ਨਹੀਂ, ਪਰ ਏਨਾ ਜ਼ਰੂਰ ਯਾਦ ਹੈ ਕਿ ਮੈਨੂੰ ਰਹਿਣ ਲਈ ਕਮਰਾ, ਖਾਣ ਲਈ ਖਾਣਾ ਅਤੇ ਨਾਲ ਹੀ ਕੁਝ ਜੇਬ ਖਰਚਾ ਵੀ ਮਿਲਦਾ ਸੀ। ਪਹਿਨਣ ਵਾਸਤੇ ਨਿੱਘੇ ਕੱਪੜੇ ਵੀ ਮਿਲਦੇ ਸਨ। ਮੈਨੂੰ ਆਪਣੇ ਪਹਿਲੇ ਰੂਸੀ ਬੂਟਾਂ ਦੇ ਜੋੜੇ ਬਾਰੇ ਹੋਈ ਖੁਸ਼ੀ ਦਾ ਅਜੇ ਵੀ ਚੇਤਾ ਹੈ। ਉਹ ਬਹੁਤ ਹੀ ਨਰਮ ਚਮੜੇ ਦੇ ਬਣੇ ਹੋਏ ਸਨ। ਨਰਮ ਨਿੱਘੇ ਅਤੇ ਬਹੁਤ ਹੀ ਸੋਹਣੇ ਚਮੜੇ ਦੇ।

ਉੱਥੇ ਮੈਂ ਗਦਰ ਪਾਰਟੀ ਦੇ ਕੁਝ ਹੋਰ ਭਾਰਤੀਆਂ ਨੂੰ ਮਿਲਿਆ। ਅਸਲ ਵਿੱਚ ਪਿੱਛੋਂ ਕਈ ਹੋਰ ਵੀ ਆਏ ਸਨ। ਉਸ ਵੇਲੇ ਏਥੋਂ (ਅਮਰੀਕਾ ਵਿੱਚੋਂ) ਕਿੰਨਿਆਂ ਜਣਿਆਂ ਨੂੰ ਸੋਵੀਅਤ ਯੂਨੀਅਨ ਵਿੱਚ ਪੜ੍ਹਾਈ ਵਾਸਤੇ ਭੇਜਿਆ ਗਿਆ ਸੀ। ਉਸ ਵੇਲੇ ਉੱਥੇ ਪ੍ਰੀਤਮ ਸਿੰਘ ਅਤੇ ਹਰਜਾਪ ਸਿੰਘ ਸਨ। ਪ੍ਰੀਤਮ ਸਿੰਘ ਪਹਿਲਾਂ ਚੀਨ ਵਿੱਚ ਅੰਗ੍ਰੇਜ਼ੀ ਪੜ੍ਹਾਉਂਦਾ ਸੀ ਅਤੇ ਫੇਰ ਅਮਰੀਕਾ ਆ ਗਿਆ ਸੀ ਤੇ ਅਮਰੀਕਾ ਤੋਂ ਸੋਵੀਅਤ ਯੂਨੀਅਨ ਨੂੰ ਚਲੇ ਗਿਆ ਸੀ। ਹਰਜਾਪ ਸਿੰਘ ਸਿਰਫ ਪੰਜਾਬੀ ਹੀ ਜਾਣਦਾ ਸੀ।

ਸਵਾਲ: ਤੁਹਾਡੇ ਰਹਿਣ ਦਾ ਕੀ ਇੰਤਜ਼ਾਮ ਸੀ? ਕੀ ਤੇਰੇ ਕੱਲੇ ਕੋਲ ਕਮਰਾ ਹੁੰਦਾ ਸੀ?

ਬਡ: ਪਹਿਲੇ ਸਾਲ ਨਹੀਂ। ਸਿਰਫ ਸਿਆਣੇ (ਸੀਨੀਅਰ) ਵਿਦਿਆਰਥੀਆਂ ਨੂੰ ਕਮਰਾ ਮਿਲਦਾ ਸੀ। ਸੀਨੀਅਰਾਂ ਨੂੰ ਵੀ ਦੋ ਦੋ ਜਣਿਆਂ ਨੂੰ ਕਮਰਾ ਮਿਲਦਾ ਸੀ। ਪਰ ਮੈਨੂੰ ਚੇਤਾ ਹੈ ਕਿ ਮੇਰੇ ਅਖੀਰਲੇ ਸਾਲ ਦੌਰਾਨ ਮੈਨੂੰ ਕੱਲੇ ਨੂੰ ਕਮਰਾ ਮਿਲ ਗਿਆ ਸੀ।

ਪਹਿਲੇ ਸਾਲ, ਇੱਕ ਬਹੁਤ ਵੱਡਾ ਹਾਲ ਹੁੰਦਾ ਸੀ ਜਿਸ ਵਿੱਚ ਅਸੀਂ ਕੋਈ ਸੱਠ ਕੁ ਜਣੇ ਹੁੰਦੇ ਸਾਂ। ਫੇਰ ਮੈਂ ਇੱਕ ਛੋਟੇ ਥਾਂ ਵਿੱਚ ਚਲਾ ਗਿਆ ਸਾਂ ਜਿੱਥੇ ਸ਼ਾਇਦ ਦਸ ਜਾਂ ਪੰਦਰਾਂ ਜਣੇ ਹੁੰਦੇ ਸੀ।

ਇਹ ਕਾਫੀ ਪੁਰਾਣੀ ਜਗ੍ਹਾ ਸੀ ਪਰ ਬਹੁਤ ਸੋਹਣੀ ਸੀ। ਫਰਸ਼ ਪਾਰਕਿਟ ਦੀ ਸੀ, ਤੁਹਾਨੂੰ ਪਤਾ ਨਾ ਉਹ ਬਹੁਤ ਹੀ ਸੋਹਣੀ ਸਜਾਵਟੀ ਲੱਕੜੀ ਹੁੰਦੀ ਹੈ। ਵਿਆਹੇ ਜੋੜਿਆਂ ਨੂੰ ਉਨ੍ਹਾਂ ਦੇ ਆਪਣੇ ਕਮਰੇ ਮਿਲ ਜਾਂਦੇ ਸਨ।

ਪੜ੍ਹਨ ਦੀਆਂ ਹਾਲਤਾਂ ਤਾਂ ਉਹਦੇ ਨਾਲੋਂ ਵਧੀਆ ਹੋ ਹੀ ਨਹੀਂ ਸੀ ਸਕਦੀਆਂ। ਰੋਜ਼ ਤਿੰਨ ਵਾਰੀ ਖਾਣਾ ਮਿਲਣਾ। ਤੁਹਾਨੂੰ ਉਦਾਹਰਣ ਲਈ ਦੱਸਾਂ: ਨਾਸ਼ਤੇ (ਬਰੇਕਫਾਸਟ) ਸਮੇਂ ਇੱਕ ਚੋਣ ਕੈਵੀਆਰ ਦੀ ਹੁੰਦੀ ਸੀ। ਮੈਂ ਉਦੋਂ ਕੈਵੀਆਰ ਪਸੰਦ ਨਹੀਂ ਸੀ ਕਰਦਾ ਪਰ ਰੂਸੀਆਂ ਵਾਸਤੇ ਤਾਂ ਇਹ ਬਹੁਤ ਵੱਡੀ ਨਿਆਮਤ ਹੁੰਦੀ ਸੀ। ਸਾਨੂੰ ਯੋਗਰਟ (ਦਹੀਂ) ਮਿਲਦੀ, ਉਬਲਿਆ ਹੋਇਆ ਆਂਡਾ, ਗਰਮ ਬਰੈੱਡ ਤੇ ਚਾਹ ਮਿਲਦੀ। ਉਸ ਸਮੇਂ ਆਰਥਿਕ ਹਾਲਤ ਕਾਫੀ ਮੰਦੀ ਸੀ ਪਰ ਸਾਨੂੰ ਤਾਂ ਰਾਜਿਆਂ ਵਾਂਗ ਰੱਖਿਆ ਜਾਂਦਾ ਸੀ। ਅਸੀਂ ਹਾਲ ਵਿੱਚੋਂ ਇੱਕ ਟ੍ਰੇਅ ਵਿੱਚ ਆਪਣੇ ਲਈ ਖਾਣਾ ਲਿਆਉਂਦੇ। ਪਰ ਕਈ ਵਾਰੀ ਸਾਨੂੰ ਖਾਣਾ ਲਿਆ ਕੇ ਵੀ ਦਿੱਤਾ ਜਾਂਦਾ। ਸਿਗਾ ਸਾਰਾ ਹੀ ਖਾਣਾ ਰੂਸੀ। ਕੇਂਦਰੀ ਏਸ਼ੀਆ ਦੇ ਕਈ ਵਿਦਿਆਰਥੀਆਂ ਨੇ ਸ਼ਿਕਾਇਤ ਕੀਤੀ। ਉਨ੍ਹਾਂ ਨੂੰ ਆਪਣਾ ਖਾਣਾ ਆਪ ਬਣਾਉਣ ਵਾਸਤੇ ਲੋੜੀਂਦਾ ਸਮਾਨ ਦੇ ਦਿੱਤਾ ਗਿਆ। ਉੱਥੇ ਮੈਂ ਚੌਲਾਂ ਤੇ ਮੀਟ ਦਾ ਸ਼ੌਕੀਨ ਹੋ ਗਿਆ। ਜਦੋਂ ਇਨ੍ਹਾਂ ਨੂੰ ਇਕੱਠਿਆ ਪਕਾਇਆ ਗਿਆ ਹੋਵੇ ਤਾਂ ਇਨ੍ਹਾਂ ਦੀ ਰੀਸ ਨਹੀਂ। ਇਹ ਉਨ੍ਹਾਂ ਦਾ ਵਿਸ਼ੇਸ਼ ਭੋਜਨ ਸੀ।

ਅਮਰੀਕਨ ਤਾਂ ਹਰ ਵੇਲੇ ਸ਼ਿਕਾਇਤਾਂ ਹੀ ਲਾਉਂਦੇ ਰਹਿੰਦੇ ਸਨ।

ਸਵਾਲ: ਸੱਚੀਂ? ਸਾਡੇ...

ਬਡ: ਨਹੀਂ, ਆਪਣੇ ਭਾਰਤੀ ਨਹੀਂ। ਜਿਹੜੇ ਅਮਰੀਕਨ ਲੋਕ ਅਮਰੀਕਾ 'ਚੋਂ ਗਏ ਹੋਏ ਸਨ।

ਸਵਾਲ: ਅੱਛਾ ਉੱਥੇ ਅਮਰੀਕਾ 'ਚੋਂ ਅਮਰੀਕਨ ਵੀ ਪੜ੍ਹਨ ਗਏ ਹੋਏ ਸਨ?

ਬਡ: ਹਾਂ, ਬਿਲ ਹੇਵਰਡ ਹੁੰਦਾ ਸੀ, ਜਿਹਨੂੰ "ਕਾਲ਼ਾ ਬਾਲਸ਼ਵਿਕ" ਕਿਹਾ ਜਾਂਦਾ ਸੀ। ਉਸ ਦੇ ਜੀਵਨ ਬਾਰੇ ਇੱਕ ਕਿਤਾਬ ਵੀ ਲਿਖੀ ਗਈ ਹੈ। ਉਹ ਉੱਥੇ ਆਪਣੇ ਭਰਾ ਨਾਲ ਗਿਆ ਹੋਇਆ ਸੀ।

ਸਵਾਲ: ਉਹ ਕਾਹਦੇ ਬਾਰੇ ਸ਼ਿਕਾਇਤਾਂ ਲਾਉਂਦੇ ਸੀ?

ਬਡ: ਇਹੀ ਪਈ ਖਾਣਾ ਉਨ੍ਹਾਂ ਦੀਆਂ ਆਸਾਂ ਮੁਤਾਬਕ ਨਹੀਂ ਸੀ - ਅਮਰੀਕਨ ਤਾਂ ਹਮੇਸ਼ਾਂ ਹੀ ਸ਼ਿਕਾਇਤਾਂ ਲਾਉਂਦੇ ਰਹਿੰਦੇ ਹਨ। ਇਹ ਤਾਂ ਇਟੈਲੀਅਨਾਂ ਵਾਂਗ ਕਰਦੇ ਹਨ: ਜਨੋਆ ਵਿੱਚ, ਜਦੋਂ ਜਨੋਵੀ ਜਹਾਜ਼ 'ਤੇ ਨੌਕਰੀ ਲੈਣ ਲੱਗਦੇ ਹਨ ਤਾਂ ਪਹਿਲਾਂ ਹੀ ਇਹ ਲਿਖਵਾ ਲੈਂਦੇ ਹਨ ਕਿ "ਸਾਨੂੰ ਸ਼ਿਕਾਇਤ ਲਾਉਣ ਦਾ ਅਧਿਕਾਰ ਹੈ"। ਇਹ ਖਬਰੇ ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਹੈ - ਮੋਡਸ ਅਪਰੰਡੀ - ਜਾਂ ਕੁਝ ਹੋਰ, ਪਤਾ ਨਹੀਂ। ਪਰ ਇਹ ਹੱਕ ਸੀ ਬੜਾ ਵਧੀਆ, ਕਿਉਂਕਿ ਉਨ੍ਹਾਂ ਨੂੰ ਸ਼ਿਕਾਇਤ ਕਰਨ 'ਤੇ ਵਿਦਰੋਹੀ ਕਹਿ ਕੇ ਜੇਲ ਵਿੱਚ ਸੁੱਟਿਆ ਜਾ ਸਕਦਾ ਸੀ। ਪਰ ਜੇ ਉਨ੍ਹਾਂ ਨੇ ਪਹਿਲਾਂ ਹੀ ਲਿਖਵਾਇਆ ਹੋਇਆ ਹੋਵੇ ਤਾਂ ਉਹ ਸ਼ਿਕਾਇਤ ਲਾ ਸਕਦੇ ਸਨ, ਸੋ...।

ਮੈਂ ਤਾਂ ਜਿਸ ਕਿਸਮ ਦਾ ਵੀ ਖਾਣਾ ਦਿੱਤਾ ਜਾਂਦਾ ਸੀ ਉਹਦਾ ਆਨੰਦ ਲੈਣ ਦੀ ਆਦਤ ਪਾ ਲਈ। ਮੈਨੂੰ ਚੇਤਾ ਹੈ ਕਿ ਜਦੋਂ ਮੈਂ ਘਰੋਂ ਗਿਆ ਸੀ ਤਾਂ ਮੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ਹਰ ਰੋਜ਼ ਅਰਦਾਸ ਕਰਿਆ ਕਰੀਂ ਅਤੇ ਮੇਰੇ ਚਾਚੇ (ਪਿਤਾ - ਬਡ ਆਪਣੇ ਪਿਤਾ ਨੂੰ ਚਾਚਾ ਕਹਿ ਕੇ ਬੁਲਾਉਂਦਾ ਹੁੰਦਾ ਸੀ) ਨੇ ਕਿਹਾ ਸੀ, "ਖਿਆਲ ਰੱਖੀਂ ਕਿ ਤੇਰਾ ਢਿੱਡ ਭਰਿਆ ਹੋਇਆ ਹੋਵੇ"। ਮੈਂ ਤਾਂ ਕੈਵੀਆਰ ਨੂੰ ਪਸੰਦ ਕਰਨ ਦੀ ਵੀ ਆਦਤ ਪਾ ਲਈ ਸੀ। ਜਿਸ ਕਿਸਮ ਦਾ ਵੀ ਖਾਣਾ ਹੋਵੇ ਉਹ ਹੀ ਖੁਸ਼ੀ ਨਾਲ ਖਾ ਲੈਣਾ।

ਸਵਾਲ: ਉੱਥੇ ਤੇਰੀ ਪੜ੍ਹਾਈ ਕਿਸ ਕਿਸਮ ਦੀ ਸੀ? ਤੁਹਾਨੂੰ ਕਿਹੜੇ ਕਿਹੜੇ ਵਿਸ਼ੇ ਪੜ੍ਹਾਏ ਜਾਂਦੇ ਸਨ?

ਬਡ: ਵਿਸ਼ੇ ਸਨ ਸਿਆਸੀ ਆਰਥਿਕਤਾ (ਪੁਲੀਟੀਕਲ ਇਕਾਨਮੀ), ਟਰੇਡ ਯੂਨੀਅਨਇਜ਼ਮ, ਡਾਇਲੈਕਟੀਕਲ ਮਟੀਰੀਅਲਇਜ਼ਮ, ਕਿਸਾਨੀ ਮਸਲੇ, ਆਰਥਿਕ ਭੁਗੋਲ (ਇਕਨਾਮਿਕ ਜਾਗਰਫੀ)। ਸਾਨੂੰ ਜ਼ਬਾਨ ਵੀ ਸਿੱਖਣੀ ਪੈਂਦੀ ਸੀ। ਸ਼ੁਰੂ ਵਿੱਚ ਕੁਝ ਲੋਕ ਸਾਡੇ ਲਈ ਤਰਜ਼ਮਾ ਕਰ ਦਿੰਦੇ ਸਨ ਪਰ ਸਾਨੂੰ ਬੜੀ ਤੇਜ਼ੀ ਨਾਲ ਰੂਸੀ ਬੋਲੀ ਸਿਖਾਲੀ ਗਈ।

ਛੇ ਮਹੀਨੇ ਵਾਸਤੇ ਅਸੀਂ ਪੜ੍ਹਾਈ ਕੀਤੀ ਅਤੇ ਛੇਆਂ ਮਹੀਨਿਆਂ ਬਾਅਦ ਅਸੀਂ ਮਿਲਟਰੀ ਦੀ ਸਿਖਲਾਈ ਵਾਸਤੇ ਗਏ। ਇਹ ਇੱਕ ਗਰਮੀਆਂ ਵਿੱਚ ਲੱਗਣ ਵਾਲਾ ਕੈਂਪ ਸੀ। ਅਸੀਂ ਸਾਰੇ ਗਰਮੀਆਂ ਵਿੱਚ ਯੂਨੀਵਰਸਿਟੀ ਤੋਂ ਬਾਹਰ ਚਲੇ ਗਏ ਸਾਂ। ਇਹ ਥਾਂ ਯੂਨੀਵਰਸਿਟੀ ਤੋਂ ਕੋਈ ਪੰਜਾਹ ਕੁ ਮੀਲ ਦੂਰ ਸੀ।

ਸਾਨੂੰ ਰਜਮਿੰਟਾਂ ਅਤੇ ਸਕੁਆਡਾਂ ਵਿੱਚ ਜਥੇਬੰਦ ਕੀਤਾ ਗਿਆ ਸੀ। ਅਸੀਂ ਕੈਂਪਾਂ ਵਿੱਚ ਸੌਂਦੇ ਸਾਂ ਅਤੇ ਖਾਹੀਆਂ ਖੋਦਦੇ, ਅਤੇ ਗੋਲ਼ੀ ਚਲਾਉਣ ਦੀ ਸਿੱਖਿਆ ਲੈਂਦੇ। ਸਾਨੂੰ ਮਿਲਟਰੀ ਦੀ ਮੁਢਲੀ ਸਿਖਲਾਈ ਦਿੱਤੀ ਜਾਂਦੀ ਸੀ।

ਗਰਮੀਆਂ ਦੇ ਅੰਤ 'ਤੇ, ਪੱਤਝੜ ਵਿੱਚ, ਮੈਨੂੰ ਹੁਣ ਵੀ ਇਹ ਗੱਲ ਦੱਸਣ ਵਿੱਚ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਰੂਸੀ ਬੋਲੀ ਵਿੱਚ ਆਪਣੀ ਪੜ੍ਹਾਈ ਕਰਨ ਲੱਗ ਪਿਆ ਸਾਂ।

ਇਸ ਤਰ੍ਹਾਂ ਮੈਂ ਦੂਜਿਆਂ ਨਾਲੋਂ ਨਿਖੜ ਗਿਆ ਸਾਂ। ਕੇ ਯੂ ਟੀ ਵੀ ਦੇ ਪਹਿਲੇ ਛੇਆਂ ਮਹੀਨਿਆਂ ਵਿੱਚ ਸਾਡੇ ਨਾਲ ਇੱਕ ਦੋਭਾਸ਼ੀਆ ਹੁੰਦਾ ਸੀ ਜਿਹੜਾ ਸਾਡੇ ਨਾਲ ਜਮਾਤਾਂ ਵਿੱਚ ਜਾਂਦਾ ਹੁੰਦਾ ਸੀ। ਮੈਨੂੰ ਜਪਾਨੀ ਵਿਦਿਆਰਥੀਆਂ ਦੇ ਗਰੁੱਪ ਵਿੱਚ ਰੱਖਿਆ ਗਿਆ ਸੀ ਕਿਉਂਕਿ ਮੈਂ ਜਾਪਾਨੀ ਬੜੀ ਵਧੀਆ ਬੋਲ ਲੈਂਦਾ ਸਾਂ। ਪਰ ਫੇਰ ਮੇਰੀ ਜਪਾਨੀ ਖੁੰਡੀ ਹੋ ਗਈ ਕਿਉਂਕਿ ਮੈਂ ਰੂਸੀ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਸਾਂ।

ਸਵਾਲ: ਸੋ ਜਦੋਂ ਤੂੰ ਗਰਮੀਆਂ ਦੇ ਕੈਂਪ ਤੋਂ ਮੁੜ ਕੇ ਯੂਨੀਵਰਸਿਟੀ ਆਇਆ ਤਾਂ ਤੂੰ ਉਹ ਏਨੀ ਗੁੰਝਲਦਾਰ ਜ਼ਬਾਨ ਸਮਝਣ ਲੱਗ ਪਿਆ ਸੀ।

ਬਡ: ਹਾਂ, ਇਸ ਵੇਲੇ ਤੱਕ ਤਾਂ ਮੈਂ ਸਮਝ ਵੀ ਤੇ ਪੜ੍ਹ ਵੀ ਲੈਂਦਾ ਸਾਂ।

ਸਵਾਲ: ਸ਼ਾਇਦ ਤੂੰ ਬਹੁਤ ਸਾਰੇ ਸ਼ਬਦ ਸਮਝ ਲੈਂਦਾ ਹੋਵੇ ਤੇ ਕਈ ਤੈਨੂੰ ਨਾ ਵੀ ਆਉਂਦੇ ਹੋਣ, ਉਹ ਤੂੰ ਡਿਕਸ਼ਨਰੀ ਵਿੱਚ ਦੇਖ ਲੈਂਦਾ ਹੋਵੇਂਗਾ...।

ਬਡ: ਮੇਰਾ ਖਿਆਲ ਹੈ ਕਿ ਕੁਝ ਸ਼ਬਦ ਮੈਨੂੰ ਜ਼ਰੂਰ ਦੇਖਣੇ ਪੈਂਦੇ ਹੋਣਗੇ। ਮੈਨੂੰ ਹੁਣ ਏਨਾ ਤਾਂ ਚੇਤਾ ਨਹੀਂ ਪਰ ਇਹ ਗੱਲ ਪੱਕੀ ਹੈ ਕਿ ਮੈਂ ਰੂਸੀ ਵਿੱਚ ਪੜ੍ਹਾਈ ਕਰ ਰਿਹਾ ਸਾਂ। ਅਸਲੀ ਰੂਸੀ ਵਿੱਚ।

ਇੱਕ ਵਿਅਕਤੀ ਜਿਹਨੇ ਮੇਰੀ ਰੂਸੀ ਸਿੱਖਣ ਵਿੱਚ ਬਹੁਤ ਮਦਦ ਕੀਤੀ ਉਹ ਪਹਿਲੇ ਛੇਆਂ ਮਹੀਨਿਆਂ ਦੌਰਾਨ ਸਾਡਾ ਦੋਭਾਸ਼ੀਆ ਸੀ। ਉਹ ਇੱਕ ਅਮਰੀਕਨ ਯਹੂਦੀ ਸੀ ਤੇ ਉਹਦਾ ਨਾਂ ਲੀਫਸ਼ਿਟਜ਼ ਸੀ। ਉਹ ਇੱਕ ਅਜਿਹਾ ਵਿਅਕਤੀ ਸੀ ਜਿਹਦੇ ਬਾਰੇ ਮੈਂ ਕਹਿ ਸਕਦਾ ਸਾਂ: ਜੇ ਮੇਰੇ ਪਿਤਾ ਤੋਂ ਦੂਰ ਕੋਈ ਮੇਰੇ ਵਾਸਤੇ ਪਿਤਾ ਸਮਾਨ ਸੀ ਤਾਂ ਉਹ ਹੀ ਸੀ। ਉਹ ਇੱਕ ਛੋਟਾ ਜਿਹਾ, ਝੁਕੀ ਹੋਈ ਕਮਰ ਵਾਲਾ ਵਿਅਕਤੀ ਸੀ। ਹਾਂ ਇੱਕ ਗੱਲ ਹੋਰ। ਜੇ ਕਿਤੇ ਮੈਨੂੰ ਚੰਗੇ ਨੰਬਰ ਨਾ ਮਿਲਦੇ ਤਾਂ ਉਹ ਜਾ ਕੇ ਪ੍ਰੌਫੈਸਰਾਂ ਨਾਲ ਝਗੜਾ ਕਰਦਾ (ਹਾਸਾ)।

ਸਵਾਲ: ਤੂੰ ਸਾਨੂੰ ਆਪਣੀ ਇੱਕ ਜਮਾਤਣ ਆਇਸ਼ਾ ਬਾਰੇ ਦੱਸਿਆ ਸੀ। ਉਹਨੂੰ ਕਦੋਂ ਮਿਲੇ ਸੀ?

ਬਡ: ਪਹਿਲੇ ਸਾਲ ਹੀ।

ਸਵਾਲ: ਕੀ ਉਹ ਉੱਥੇ ਜਿੰਨਾਂ ਚਿਰ ਤੂੰ ਰਿਹਾ ਸਾਰਾ ਸਮਾਂ ਰਹੀ?

ਬਡ: ਹਾਂ, ਸਾਰਾ ਸਮਾਂ, ਸਾਰੇ ਤਿੰਨਾਂ ਸਾਲਾਂ ਦੌਰਾਨ। ਮੇਰਾ ਖਿਆਲ ਹੈ ਕਿ ਕੁੜੀਆਂ ਵਾਸਤੇ ਕੋਰਸ ਦਾ ਸਮਾਂ ਲੰਮਾ ਹੁੰਦਾ ਸੀ। ਉਹ ਇੱਕ ਤਾਰਤਰ ਸੀ।

ਆਇਸ਼ਾ ਦੀ ਗੱਲ ਬਹੁਤ ਮਹੱਤਵਪੂਰਨ ਹੈ ਕਿਉਂਕਿ ਬਡ ਦੇ ਪਰਵਾਰ ਦੀਆਂ ਕਈ ਔਰਤਾਂ ਦੇ ਨਾਮ ਉਸ ਦੇ ਨਾਮ 'ਤੇ ਰੱਖੇ ਗਏ ਹਨ: ਪਹਿਲੀ ਤਾਂ ਇਸ ਲੇਖਕ ਦੀ ਕੁੜੀ ਅਤੇ ਫੇਰ ਬਡ ਦੀ ਆਪਣੀ ਲੜਕੀ ਦਾ ਨਾਂ ਵੀ। ਨਾਂ ਰੱਖਣ ਦਾ ਮਕਸਦ ਬਡ ਵਾਸਤੇ ਇੱਕ ਤਰੀਕਾ ਸੀ ਆਇਸ਼ਾ ਨਾਲ ਆਪਣੀ ਦੋਸਤੀ ਦਾ ਸਤਿਕਾਰ ਕਰਨ ਦਾ।

ਬਡ ਦੇ ਮਾਣ ਵਿੱਚ ਉਸ ਦੀ ਧੀ ਨੇ ਆਪਣੇ ਪੁੱਤਰ ਦਾ ਨਾਂ ਸ਼ਮਸ਼ੇਰ ਰੱਖਿਆ ਹੈ।

ਸਵਾਲ: ਕੀ ਤੂੰ ਸਾਰਾ ਕੋਰਸ ਖਤਮ ਕਰ ਲਿਆ ਸੀ?

ਬਡ: ਹਾਂ। ਮੇਰੇ ਉੱਥੇ ਪਿਛਲੇ ਸਾਲ ਦੌਰਾਨ ਪਾਰਟੀ ਵਲੋਂ ਇਕ ਬੰਦਾ ਮੇਰੇ ਬਾਰੇ ਪਤਾ ਕਰਨ ਵਾਸਤੇ ਭੇਜਿਆ ਗਿਆ ਸੀ। ਉਸ ਦਾ ਨਾਂ ਰਤਨ ਸਿੰਘ ਸੀ ਤੇ ਗਦਰ ਪਾਰਟੀ ਦਾ ਇਨਕਲਾਬੀ ਸੀ ਤੇ ਅਕਸਰ ਸਫਰ ਕਰਦਾ ਰਹਿੰਦਾ ਸੀ। ਮੈਨੂੰ ਉਹ ਇੰਟਰਵਿਊ ਚੇਤੇ ਹੈ। ਜਿਹੜੇ ਰੂਸੀ ਉਸ ਵੇਲੇ ਉੱਥੇ ਮੌਜੂਦ ਸਨ ਉਨ੍ਹਾਂ ਨੂੰ ਰਤਨ ਸਿੰਘ ਦੀ ਸਿਆਸੀ ਸੂਝ ਨਾਲੋਂ ਮੇਰੇ ਜਵਾਬ ਚੰਗੇ ਲੱਗੇ ਸਨ। ਅਖੀਰ ਵਿੱਚ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸ਼ਾਇਦ ਹੋਣਾ ਇਹ ਚਾਹੀਦਾ ਹੈ ਕਿ ਮੈਨੂੰ ਇਨਕਲਾਬੀ ਕੰਮ ਕਰਨ ਵਾਸਤੇ ਭੇਜਿਆ ਜਾਵੇ ਅਤੇ ਰਤਨ ਸਿੰਘ ਨੂੰ ਸਕੂਲ ਵਿੱਚ ਦਾਖਲ ਕਰ ਲਿਆ ਜਾਵੇ। ਉਹਨੇ ਕੁਝ ਹੱਦ ਤੱਕ ਖੁਦ ਹੀ ਸਿੱਖਿਆ ਪ੍ਰਾਪਤ ਕੀਤੀ ਸੀ। ਉਸ ਦੇ ਇਨਕਲਾਬੀ ਵਿਚਾਰ ਕੌਮਵਾਦੀ ਸਨ।

ਉਸ ਸਮੇਂ ਤੀਜੀ ਇੰਟਰਨੈਸ਼ਨਲ ਚੱਲ ਰਹੀ ਸੀ। ਅਸੀਂ ਮਾਰਕਸਿਜ਼ਮ ਦੇ ਲੈਨਨਿਜ਼ਮ ਤੱਕ ਹੋਏ ਵਿਕਾਸ ਬਾਰੇ ਪੜ੍ਹਿਆ ਸੀ। ਉਸ ਸਮੇਂ ਜ਼ੀਨੋਵੀਵ ਸੈਕਰੇਟਰੀ ਸੀ। ਬੁਖਾਰਿਨ ਵੀ ਉੱਥੇ ਸੀ ਠੀਕ ਠਾਕ ਹਾਲਤ ਵਿੱਚ ਅਤੇ ਕਾਮੀਏਨੇਵ ਵੀ ਉੱਥੇ ਹੀ ਸੀ।

ਕਦੇ ਕਦੇ ਸਟਾਲਿਨ ਤੇ ਟਰਾਟਸਕੀ ਸਕੂਲ ਵਿੱਚ ਆਉਂਦੇ ਸਨ ਅਤੇ ਹਾਲ ਵਿੱਚ ਇੱਧਰ ਉੱਧਰ ਖੜ੍ਹੇ ਰਹਿੰਦੇ ਅਤੇ ਜਿਹੜਾ ਵੀ ਚਾਹੁੰਦਾ ਉਹ ਉਹਦੇ ਨਾਲ ਗੱਲਬਾਤ ਕਰਦੇ।

ਰੂਸੀ ਚਾਹੁੰਦੇ ਸਨ ਕਿ ਮੈਂ ਲਾਲ ਅਧਿਆਪਕਾਂ - ਰੈੱਡ ਪ੍ਰੌਫੈਸਰਾਂ - ਦੀ ਯੂਨੀਵਰਸਿਟੀ ਜਾਵਾਂ। ਹੁਣ ਮੈਨੂੰ ਪਛਤਾਵਾ ਹੈ ਕਿ ਮੈਂ ਗਿਆ ਨਹੀਂ। ਉਸ ਵੇਲੇ ਮੈਂ ਪੜ੍ਹਨ ਤੋਂ ਅੱਕਿਆ, ਥੱਕਿਆ ਪਿਆ ਸੀ। ਮੈਂ ਤਾਂ ਭਾਰਤ ਜਾ ਕੇ ਇਨਕਲਾਬ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਸਾਂ। ਪਰ ਪਹਿਲਾਂ ਮੈਨੂੰ ਸਾਂਨ ਫਰਾਂਸਿਸਕੋ ਗਦਰ ਪਾਰਟੀ ਕੋਲ ਜਾਣਾ ਪੈਣਾ ਸੀ।

ਰੂਸੀਆਂ ਨੇ ਮੈਨੂੰ ਇੱਕ ਜਹਾਜ਼ 'ਤੇ ਬਿਠਾ ਦਿੱਤਾ ਜਿਹੜਾ ਲੈਨਿਨਗਰਾਦ ਤੋਂ ਹੈਮਬਰਗ, ਜਰਮਨੀ ਨੂੰ ਜਾ ਰਿਹਾ ਸੀ। ਉੱਥੇ ਜਰਮਨ ਕਮਿਊਨਿਸਟ ਪਾਰਟੀ ਨੇ ਮੈਨੂੰ ਛੁਪਾ ਕੇ ਰੱਖਿਆ, ਪਹਿਲਾਂ ਇੱਕ ਜੁੱਤੀਆਂ ਬਣਾਉਣ ਵਾਲੇ ਦੀ ਦੁਕਾਨ ਵਿੱਚ ਇੱਕ ਪੜਦੇ ਪਿੱਛੇ ਤੇ ਫੇਰ ਇੱਕ ਬਹੁਤ ਹੀ ਸੋਹਣੇ ਘਰ ਵਿੱਚ। ਉਹਨਾਂ ਵਲੋਂ ਦਿਖਾਈ ਸਨੇਹ-ਭਾਵਨਾ ਮੈਨੂੰ ਅਜੇ ਵੀ ਐਨ ਉਸੇ ਤਰ੍ਹਾਂ ਯਾਦ ਹੈ।

ਫੇਰ ਮੈਨੂੰ ਯੂ ਐਸ ਵਾਪਸ ਜਾਣ ਵਾਸਤੇ ਚੋਰੀਂ ਇੱਕ ਜਰਮਨ ਜਹਾਜ਼ ਵਿੱਚ ਬਿਠਾਇਆ ਗਿਆ। ਤੁਹਾਨੂੰ ਚੇਤਾ ਰੱਖਣਾ ਚਾਹੀਦਾ ਹੈ ਕਿ ਮੇਰੇ ਕੋਲ ਕੋਈ ਪਾਸਪੋਰਟ ਨਹੀਂ ਸੀ। ਮੈਂ ਇੱਕ ਜਹਾਜ਼ੀ ਦੀ ਮਦਦ ਨਾਲ ਜਹਾਜ਼ 'ਤੇ ਚੜ੍ਹਿਆ। ਉਨ੍ਹਾਂ ਅੱਧੀ ਰਾਤ ਵੇਲੇ ਮੈਨੂੰ ਜਹਾਜ਼ ਦੇ ਇੱਕ ਪਾਸੇ ਲਟਕਦੇ ਰੱਸੇ ਦੀ ਪੌੜੀ ਨਾਲ ਉੱਪਰ ਚੜ੍ਹਾਇਆ ਅਤੇ ਮੈਨੂੰ ਇੱਕ ਤੇਲ ਵਾਲੇ ਖਾਲੀ ਰੀਜ਼ਰਵ ਟੈਂਕ ਵਿੱਚ ਲੁਕੋ ਲਿਆ।

ਜਦੋਂ ਜਰਮਨ ਜਹਾਜ਼ ਬਰੱਸਲਜ਼ ਲੱਗਾ ਤਾਂ ਮੈਨੂੰ ਪਤਾ ਸੀ ਕਿ ਕੁਝ ਨਾ ਕੁਝ ਗੜਬੜ ਹੈ ਕਿਉਂਕਿ ਉਨ੍ਹਾਂ ਨੇ ਸੱਭ ਕੁਝ ਇੱਕ ਦਮ ਬੰਦ ਕਰ ਦਿੱਤਾ ਸੀ। ਮੈਨੂੰ ਸਮੁੰਦਰੀ ਜਹਾਜ਼ਾਂ ਬਾਰੇ ਏਨਾ ਕੁ ਤਾਂ ਪਤਾ ਹੀ ਸੀ ਕਿ ਇੱਕ ਅੱਧੀ ਵਾਧੂ ਮੋਟਰ ਚੱਲਦੀ ਹੀ ਰਹਿੰਦੀ ਹੈ। ਜਹਾਜ਼ ਵਿੱਚਲੀ ਬਿਜਲੀ ਦੀ ਸਪਲਾਈ ਚੱਲਦੀ ਰੱਖਣ ਵਾਸਤੇ ਇੱਕ ਅੱਧ ਮੋਟਰ ਤਾਂ ਹਰ ਵੇਲੇ ਚੱਲਦੀ ਹੀ ਰੱਖਣੀ ਪੈਂਦੀ ਹੈ। ਮੈਨੂੰ ਕੁਝ ਵੀ ਸੁਣ ਨਹੀਂ ਸੀ ਰਿਹਾ। ਉਸੇ ਵੇਲੇ ਮੈਨੂੰ ਲੱਗਾ ਕਿ ਜਹਾਜ਼ ਤਾਂ ਡੁੱਬ ਰਿਹਾ ਸੀ।

ਪਰ ਮੈਂ ਕੁਝ ਵੀ ਨਹੀਂ ਸੀ ਕਰ ਸਕਦਾ ਕਿਉਂਕਿ ਮੈਨੂੰ ਬੰਦ ਕਰ ਕੇ ਬਾਹਰੋਂ ਜ਼ਿੰਦਾ ਲਾਇਆ ਗਿਆ ਸੀ। ਸਿਰਫ ਮੇਰਾ ਦੋਸਤ, ਉਹ ਜਹਾਜ਼ੀ ਜਿਹਨੇ ਮੈਨੂੰ ਚੋਰੀਂ ਉੱਪਰ ਚੜਾਇਆ ਸੀ, ਆ ਕੇ ਮੇਰੀ ਮਦਦ ਕਰ ਸਕਦਾ ਸੀ।

ਸਵਾਲ: ਕੀ ਉਹ ਜਹਾਜ਼ 'ਤੇ ਸੀ?

ਬਡ: ਹਾਂ, ਉਹ ਉੱਥੇ ਸੀ, ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਮੈਂ ਏਨਾ ਘਬਰਾਇਆ ਹੋਇਆ ਸਾਂ। ਜਿਸ ਵਿੱਚ ਮੈਂ ਲੁਕਿਆ ਹੋਇਆ ਸੀ ਉਹ ਰੀਜ਼ਰਵ ਤੇਲ ਵਾਸਤੇ ਟੈਂਕ ਸੀ। ਇੱਕੋ ਗੱਲ ਜਿਹੜੀ ਹੋ ਸਕਦੀ ਸੀ ਉਹ ਸੀ ਕਿ ਜੇ ਦੂਜਾ ਟੈਂਕ ਖਰਾਬ ਹੋ ਜਾਂਦਾ ਤਾਂ ਉਨ੍ਹਾਂ ਨੂੰ ਇਸ ਟੈਂਕ ਵਿੱਚ ਤੇਲ ਪੰਪ ਕਰਨਾ ਪੈਣਾ ਸੀ। ਮੇਰੇ ਲਈ ਇਹ ਗੱਲ ਵੀ ਖਰਾਬੀ ਵਾਲੀ ਹੋਣੀ ਸੀ।

ਸਵਾਲ: ਤੂੰ ਫੇਰ ਡਰਿਆ ਘਬਰਾਇਆ ਉੱਥੇ ਹੀ ਰਿਹਾ?

ਬਡ: ਮੈਨੂੰ ਅੱਜ ਵੀ ਉਹ ਦ੍ਰਿਸ਼ ਐਨ ਚੇਤੇ ਹੈ। ਮੈਂ ਦਰਵਾਜੇ 'ਤੇ ਝਰੀਟਾਂ ਮਾਰਾਂ। ਮੈਂ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਮੈਂ ਹਰ ਤਰ੍ਹਾਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਆਖਰ ਵਿੱਚ ਮੈਂ ਥੱਕ ਕੇ ਬਹਿ ਗਿਆ ਤੇ ਹਾਲਾਤ ਬਾਰੇ ਦਰਸ਼ਨੀ ਨਜ਼ਰੀਏ ਨਾਲ ਸੋਚਣਾ ਸ਼ੁਰੂ ਕੀਤਾ: ਜਦੋਂ ਮੌਤ ਆਈ ਫੇਰ ਮਰਨਾ ਤਾਂ ਹੈ ਹੀ। ਆਦਮੀ ਬਣ। ਹੋਰ ਭਲਾ ਤੂੰ ਕਰ ਵੀ ਕੀ ਸਕਦਾ ਐਂ?

ਸਵਾਲ: ਤੈਨੂੰ ਫੇਰ ਕਿਸ ਤਰ੍ਹਾਂ ਲੱਭਿਆ ਉਨ੍ਹਾਂ ਨੇ?

ਬਡ: ਜਾਂਚ ਪੜਤਾਲ ਨਾਲ਼ ਆਮ ਜਾਂਚ ਪੜਤਾਲ ਵੇਲੇ। ਕੈਪਟਨ ਤੇ ਮੁੱਖ ਮਲਾਹ ਗੇੜਾ ਕੱਢਣ ਆਏ ਬੈਟਰੀਆਂ ਮਾਰਦੇ, "ਇਹ ਚੈੱਕ ਕਰੋ ਬਈ"।

ਏਦਾਂ ਦੀ ਗੱਲ ਹੁੰਦੀ ਕਦੇ ਕਦੇ ਹੀ ਹੈ। ਮੇਰਾ ਅੰਦਾਜ਼ਾ ਹੈ ਕਿ ਮੇਰੇ ਕਾਮਰੇਡ ਨੇ ਸੋਚਿਆ ਹੋਵੇਗਾ ਕਿ ਮੈਂ ਉਸ ਥਾਂ ਕਾਫੀ ਸੁਰੱਖਿਅਤ ਰਹਾਂਗਾ। ਉਹਨਾਂ ਨੇ ਟੈਂਕ ਖੋਲ੍ਹਿਆ ਤੇ ਕਹਿਣ ਲੱਗੇ, "ਆਹਾ। ਇਸ ਹਰਾਮੀ ਕਮਿਊਨਿਸਟ ਵੱਲ ਦੇਖੋ। ਚੋਰੀਂ ਵੜਿਆ ਹੋਇਆ ਅੰਦਰ। ਬਾਹਰ ਨਿਕਲ"।

ਇਹ ਚੰਗੀ ਗੱਲ ਹੈ ਕਿ ਉਨ੍ਹਾਂ ਨੇ ਏਦਾਂ ਸੋਚਿਆ, ਨਹੀਂ ਤਾਂ ਮੈਂ ਇਸ ਨਾਲੋਂ ਵੀ ਜ਼ਿਆਦਾ ਵੱਡੀ ਮੁਸ਼ਕਿਲ ਵਿੱਚ ਫਸ ਜਾਣਾ ਸੀ। ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਮੈਂ ਪਹਿਲਾਂ ਵਾਲੀ ਬੰਦਰਗਾਹ 'ਤੇ ਚੜਿਆ ਸਾਂ ਤਾਂ ਮੇਰੇ ਸਾਥੀ ਨੂੰ ਸਮੱਸਿਆ ਹੋ ਜਾਣੀ ਸੀ।

ਸਵਾਲ: ਕੀ ਤੂੰ ਮੁੜ ਕੇ ਉਹਨੂੰ ਦੇਖਿਆ?

ਬਡ: ਹਾਂ। ਮੈਂ ਉਹਨੂੰ ਬੰਦਰਗਾਹ 'ਤੇ ਦੇਖਿਆ ਸੀ ਤੇ ਉਹਦੇ ਵੱਲ ਹੱਥ ਹਿਲਾਇਆ ਸੀ। ਮੇਰੇ ਕੋਲ ਉਸ ਵੇਲੇ 140 ਡਾਲਰ ਸਨ ਉਹ ਮੈਂ ਸਾਰੇ ਉਹਨੂੰ ਦੇ ਦਿੱਤੇ ਤੇ ਕਿਹਾ ਕਿ ਜਦੋਂ ਉਹ ਸਾਂਨ ਫਰਾਂਸਿਸਕੋ ਪਹੁੰਚੇ ਤਾਂ ਉਹ ਪੈਸੇ ਗਦਰ ਪਾਰਟੀ ਨੂੰ ਦੇ ਦੇਵੇ। ਮੈਂ ਇਸ ਜਰਮਨ ਕਾਮਰੇਡ ਨੂੰ ਪੈਸੇ ਤਾਂ ਦੇ ਦਿੱਤੇ ਸਨ ਕਿ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਨਾਲ ਕੀ ਬੀਤੇਗੀ।

ਸਵਾਲ: ਕੀ ਉਹਨੇ ਪੈਸੇ ਪਾਰਟੀ ਨੂੰ ਦੇ ਦਿੱਤੇ?

ਬਡ: ਹਾਂ। ਉਹਨੇ ਪੈਸੇ ਦੇ ਦਿੱਤੇ ਸਨ। ਜਦੋਂ ਉਹਨੇ ਪੈਸੇ ਦਿੱਤੇ ਤਾਂ ਪਾਰਟੀ ਵਾਲਿਆਂ ਨੂੰ ਸਮਝ ਨਾ ਲੱਗੇ ਪਈ ਪੈਸੇ ਕਿੱਥੋਂ ਆਏ ਹਨ। ਇਹ ਦਾਹੜੀ ਵਾਲਾ ਜਰਮਨ ਉਨ੍ਹਾਂ ਨੂੰ ਪੈਸੇ ਕਿਉਂ ਦੇ ਰਿਹਾ ਸੀ। ਉਹਨੂੰ ਵਿਚਾਰੇ ਨੂੰ ਅੰਗ੍ਰੇਜ਼ੀ ਨਹੀਂ ਸੀ ਬੋਲਣੀ ਆਉਂਦੀ।

ਸਵਾਲ: ਇੱਕ ਵਾਰ ਫੇਰ ਤੂੰ ਇੱਕ ਬਿਗਾਨੇ ਮੁਲਕ ਵਿੱਚ ਅਤੇ ਬਿਨਾਂ ਕਿਸੇ ਪੈਸੇ ਤੋਂ ਫਸ ਗਿਆ ਸੀ। ਫੇਰ ਤੂੰ ਕੀ ਕੀਤਾ?

ਬਡ: ਮੈਂ ਬੰਦਰਗਾਹ 'ਤੇ ਕੰਮ ਕਰਦੇ ਇੱਕ ਗੋਦੀ ਮਜ਼ਦੂਰ ਨਾਲ ਗੱਲਾਂ ਕਰਦਾ ਸੀ। ਉਹ ਕਹਿਣ ਲੱਗਾ, "ਦੇਖ ਤੂੰ ਇੱਕ ਅਮਰੀਕਨ ਏਂ। ਕਾਊਂਸਲੇਟ ਦੇ ਜਾਹ। ਉਨ੍ਹਾਂ ਨੂੰ ਕਹੀਂ ਤੂੰ ਸ਼ਰਾਬੀ ਹੋਇਆ ਸੀ ਤੇ ਤੇਰੇ ਕੋਲੋਂ ਤੇਰਾ ਜਹਾਜ਼ ਖੁੱਸ ਗਿਆ। ਉਨ੍ਹਾਂ ਨੂੰ ਤੇਰੀ ਦੇਖ ਰੇਖ ਕਰਨੀ ਹੀ ਪੈਣੀ ਹੈ"। ਇਹ ਪੁਰਾਣੇ ਵੇਲਿਆਂ ਦੀ ਗੱਲ ਹੈ।

ਮੈਂ ਉਹਨੂੰ ਪੁੱਛਿਆ, "ਮੈਂ ਕਾਊਂਸਲੇਟ ਦੇ ਕਿਸ ਤਰ੍ਹਾਂ ਜਾਵਾਂ?"

"ਤੂੰ ਜਾ ਕੇ ਪਾਰਕ ਵਿੱਚ ਬਹਿ ਜਾਹ, ਥੋੜ੍ਹੀ ਦੇਰ ਬਾਅਦ ਤੈਨੂੰ ਅਵਾਰਾਗਰਦੀ ਅਧੀਨ ਗ੍ਰਿਫਤਾਰ ਕਰ ਲੈਣਗੇ। ਤੂੰ ਬਿਦੇਸ਼ੀ ਏਂ। ਤੈਨੂੰ ਉਹ ਜਿਹਦਾ ਵੀ ਤੂੰ ਕੁਝ ਲੱਗਦਾ ਹੋਵੇਂਗਾ ਉੱਥੇ ਲੈ ਜਾਣਗੇ"।

ਮੈਂ ਏਦਾਂ ਈ ਕੀਤੀ। ਮੈਂ ਜਾ ਕੇ ਪਾਰਕ ਵਿੱਚ ਬਹਿ ਗਿਆ ਅਤੇ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਫੇਰ ਉਹ ਮੈਨੂੰ ਅਮਰੀਕਨ ਅਧਿਕਾਰੀਆਂ ਕੋਲ ਲੈ ਗਏ। ਦਫਤਰ ਵਿਚਲੇ ਹਰਾਮੀ ਮੇਰੇ ਨਾਲ ਗੱਲ ਈ ਨਾ ਕਰਨ।

ਉੱਥੇ ਵੀਹ ਮਿੰਟ ਖੜ੍ਹ ਕੇ ਉਡੀਕ ਕਰਨ ਮਗਰੋਂ ਜਿਹੜੀ ਪਹਿਲੀ ਗੱਲ ਮੈਂ ਸੁਣੀ ਉਹ ਸੀ "ਆਪਣੀ ਟੋਪੀ ਲਾਹ"।

ਤੁਸੀਂ ਕੀ ਕਰੋਗੇ? ਸੋ ਮੈਂ ਟੋਪੀ ਉਤਾਰ ਦਿੱਤੀ। ਪਰ, ਫੇਰ ਜਿੱਦਾਂ ਕਿੱਦਾਂ ਉਹਨੀ ਮੈਨੂੰ ਸ਼ੈਨਨਡੋਹ ਨਾਂ ਦੇ ਜਹਾਜ਼ ਤੇ ਚੜਾਅ ਦਿੱਤਾ।

ਉਨ੍ਹਾਂ ਨੇ ਮੈਨੂੰ ਸ਼ੈਨਨਡੋਹ 'ਤੇ ਚੜਾਇਆ ਅਤੇ ਉਸ ਜਹਾਜ਼ ਦੇ ਮਜ਼ਦੂਰਾਂ ਨੇ ਹੜਤਾਲ ਕਰ ਦਿੱਤੀ। ਉਹ ਸਾਰੇ ਗੋਰੇ ਸਨ। ਉਹ ਕਹਿਣ ਲੱਗੇ ਉਹ ਇੱਕ ਕਾਲੇ ਨਾਲ ਕੰਮ ਨਹੀਂ ਕਰਨਗੇ।

ਸਵਾਲ: ਹੜਤਾਲ ਦਾ ਫੇਰ ਕਿਸ ਤਰ੍ਹਾਂ ਫੈਸਲਾ ਹੋਇਆ?

ਬਡ: ਜਹਾਜ਼ ਨੂੰ ਜਾਣਾ ਪੈਣਾ ਸੀ ਇਸ ਕਰਕੇ ਉਨ੍ਹਾਂ ਨੇ ਇਹ ਸਮਝੌਤਾ ਕੀਤਾ: ਬਾਕੀ ਮਜ਼ਦੂਰਾਂ ਦੇ ਨਾਲ ਹੀ ਉਹ ਮੈਨੂੰ ਖਾਣਾ ਬਣਾ ਕੇ ਦੇਣਗੇ ਪਰ ਮੈਂ ਉਨ੍ਹਾਂ ਦੇ ਕੁਆਟਰਾਂ ਵਿੱਚ ਸੌਂ ਨਹੀਂ ਸਕਾਂਗਾ। ਮੈਨੂੰ ਉਨ੍ਹਾਂ ਨੇ ਬਿਨ-ਤਨਖਾਹੀਏ ਮਲਾਹ ਦੇ ਤੌਰ ਤੇ ਭਰਤੀ ਕਰ ਲਿਆ ਅਤੇ ਇਸ ਤਰ੍ਹਾਂ ਮੈਂ ਕੰਮ ਕਰ ਕੇ ਆਪਣਾ ਕਿਰਾਇਆ ਤਾਰਿਆ।

ਸਵਾਲ: ਤੂੰ ਫੇਰ ਸੌਂਦਾ ਕਿੱਥੇ ਸੀ?

ਬਡ: ਮੈਂ ਜਹਾਜ਼ ਦੇ ਹਸਪਤਾਲ ਵਿੱਚ ਸੌਂਦਾ ਸਾਂ। ਜਹਾਜ਼ ਉੱਪਰ ਇੱਕ ਹਿੱਸਾ ਸੀ ਜਿਹਨੂੰ ਉਹ ਹਸਪਤਾਲ ਕਹਿੰਦੇ ਸਨ, ਜਦੋਂ ਵੀ ਕੋਈ ਬੀਮਾਰ ਹੁੰਦਾ ਉੱਥੇ ਚਲਾ ਜਾਂਦਾ ਸੀ। ਇਹ ਵਧੀਆ ਥਾਂ ਸੀ, ਜਿੱਥੇ ਸੋਹਣੀਆਂ ਸਾਫ ਚਾਦਰਾਂ ਵਿਸ਼ੀਆਂ ਵਾਲੇ ਵੀਹ ਬੰਕ ਮੰਜੇ ਸਨ। ਜੇ ਮੈਂ ਚਾਹੁੰਦਾ ਤਾਂ ਮੈਂ ਹਰ ਰੋਜ਼ ਇੱਕ ਵੱਖਰੇ ਬੰਕ 'ਤੇ ਸੌਂ ਸਕਦਾ ਸਾਂ। ਸਾਰੀ ਜਗ੍ਹਾ ਮੈਂ ਇੱਕੱਲਾ ਹੀ ਹੁੰਦਾ ਸੀ।

ਸਵਾਲ: ਤੇ ਜਹਾਜ਼ੀਆਂ ਨਾਲ ਬਹਿ ਕੇ ਖਾਣਾ ਖਾਣਾ? ਉਹ ਕਿਸ ਕਿਸਮ ਦਾ ਤਜਰਬਾ ਸੀ?

ਬਡ: ਇਹ ਨਫਰਤ ਤੇ ਵਿਤਕਰੇ ਭਰਿਆ ਤਜਰਬਾ ਸੀ। ਉਹ ਬਕਬਾਸ ਕਰਦੇ ਰਹਿੰਦੇ ਸਨ ਕਿ ਕਿਵੇਂ ਉਹ ਕਾਲ਼ੀਆਂ ਔਰਤਾਂ ਨਾਲ ਜਬਰਜਨਾਹ ਕਰਨਗੇ। ਉਹ ਮੇਰੀ ਮਾਂ ਬਾਰੇ, ਮੇਰੀ ਦਾਦੀ ਬਾਰੇ ਗੰਦ ਮੰਦ ਬੋਲਦੇ ਰਹਿੰਦੇ। ਪਰ ਮੈਂ ਇੱਕ ਤਰੀਕੇ ਨਾਲ ਉਨ੍ਹਾਂ ਤੋਂ ਬਦਲਾ ਲੈ ਲਿਆ।

ਮੈਨੂੰ ਪਹਿਲੀ ਨੌਕਰੀ ਸਾਊਥਹੈਪਟਨ ਪਹੁੰਚਣ ਤੋਂ ਇੱਕ ਹਫਤਾ ਬਾਅਦ ਦਿੱਤੀ ਗਈ। ਜਦੋਂ ਜਹਾਜ਼ ਕਿਸੇ ਭੀੜੀ ਜਗ੍ਹਾ ਰਾਹੀਂ ਲੰਘਦਾ ਹੈ, ਜਿਹੜੀ ਬਹੁਤ ਭੀੜੀ ਹੋਵੇ ਤਾਂ ਉਥੇ ਜਹਾਜ਼ ਦੇ ਪਾਸਿਆਂ 'ਤੇ ਬਚਾਅ ਵਾਸਤੇ ਵੱਡੀਆਂ ਵੱਡੀਆਂ ਰੋਕਾਂ ਜਿਹੀਆਂ ਲਮਕਦੀਆਂ ਹੁੰਦੀਆਂ ਤਾਂਕਿ ਜਹਾਜ਼ ਦੇ ਘਾਟ (ਵਾਰਫ) ਜਾਂ ਰਸਤੇ (ਪਾਇਰ) 'ਤੇ ਝਰੀਟਾਂ ਨਾ ਲੱਗ ਜਾਣ। ਮੈਂ ਉਨ੍ਹਾਂ ਨੂੰ ਦੱਸਿਆ ਹੋਇਆ ਸੀ ਕਿ ਮੈਂ ਮਲਾਹ ਸਾਂ ਸੋ ਮੈਨੂੰ ਉਹ ਚੀਜ਼ਾਂ ਲਮਕਾਉਣ ਦੀ ਇਹ ਨੌਕਰੀ ਦੇ ਦਿੱਤੀ ਗਈ ਸੀ।

ਤੇ ਮੈਂ ਉਸ ਬਚਾਅ ਵਾਲੀ ਚੀਜ਼ ਨੂੰ ਲੈ ਕੇ ਉੱਥੇ ਐਵੇਂ ਹੀ ਖੜ੍ਹਾ ਰਿਹਾ ਅਤੇ ਜਹਾਜ਼ ਦੇ ਝਰੀਟਾਂ ਲੱਗਦੀਆਂ ਰਹੀਆਂ। ਕਈ ਵਾਰੀ ਜਹਾਜ਼ ਦੀ ਕੰਧ ਦੀਆਂ ਪਲੇਟਾਂ ਜਿਹੀਆਂ ਵੀ ਟੁੱਟੀਆਂ। ਮੈਨੂੰ ਕੁਝ ਨਹੀਂ ਸੀ ਪਤਾ ਕਿ ਉਸ ਰੱਬ ਦੀ ਮਾਰੀ ਸ਼ੈਅ ਨੂੰ ਕੀ ਕਰਨਾ ਹੈ। ਪਰ ਮੈਨੂੰ ਪਤਾ ਹੋਣਾ ਚਾਹੀਦਾ ਸੀ ਕਿਉਂਕਿ ਮੈਂ "ਮਲਾਹ" ਸਾਂ।

ਹੈਰਾਨੀ ਦੀ ਗੱਲ ਤਾਂ ਜਹਾਜ਼ ਦੇ ਕੈਪਟਨ ਨੇ ਕੀਤੀ ਜਦੋਂ ਅਸੀਂ ਮੁੜ ਕੇ ਯੂਨਾਈਟਿਡ ਸਟੇਟਸ ਪਹੁੰਚੇ। ਉਹਨੇ ਅਮਰੀਕਨ ਅਧਿਕਾਰੀਆਂ ਕੋਲ ਮੇਰੇ ਹੱਕ ਵਿੱਚ ਬਿਆਨ ਦਿੱਤੇ। ਉਹ ਮੈਨੂੰ ਅਮਰੀਕਾ ਵਿੱਚ ਦਾਖਲ ਨਹੀਂ ਸੀ ਹੋਣ ਦੇਣਾ ਚਾਹੁੰਦੇ। ਜੇ ਉਹ ਨਾ ਵੜਨ ਦਿੰਦੇ ਤਾਂ ਕੈਪਟਨ ਦੀ ਜ਼ਿੰਮੇਵਾਰੀ ਸੀ ਮੈਨੂੰ ਵਾਪਸ ਲੈ ਕੇ ਜਾਣ ਦੀ। ਸੋ ਉਹ ਮੇਰੇ ਚੰਗੇ ਵਿਹਾਰ ਲਈ, ਮੇਰੇ ਅਮਰੀਕਨ ਸ਼ਹਿਰੀ ਹੋਣ ਦੀ ਅਗਵਾਹੀ ਦੇ ਰਿਹਾ ਸੀ। ਉਹਨੇ ਤਾਂ ਇਸ ਗੱਲ ਦੀ ਵੀ ਸੌਂਹ ਖਾਧੀ ਕਿ ਉਹ ਮੇਰੇ ਮਾਂ ਪਿਓ ਨੂੰ ਜਾਣਦਾ ਸੀ।

ਉਹਨੇ ਮੇਰੀ ਚੰਗੀ ਅੰਗ੍ਰੇਜ਼ੀ, ਅਮਰੀਕਣ ਅੰਗ੍ਰੇਜ਼ੀ ਬੋਲ ਸਕਣ ਦੀ ਯੋਗਤਾ ਬਾਰੇ ਕਿਹਾ। ਉਹ ਅਧਿਕਾਰੀ ਕੀ ਕਹਿ ਸਕਦੇ ਸੀ? ਇਹ ਤਾਂ ਗੱਲ ਸਾਰੇ ਜਾਣਦੇ ਹੀ ਸੀ ਕਿ ਅਮਰੀਕਾ ਵਿੱਚ ਹਰ ਰੰਗ ਨਸਲ ਦੇ ਲੋਕ ਰਹਿੰਦੇ ਸਨ। ਉਹ ਇਹ ਤਾਂ ਕਹਿ ਨਹੀਂ ਸੀ ਸਕਦੇ ਕਿ ਮੇਰਾ "ਰੰਗ ਗਲਤ ਹੈ"। ਇਹ ਤਾਂ ਗੱਲ ਬਣਨੀ ਨਹੀਂ ਸੀ। ਨਾਲੇ ਮੈਂ ਉਨ੍ਹਾਂ ਨੂੰ ਇੱਕ ਮੰਨਣਯੋਗ ਕਹਾਣੀ ਵੀ ਦੱਸੀ ਸੀ ਕਿ ਮੇਰੇ ਮਾਂ ਪਿਓ ਕੈਲੇਫੋਰਨੀਆਂ ਵਿੱਚ ਰਹਿੰਦੇ ਸਨ। ਮੈਂ ਕਿਹਾ "ਜੇ ਯਕੀਨ ਨਹੀਂ ਆਉਂਦਾ ਤਾਂ ਉਸ ਥਾਂ ਜਾ ਕੇ ਪਤਾ ਕਰ ਲਓ"। ਗੱਲ ਗਲਤ ਤਾਂ ਹੈ ਹੀ ਨਹੀਂ ਸੀ।

ਅਖੀਰ ਇਮੀਗਰੇਸ਼ਨ ਵਾਲਿਆਂ ਨੇ ਮੈਨੂੰ ਅਮਰੀਕਾ ਵਿੱਚ ਦਾਖਲ ਹੋ ਲੈਣ ਦਿੱਤਾ। ਇਹ ਟੈਕਸਸ ਦੀ ਬੰਦਰਗਾਹ ਪੋਰਟ ਆਰਥਰ ਦੀ ਗੱਲ ਹੈ। ਮੈਨੂੰ ਯੂਰਪ ਤੋਂ ਆਉਣ ਵਿੱਚ ਸਤਾਰਾਂ ਦਿਨ ਲੱਗ ਗਏ ਸਨ ਤੇ ਮੈਂ ਅਜੇ ਵੀ ਘਰ ਨਹੀਂ ਸਾਂ ਪਹੁੰਚਿਆ। ਮੈਂ ਟੈਕਸਸ ਵਿੱਚ ਇੱਕ ਫਾਰਮ 'ਤੇ ਕੰਮ ਕਰਨ ਲੱਗ ਪਿਆ ਤਾਂਕਿ ਕੈਲੇਫੋਰਨੀਆਂ ਘਰ ਜਾਣ ਵਾਸਤੇ ਕਿਰਾਏ ਜੋਗੇ ਪੈਸੇ ਬਣਾ ਸਕਾਂ। ਇਹ ਬਹੁਤ ਹੀ ਸਖਤ ਕੰਮ ਸੀ। ਮੈਨੂੰ ਵਾੜਾਂ ਦੀ ਰਾਖੀ ਕਰਨੀ ਪੈਣੀ ਸੀ ਤੇ ਇਹ ਕੰਮ ਮੇਰੇ ਕੋਲੋਂ ਇੱਕ ਦਿਨ ਤੋਂ ਵਾਧੂ ਨਾ ਹੋ ਸਕਿਆ। ਮੈਂ ਤਾਂ ਸੋਚਿਆ ਸੀ ਕਿ ਇਹ ਗੋਬੀ ਰੇਗਸਤਾਨ ਵਿੱਚ ਘੋੜਿਆਂ ਦੀ ਸਵਾਰੀ ਕਰਨ ਦਾ ਕੰਮ ਹੋਵੇਗਾ ਪਰ ਇਹ ਤਾਂ ਬੜਾ ਵੱਖਰਾ ਅਤੇ ਨਿਹਾਇਤ ਹੀ ਔਖਾ ਕੰਮ ਸੀ।

ਫੇਰ ਮੈਨੂੰ ਇੱਕ ਡੇਰ੍ਹੀ ਵਿੱਚ ਕੰਮ ਮਿਲ ਗਿਆ। ਤੜਕੇ ਤਿੰਨ ਵਜੇ ਉੱਠਣਾ, ਖੇਤਾਂ 'ਚੋਂ ਗਾਵਾਂ ਘੇਰ ਕੇ ਲਿਆਉਣੀਆਂ, ਉਨ੍ਹਾਂ ਨੂੰ ਚੋਣਾ, ਖਾਣਾ ਪਾਉਣਾ, ਫੇਰ ਤਬੇਲਿਆਂ ਦੀ ਸਫਾਈ। ਸਵੇਰ ਤੇ ਸ਼ਾਮ ਦੀ ਚੋਆ ਚੁਆਈ ਦੇ ਵਿਚਾਲੇ ਦੇ ਘੰਟਿਆਂ ਦੌਰਾਨ ਮੈਂ ਘਾਹ ਕੱਠਾ ਕਰਨਾ ਤੇ ਉਹਨੂੰ ਬਾਰਨ ਵਿੱਚ ਜਮਾਂ ਕਰਨਾ। ਪਰਵਾਰ ਕਾਫੀ ਸਨੇਹ ਵਾਲਾ ਸੀ। ਉਹ ਮੈਨੂੰ ਆਪਣੇ ਖਾਣੇ ਦੇ ਮੇਜ਼ 'ਤੇ ਨਾਲ ਖਾਣਾ ਖਲਾਉਂਦੇ। ਮੈਂ ਬਾਰਨ ਦੇ ਵਿੱਚ ਨਿੱਘੇ ਥਾਂ ਸੌਂਦਾ।

ਇੱਕੋ ਸਮੱਸਿਆ ਸੀ: ਮੈਨੂੰ ਹਮੇਸ਼ਾਂ ਭੁੱਖ ਲੱਗੀ ਰਹਿੰਦੀ। ਖਾਣ ਲਈ ਕਾਫੀ ਨਹੀਂ ਸੀ ਹੁੰਦਾ। ਜਦੋਂ ਮੇਰੇ ਕੋਲ ਕਿਰਾਏ ਜੋਗੇ ਪੈਸੇ ਹੋਏ ਮੈਂ ਉਥੋਂ ਚਲੇ ਗਿਆ। ਇਹ ਗੱਲ ਉਸ ਕਿਸਾਨ ਨਾਲ ਇਨਸਾਫੀ ਵਾਲੀ ਨਹੀਂ ਸੀ: ਉਹ ਕਿਸੇ ਪੱਕੇ ਬੰਦੇ ਦੀ ਭਾਲ ਵਿੱਚ ਸੀ ਤੇ ਮੇਰਾ ਖਿਆਲ ਆ ਕਿ ਮੈਂ ਥੋੜ੍ਹੀ ਜਿਹੀ ਉਹਦੇ ਨਾਲ ਗਲਤ ਗੱਲ ਕੀਤੀ। ਇਸ ਵਾਸਤੇ ਮੈਨੂੰ ਅਫਸੋਸ ਵੀ ਬੜਾ ਹੋਇਆ।

ਅਖੀਰ ਬਡ ਘਰ ਆ ਗਿਆ ਸੀ। ਉਹ ਕੁਝ ਦੇਰ ਸਾਂਨ ਫਰਾਂਸਿਸਕੋ ਗਦਰ ਪਾਰਟੀ ਦੇ ਆਸ਼ਰਮ ਵਿੱਚ ਠਹਿਰਿਆ ਤੇ ਫੇਰ ਪਾਰਟੀ ਨੇ ਉਹਨੂੰ ਮੁੜ ਸੋਵੀਅਤ ਯੂਨੀਅਨ ਵਾਪਸ ਭੇਜ ਦਿੱਤਾ। ਉਹਨੂੰ ਕੇ ਯੂ ਟੀ ਵੀ ਯੂਨੀਵਰਸਿਟੀ ਵਿੱਚ ਭਾਰਤੀ ਵਿਦਿਆਰਥੀਆਂ ਦੇ ਦਾਖਲੇ ਦਾ ਇੰਤਜ਼ਾਮ ਕਰਨ ਵਾਸਤੇ ਭੇਜਿਆ ਗਿਆ ਸੀ।

ਬਡ: ਇਸ ਟਰਿੱਪ ਦੌਰਾਨ ਮੈਂ ਜੌਰਜ ਵਾਸ਼ਿੰਗਟਨ ਨਾਂ ਦੇ ਜਹਾਜ਼ 'ਤੇ ਕੰਮ ਕੀਤਾ। ਜਰਮਨੀ ਜਾ ਕੇ ਮੈਂ ਜਹਾਜ਼ ਤੋਂ ਚੋਰੀਂ ਉੱਤਰ ਗਿਆ ਕਿਉਂਕਿ ਸਫਰ ਕਰਨਾ ਇਸ ਤਰ੍ਹਾਂ ਸਸਤਾ ਪੈਣਾ ਸੀ। ਮੈਂ ਕੰਮ ਦੇ ਕੋਈ ਪੈਸੇ ਨਹੀਂ ਲਏ ਤੇ ਨਾ ਹੀ ਕਿਰਾਏ ਦੇ ਕੋਈ ਦਿੱਤੇ।

ਮੈਂ 1929 ਵਿੱਚ ਮੁੜ ਸਾਂਨ ਫਰਾਂਸਿਸਕੋ ਆ ਗਿਆ ਤੇ ਗਦਰ ਪਾਰਟੀ ਤੋਂ ਮੰਗ ਕੀਤੀ ਕਿ ਮੈਨੂੰ ਭਾਰਤ ਵਿੱਚ ਕਿਸੇ ਸਨਅਤੀ ਇਲਾਕੇ ਵਿੱਚ ਕੰਮ ਕਰਨ ਲਈ ਭੇਜਿਆ ਜਾਵੇ। ਪਾਰਟੀ ਨੇ ਇਸ ਦੀ ਆਗਿਆ ਨਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪੰਜਾਬ ਵਿੱਚ ਹੀ ਜਾਣਾ ਪੈਣਾ ਹੈ ਹੋਰ ਕਿਤੇ ਨਹੀਂ। ਮੈਂ ਉਹਨਾਂ ਦੀ ਇਸ ਬੰਦਸ਼ ਨੂੰ ਮੰਨਦਾ ਨਹੀਂ ਸਾਂ ਇਸ ਕਰਕੇ ਉਹ ਮੈਨੂੰ ਜਾਣ ਲਈ ਪੈਸੇ ਨਹੀਂ ਸਨ ਦੇ ਰਹੇ।

ਬਡ ਦੇ ਪਿਤਾ ਬਖਸ਼ੀਸ਼ ਸਿੰਘ ਦੀ 1926 ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਸ ਦੀ ਹਮੇਸ਼ਾਂ ਵਧੀਆ ਸਿਹਤ ਹੁੰਦੀ ਸੀ, ਪਰ ਇੱਕ ਦਿਨ, ਉਹਨੇ ਇੱਕ ਕਾਰ ਮੀਲ ਭਰ ਗਾਰੇ ਵਿੱਚੋਂ ਧੱਕ ਕੇ ਕੱਢੀ ਅਤੇ ਉਸਨੂੰ ਛਾਤੀ ਦਾ ਦਰਦ ਮਹਿਸੂਸ ਹੋਇਆ। ਉਹਨੂੰ ਦੇਖਣ ਵਾਸਤੇ ਸੱਦੇ ਗਏ ਡਾਕਟਰ ਨੇ ਪੁੱਛਿਆ ਕਿ ਉਹਨੇ ਰਾਤੀਂ ਖਾਧਾ ਕੀ ਸੀ। ਜਦੋਂ ਉਹਨੂੰ ਦੱਸਿਆ ਗਿਆ ਕਿ ਉਹਨੇ ਸਬਜ਼ੀ ਤੇ ਦਾਲ ਨਾਲ ਰੋਟੀ ਖਾਧੀ ਸੀ ਤਾਂ ਡਾਕਟਰ ਨੇ ਪੁੱਛਿਆ, "ਕਰੀ ਨਹੀਂ ਖਾਧੀ?"

ਬਖਸ਼ੀਸ਼ ਸਿੰਘ ਦੀ ਪਤਨੀ ਰਤਨ ਕੌਰ ਨੇ ਕਿਹਾ ਕਿ ਉਹਨੇ ਸਬਜ਼ੀ ਤੇ ਦਾਲ ਵਿੱਚ ਕਰੀ ਤਾਂ ਵਰਤੀ ਸੀ।

"ਆਹਾ!" ਡਾਕਟਰ ਕਹਿਣ ਲੱਗਾ। "ਬਸ ਏਹੀ ਪਰਾਬਲਮ ਹੈ। ਹੋਰ ਮਸਾਲੇ ਨਹੀਂ ਖਾਣੇ। ਕਰੀ ਬਿਲਕੁਲ ਬੰਦ ਕਰ ਦੇਵੋ"। ਏਨਾ ਕਹਿ ਕੇ ਡਾਕਟਰ ਚਲੇ ਗਿਆ।

ਦਿਨ ਦੇ ਮੁਕਣ ਤੋਂ ਪਹਿਲਾਂ ਹੀ ਬਖਸ਼ੀਸ਼ ਸਿੰਘ ਮੁੱਕ ਗਿਆ। ਉਹ ਦਿਲ ਦੇ ਦੌਰੇ ਨਾਲ ਮਰਿਆ ਜਿਸ ਦਾ ਡਾਕਟਰ ਨੇ ਪਤਾ ਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੀ।

ਹੁਣ ਉਸ ਦੇ ਪਿਤਾ ਦੇ ਮਰਨ ਬਾਅਦ ਜਦ ਉਸ ਦੀ ਮਾਂ ਇੱਕ ਡੇਰ੍ਹੀ ਦਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਜਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਬਡ ਨੇ ਵੀ ਅਮਰੀਕਾ ਵਿੱਚ ਰਹਿ ਕੇ ਆਪਣੀ ਮਾਂ ਦੀ ਮਦਦ ਕਰਨ ਦਾ ਮਨ ਬਣਾ ਲਿਆ। ਇਹ ਉਹਦੇ ਵਾਸਤੇ ਘਰ ਮੁੜਨ ਦਾ ਇੱਕ ਖੁਸ਼ੀ ਵਾਲਾ ਮੌਕਾ ਸੀ। ਉਹ ਆਪਣੀ ਮਾਂ ਕੋਲ ਆ ਕੇ ਖੁਸ਼ ਸੀ ਜਿਹਦੇ ਕੋਲ ਉਹ ਸਿਰਫ ਆਪਣੀ ਉਮਰ ਦੇ ਬਾਰ੍ਹਾਂ ਵਰ੍ਹੇ ਹੀ ਰਿਹਾ ਸੀ। ਪਰ ਇਹ ਖੁਸ਼ੀ ਦਾ ਸਮਾਂ ਬੜਾ ਛੋਟਾ ਨਿਕਲਿਆ। ਰਤਨ ਕੌਰ ਵੀ ਬਡ ਦੇ ਵਾਪਸ ਆਉਣ ਦੇ ਤਿੰਨਾਂ ਸਾਲ ਬਾਅਦ 1932 ਵਿੱਚ ਚਲਾਣਾ ਕਰ ਗਈ।

ਉਸ ਦੀ ਮੌਤ ਨੇ ਚਾਰ ਛੋਟੇ ਬੱਚੇ, ਸਾਰੇ ਗਿਆਰਾਂ ਸਾਲਾਂ ਦੀ ਉਮਰ ਤੋਂ ਥੱਲੇ, ਅਨਾਥ ਕਰ ਦਿੱਤੇ।

ਇੱਕ ਵਾਰ ਫੇਰ ਬਡ ਢਿਲੋਂ ਆਪਣਾ ਪਰਵਾਰ ਚਲਾਉਣ ਵਾਸਤੇ ਦੂਜੇ ਲੋਕਾਂ ਦੇ ਖੇਤਾਂ ਵਿੱਚ ਕੰਮ ਕਰਨ ਲੱਗ ਪਿਆ। ਸੋਵੀਅਤ ਯੂਨੀਅਨ ਦੀ ਇੱਕ ਯੂਨੀਵਰਸਿਟੀ ਵਿੱਚੋਂ ਗਰੈਜੂਏਟ, ਕਈ ਜ਼ਬਾਨਾਂ ਪੰਜਾਬੀ, ਅੰਗ੍ਰੇਜ਼ੀ, ਰੂਸੀ ਤੇ ਜਪਾਨੀ ਬੋਲਣ ਵਿੱਚ ਮੁਹਾਰਤ, ਹੁਣ ਫੇਰ ਇੱਕ ਕਹੀ 'ਤੇ ਝੁਕਿਆ ਗੁਡਾਈ ਕਰਨ ਲੱਗਾ। ਕੈਲੇਫੋਰਨੀਆਂ ਦੀ ਕੜਕਦੀ ਧੁੱਪ ਵਿੱਚ ਥੋੜ੍ਹੀ ਜਿਹੀ ਤਨਖਾਹ ਬਦਲੇ ਗਰਮੀਓ ਗਰਮੀ ਹੋਣ ਲੱਗਾ।

ਇਸ ਜੀਵਨ ਕਹਾਣੀ ਦੀ ਲੇਖਕਾ, ਬਡ ਦੀ ਭੈਣ ਨੇ, ਸੂਰਤ ਸਿੰਘ ਗਿੱਲ, ਨਾਂ ਦੇ ਇੱਕ ਵਿਅਕਤੀ ਨਾਲ ਸ਼ਾਦੀ ਕਰ ਲਈ। ਉਹ ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿੱਚ ਪੁਲੀਟਕਲ ਸਾਇੰਸ ਦਾ ਵਿਦਿਆਰਥੀ ਸੀ ਤੇ ਗਦਰ ਪਾਰਟੀ ਵਿੱਚ ਰਹਿ ਕੇ ਕੰਮ ਕਰਨ ਵਾਲਾ ਕਾਮਾ ਸੀ। ਉਹਨੇ ਗਦਰ ਦੇ ਪੇਪਰ ਸੰਪਾਦ ਕੀਤੇ ਸਨ, ਲੇਖ ਲਿਖੇ ਸਨ ਤੇ ਮੀਟਿੰਗਾਂ ਵਿੱਚ ਭਾਸ਼ਣ ਦਿੱਤੇ ਸਨ। ਹੁਣ ਇਨ੍ਹਾਂ ਦੋਨਾਂ (ਬਡ ਤੇ ਸੂਰਤ ਸਿੰਘ) ਨੇ ਪਾਰਟੀ ਦਾ ਕੰਮ ਛੱਡ ਕੇ ਜ਼ਮੀਨ ਭੌਲੀ 'ਤੇ ਲੈ ਕੇ ਬੱਚਿਆਂ ਵਾਸਤੇ ਘਰ ਬੰਨ੍ਹਿਆਂ। ਲੇਖਕਾ ਦੇ ਆਪਣੇ ਬੱਚੇ ਤੇ ਉਸ ਦੇ ਛੋਟੇ ਭੈਣ ਭਰਾ ਇੱਕੋ ਪਰਵਾਰ ਵਿੱਚ ਪਲ਼ ਕੇ ਵੱਡੇ ਹੋਏ। ਅਮਰੀਕਾ ਵਿੱਚ ਪਏ ਉਸ ਸਮੇਂ ਦੇ ਭਿਆਨਕ ਆਰਥਿਕ ਮੰਦਵਾੜੇ ਦੇ ਬਾਵਜੂਦ ਨੌਜਵਾਨਾਂ ਦੇ ਜ਼ੋਰ ਨੇ ਸਾਂਝੇ ਪਰਵਾਰ ਨੂੰ ਖੁਸ਼ੀ 'ਚ ਵਸਦੇ ਰੱਖਿਆ।

ਬਡ ਦਾ ਬਹੁਤ ਮਨ ਸੀ ਕਿ ਇਬਰਾਹੀਮ ਲਿੰਕਨ ਬਰੀਗੇਡ ਦੇ ਨਾਲ ਸਪੇਨ ਵਿੱਚ ਲੜਨ ਜਾਵੇ ਪਰ ਘਰ ਦੀ ਜਿੰਮੇਵਾਰੀ ਕਾਰਨ ਜਾ ਨਾ ਸਕਿਆ। ਉਸ ਦਾ ਯਕੀਨ ਸੀ ਕਿ ਸਪੇਨ ਵਿੱਚ ਫਾਸ਼ਿਸਟਾਂ ਨੂੰ ਹਾਰ ਹੋ ਜਾਂਦੀ ਤਾਂ ਸੰਭਵ ਹੈ ਕਿ ਦੂਜੀ ਵੱਡੀ ਲੜਾਈ ਹੁੰਦੀ ਹੀ ਨਾ। ਉਹ ਸਪੇਨ ਦੀ ਲੜਾਈ ਨੂੰ ਦੁਨੀਆਂ ਦੀ ਦੂਜੀ ਵੱਡੀ ਲੜਾਈ ਵਾਸਤੇ ਰੀਹਰਸਲ ਸਮਝਦਾ ਸੀ।

ਦੂਜੀ ਵੱਡੀ ਲੜਾਈ ਜਦੋਂ ਲੱਗੀ ਉਦੋਂ ਸੱਭ ਤੋਂ ਛੋਟਾ ਮੁੰਡਾ ਹਰੀ ਅਠਾਰਾਂ ਦਾ ਹੋਇਆ ਸੀ। ਬਡ ਅਤੇ ਉਸ ਦੇ ਤਿੰਨ ਛੋਟੇ ਭਰਾ ਫਾਸ਼ਿਜ਼ਮ ਦੇ ਖਿਲਾਫ ਲੜਨ ਵਾਸਤੇ ਯੂਨਾਈਟਿਡ ਸਟੇਟਸ ਦੀ ਫੌਜ ਵਿੱਚ ਭਰਤੀ ਹੋ ਗਏ। ਚੌਂਹ ਭਰਾਵਾਂ ਵਿੱਚੋਂ ਇਕੱਲਾ ਬਡ ਹੀ ਸੀ ਜਿਸ ਨੂੰ ਯੂਰਪ ਵਿੱਚ ਲੜਨ ਵਾਸਤੇ ਭੇਜਿਆ ਗਿਆ। ਉਹ ਕਾਂਮਬੈਟ ਇੰਜਨੀਅਰਜ਼ ਡਿਵੀਜ਼ਨ ਵਿੱਚ ਸਾਰਜੈਂਟ ਸੀ। ਇਸ ਡਿਵੀਜ਼ਨ ਵਿੱਚ ਇੱਕ ਸੁਕਐਡ ਦਾ ਲੀਡਰ ਹੋਣ ਨਾਤੇ ਉਹਨੂੰ ਆਪਣੇ ਫਰਜ ਤੋਂ ਵਾਧੂ ਬਹਾਦਰੀ ਲਈ ਤਗਮਾ ਮਿਲਿਆ ਸੀ। ਲੜਾਈ ਦੌਰਾਨ ਉਸ ਨੂੰ ਤਿੰਨ ਤਾਰੇ (ਬਰਾਂਜ਼ ਸਟਾਰ) ਮਿਲੇ ਸਨ।

ਉਸ ਦਾ ਸੱਭ ਤੋਂ ਛੋਟਾ ਭਰਾ ਹਰੀ ਮਰੀਨ ਕੌਰਪਸ ਵਿੱਚ ਭਰਤੀ ਹੋ ਗਿਆ ਸੀ। ਓਕੀਨਾਵਾ ਦੀ ਇੱਕ ਬੀਚ 'ਤੇ ਉੱਤਰਣ ਸਮੇਂ ਉਹ ਲੜਾਈ ਵਿੱਚ ਮਾਰਿਆ ਗਿਆ। ਉਹ ਅਜੇ ਸਿਰਫ ਅਠਾਰਾਂ ਸਾਲਾਂ ਦਾ ਹੀ ਸੀ। (ਚਾਰ ਭਰਾਵਾਂ ਦੇ ਫੌਜੀ ਤਜਰਬੇ ਬਾਰੇ ਬਹੁਤ ਕੁਝ ਲਿਖਿਆ ਜਾ ਸਕਦਾ ਹੈ ਪਰ ਇਹ ਰੀਪੋਰਟ ਤਾਂ ਸਿਰਫ ਇੱਕ ਵਿਅਕਤੀ, ਬਡ ਢਿਲੋਂ ਬਾਰੇ ਹੀ ਹੈ)।

ਲੜਾਈ ਖਤਮ ਹੋਣ ਦੇ ਦੋ ਸਾਲ ਬਾਅਦ ਬਡ ਨੇ ਇੱਕ ਆਇਰਸ਼ ਅਮਰੀਕਨ ਔਰਤ ਜੋਐਨ ਸਟੂਅਰਟ ਨਾਲ ਲੌਰਡਸਬਰਗ, ਨਿਊ ਮੈਕਸੀਕੋ ਵਿਖੇ ਵਿਆਹ ਕਰਵਾ ਲਿਆ। ਨਿਊ ਮੈਕਸੀਕੋ ਅਮਰੀਕਾ ਦੀਆਂ ਤਿੰਨ ਸਟੇਟਾਂ ਵਿੱਚੋਂ ਇੱਕ ਸੀ ਜਿਹੜੀ ਉਸ ਸਮੇਂ ਇੱਕ ਚਿੱਟੇ ਵਿਅਕਤੀ ਅਤੇ ਰੰਗਦਾਰ ਬੰਦੇ ਦਰਮਿਆਨ ਵਿਆਹ ਦੀ ਆਗਿਆ ਦਿੰਦੀ ਸੀ। ਦੂਜੀਆਂ ਸਟੇਟਾਂ ਵਿੱਚ ਨਸਲਾਂ ਦੇ ਰਲ਼ਾ ਵਿਰੁੱਧ ਕਾਨੂੰਨ ਸਨ ਜਿਹੜੇ ਅਜਿਹੇ ਵਿਆਹਾਂ ਦੀ ਆਗਿਆ ਨਹੀਂ ਸੀ ਦਿੰਦੇ।

ਬਡ ਤੇ ਜੋਐਨ ਨੇ ਆਪਣੇ ਬੱਚੇ ਪਾਲਣ ਦੇ ਨਾਲ ਨਾਲ ਇੱਕੱਠਿਆਂ ਯੂਨੀਵਰਸਿਟੀ ਵਿੱਚ ਪੜ੍ਹਾਈ ਵੀ ਕੀਤੀ। ਆਪਣੀਆਂ ਡਿਗਰੀਆਂ ਖਤਮ ਕਰਨ ਬਾਅਦ ਬਡ ਕੈਲੇਫੋਰਨੀਆ ਦੇ ਖੇਤੀ ਬਾੜੀ ਦੇ ਵਿਭਾਗ ਵਿੱਚ ਕੰਮ ਕਰਨ ਲੱਗ ਪਿਆ ਅਤੇ ਜੋਐਨ ਲਾਇਬ੍ਰੇਰੀਅਨ ਬਣ ਗਈ ਅਤੇ ਬਾਅਦ ਵਿੱਚ ਸਾਂਨ ਫਰਾਂਸਿਸਕੋ ਲਾਇਬ੍ਰੇਰੀਅਨਾਂ ਦੀ ਯੂਨੀਅਨ ਦੀ ਨੇਤਾ ਬਣ ਗਈ।

ਸਾਨੂੰ ਮੁੜ ਕੇ ਫੇਰ ਬਡ ਦੀ ਤੇ ਗਦਰ ਪਾਰਟੀ ਦੀ ਗੱਲ ਵੱਲ ਮੁੜਨਾ ਚਾਹੀਦਾ ਹੈ ਕਿਉਂਕਿ ਇਹ ਸਾਰੀ ਕਹਾਣੀ ਗਦਰ ਦੀ ਯਾਦ ਤਾਜ਼ਾ ਰੱਖਣ ਵਾਸਤੇ ਵੀ ਲਿਖੀ ਜਾ ਰਹੀ ਹੈ। ਇਸ ਗੱਲ ਨਾਲ ਹੈਰਾਨੀ ਹੁੰਦੀ ਹੈ ਕਿ ਅਨੇਕਾਂ ਭਾਰਤੀ ਜਿਹੜੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਅਮਰੀਕਾ ਵਿੱਚ ਆਵਾਸੀ ਬਣ ਕੇ ਆਏ ਹਨ ਉਨ੍ਹਾਂ ਨੇ ਕਦੇ ਗਦਰ ਪਾਰਟੀ ਦਾ ਨਾਂਅ ਤੱਕ ਨਹੀਂ ਸੁਣਿਆਂ ਹੁੰਦਾ। ਇਹ ਇੱਕ ਹੈਰਤ ਤੇ ਸ਼ਰਮ ਵਾਲੀ ਗੱਲ ਹੈ।

ਇੱਕ ਹੋਰ ਵੱਡੀ ਸ਼ਰਮ ਵਾਲੀ ਗੱਲ ਹੈ ਭਾਰਤੀ ਸਰਕਾਰ ਵਲੋਂ 5 ਵੁੱਡ ਸਟਰੀਟ ਵਾਲੇ ਮੁੱਢਲੇ ਗਦਰ ਆਸ਼ਰਮ ਨੂੰ ਢਾਹ ਦੇਣਾ। ਭਾਰਤ ਦੀ ਆਜ਼ਾਦੀ ਤੋਂ ਬਾਅਦ ਗਦਰ ਪਾਰਟੀ ਨੇ ਇਹ ਇਮਾਰਤ ਭਾਰਤ ਦੀ ਸਰਕਾਰ ਨੂੰ ਦੇ ਦਿੱਤੀ ਸੀ। ਇਸ ਜਗ੍ਹਾ 'ਤੇ ਹੁਣ ਇੱਕ ਯਾਦਗਾਰ ਹਾਲ ਖੜ੍ਹਾ ਕੀਤਾ ਗਿਆ ਹੈ ਪਰ ਇਹ ਮੁੱਢਲੇ ਆਸ਼ਰਮ ਦੇ ਪੈਰਾਂ ਵਰਗਾ ਵੀ ਨਹੀਂ।

ਆਸ਼ਰਮ ਤਿੰਨ ਮੰਜ਼ਲਾਂ ਦੀ ਸ਼ਾਨਦਾਰ "ਵਿਕਟੋਰੀਅਨ" ਇਮਾਰਤ ਸੀ। ਥੱਲੇ ਵਾਲੀ ਮੰਜ਼ਲ, ਬੇਸਮਿੰਟ ਵਿੱਚ ਪ੍ਰਿੰਟਿੰਗ ਪਰੈੱਸ ਹੁੰਦੀ ਸੀ ਜਿਹਦੇ ਵਿੱਚੋਂ ਭਾਰਤ ਦੀ ਆਜ਼ਾਦੀ ਵਾਸਤੇ ਆਵਾਜ਼ ਬੁਲੰਦ ਹੁੰਦੀ ਸੀ। ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਆਪਣੀ ਪੜ੍ਹਾਈ ਦੇ ਵਕਤ ਵਿੱਚੋਂ ਸਮਾਂ ਕੱਢ ਕੇ ਗਦਰ ਅਖ਼ਬਾਰ ਲਈ ਲਿਖਦੇ ਅਤੇ ਇਸਤੇ ਕੰਮ ਕਰਦੇ ਸਨ ਉਹ ਉੱਪਰਲੀਆਂ ਦੋ ਮੰਜ਼ਲਾਂ 'ਤੇ ਰਹਿੰਦੇ ਸਨ। ਫੇਰ ਵੀ ਕਾਫੀ ਜਗ੍ਹਾ ਹੁੰਦੀ ਸੀ ਰਾਤ ਕੱਟਣ ਆਏ ਵਿਅਕਤੀਆਂ ਵਾਸਤੇ।

ਇੱਕ ਖਾਣਾ ਖਾਣ ਵਾਲਾ ਕਮਰਾ (ਡਾਇੰਨਿੰਗ ਰੂਮ) ਅਤੇ ਰਸੋਈ ਹੁੰਦੀ ਸੀ ਜਿਸ ਵਿੱਚ ਹਮੇਸ਼ਾਂ ਆਟੇ ਤੇ ਦਾਲਾਂ ਦਾ ਭੰਡਾਰ ਹੁੰਦਾ। ਮਿਰਚ ਮਸਾਲੇ ਤੇ ਹੋਰ ਸਮਾਨ ਦੀ ਕਦੇ ਤੋਟ ਨਹੀਂ ਸੀ ਹੁੰਦੀ। ਕੈਲੇਫੋਰਨੀਆਂ ਦੀ ਸੈਂਟਰਲ ਤੇ ਇੰਮਪੀਰੀਅਲ ਵੈਲੀ ਵਿੱਚੋਂ ਆਉਣ ਵਾਲੇ ਹਮੇਸ਼ਾਂ ਫਲ਼ ਤੇ ਸਬਜ਼ੀਆਂ ਦੇ ਟੋਕਰੇ ਲੈ ਕੇ ਆਉਂਦੇ। ਜਿਹੜਾ ਵੀ ਕੋਈ ਰਾਤ ਕੱਟਣ ਵਾਸਤੇ ਆਉਂਦਾ ਉਹਦੇ ਲਈ ਪੰਜਾਬੀ ਪ੍ਰਾਹੁਣਚਾਰੀ ਅਨੁਸਾਰ ਢਿੱਡ ਭਰ ਕੇ ਖਾਣ ਲਈ ਵੀ ਹੁੰਦਾ।

ਰਤਨ ਕੌਰ ਅਕਸਰ ਭਾਰਤ ਦੇ ਲੋਕਾਂ ਦੀ ਆਏ ਗਏ ਦੀ ਆਓ ਭਗਤ ਕਰਨ ਦੀਆਂ ਗੱਲਾਂ ਕਰਦੀ ਹੁੰਦੀ ਸੀ ਕਿ ਕਿਸ ਤਰ੍ਹਾਂ ਪੰਜਾਬ ਵਿੱਚ ਕੋਈ ਲੰਮੇ ਸਫਰ ਤੇ ਜਾਣ ਵਾਲਾ ਪਿੰਡ ਦੇ ਕਿਸੇ ਵੀ ਘਰ ਠਹਿਰ ਸਕਦਾ ਸੀ ਜਿੱਥੇ ਉਹਨੂੰ ਖਾਣਾ ਤੇ ਰਾਤ ਵਾਸਤੇ ਰਹਿਣ ਲਈ ਟਿਕਾਣਾ ਮਿਲ਼ ਜਾਂਦਾ ਸੀ।

ਪੰਜਾਬੀ ਜਿਹੜੇ ਪੱਛਮੀ ਤੱਟ 'ਤੇ ਰਹਿੰਦੇ ਸਨ ਉਸ ਰਵਾਇਤ ਦਾ ਮਾਣ ਕਰਦੇ ਸਨ। ਕੋਈ ਵੀ ਵਿਅਕਤੀ ਜਿਹੜਾ ਇੱਕ ਸਟੇਟ ਵਿੱਚੋਂ ਦੂਜੀ ਵੱਲ ਜਾ ਰਿਹਾ ਹੁੰਦਾ ਕਦੇ ਵੀ ਕਿਸੇ ਰੈਸਟੋਰੈਂਟ ਜਾਂ ਹੋਟਲ ਵਿੱਚ ਜਾਣ ਬਾਰੇ ਨਾ ਸੋਚਦਾ। ਉਹਨੂੰ ਪਤਾ ਹੁੰਦਾ ਸੀ ਕਿ ਨੇੜੇ ਦੇ ਕਿਸੇ ਵੀ ਪੰਜਾਬੀ ਘਰ ਵਿੱਚ ਉਹਨੂੰ ਜੀ ਆਇਆਂ ਆਖਿਆ ਜਾਵੇਗਾ। ਦਿਨ ਜਾਂ ਰਾਤ ਦੇ ਕਿਸੇ ਸਮੇਂ ਵੀ ਜੇ ਕੋਈ ਲੰਮੇ ਸਫਰ ਤੇ ਜਾ ਰਿਹਾ ਰਾਹੀ ਆ ਜਾਵੇ ਤਾਂ ਉਸਨੂੰ ਖਾਣ ਪੀਣ ਨੂੰ ਦਿੱਤਾ ਜਾਂਦਾ, ਭਾਵੇਂ ਇਸ ਕੰਮ ਵਾਸਤੇ ਘਰ ਵਾਲਿਆਂ ਨੂੰ ਅੱਧੀ ਰਾਤ ਨੂੰ ਉੱਠ ਕੇ ਖਾਣਾ ਪਕਾਉਣਾ ਪਵੇ। ਬਡ ਨੂੰ ਇਸ ਗੱਲ ਦਾ ਚੇਤਾ ਸੀ ਕਿ ਉਹਦੀ ਮਾਂ ਰਤਨ ਕੌਰ ਹਮੇਸ਼ਾਂ ਰਾਤ ਵੇਲੇ ਵਾਧੂ ਖਾਣਾ ਬਣਾਉਂਦੀ ਤੇ ਕਹਿੰਦੀ ਕੀ ਪਤਾ ਕਦੋਂ ਕੋਈ ਵਿਚਾਰਾ ਭੁੱਖਾ ਭਾਣਾ ਰਾਹੀ ਆ ਜਾਵੇ। ਗਦਰ ਆਸ਼ਰਮ ਦੇ ਲੰਗਰ ਵਿੱਚ ਵੀ ਇਸੇ ਕਿਸਮ ਦੀ ਪ੍ਰਹੁਣਚਾਰੀ ਕੀਤੀ ਜਾਂਦੀ ਸੀ।

ਆਸ਼ਰਮ ਦੇ ਮੁੱਖ ਹਾਲ ਦੇ ਨਾਲ ਲੱਗਦੀ ਲਾਇਬਰੇਰੀ ਹੁੰਦੀ ਸੀ ਜਿਸਦੀਆਂ ਸ਼ੈਲਫਾਂ 'ਤੇ ਉਹ ਕਿਤਾਬਾਂ ਹੁੰਦੀਆਂ ਸਨ ਜਿਹੜੀਆਂ ਗਦਰ ਪਾਰਟੀ ਦੇ ਪਹਿਲੇ ਸਕਾਲਰਾਂ ਤੇ ਕਨਵੀਨਰਾਂ ਨੇ ਪੜ੍ਹੀਆਂ ਹੁੰਦੀਆਂ ਸਨ। ਬਡ ਨੇ ਦੱਸਿਆ ਕਿ ਉਹਨੇ ਇਨ੍ਹਾਂ ਕਿਤਾਬਾਂ ਵਿੱਚ ਕਈ ਵਾਰੀ ਉਹ ਨੋਟ ਦੇਖੇ ਸਨ ਜਿਹੜੇ ਗਦਰ ਅਖ਼ਬਾਰ ਦੇ ਪਹਿਲੇ ਸੰਪਾਦਕਾਂ ਵਲੋਂ ਲਏ ਗਏ ਸਨ। ਇਨ੍ਹਾਂ ਕਿਤਾਬਾਂ ਦਾ ਗੁਆਚ ਜਾਣਾ ਗਦਰ ਪਾਰਟੀ ਦੇ ਇਤਿਹਾਸਕਾਰਾਂ ਵਾਸਤੇ ਬਹੁਤ ਵੱਡਾ ਘਾਟਾ ਸੀ।

ਮੁੱਖ ਹਾਲ ਕਮਰੇ ਵਿੱਚ ਭਾਰਤ ਦੀ ਆਜ਼ਾਦੀ ਵਾਸਤੇ ਲੜਨ ਵਾਲੇ ਦੇਸ਼ ਭਗਤਾਂ ਦੀਆਂ ਤਸਵੀਰਾਂ ਹੁੰਦੀਆਂ ਸਨ। ਪੱਛਮੀ ਤੱਟ ਤੋਂ ਆਜ਼ਾਦੀ ਵਾਸਤੇ ਲੜਨ ਗਏ ਸ਼ਹੀਦਾਂ ਦੀਆਂ ਤਸਵੀਰਾਂ ਇਸ ਕੰਧ 'ਤੇ ਮਾਣ ਨਾਲ ਲਟਕਦੀਆਂ ਸਨ। ਇਨ੍ਹਾਂ ਤਸਵੀਰਾਂ ਵਿਚਕਾਰ ਅਣਵੰਡੇ ਭਾਰਤ (ਪਾਕਿਸਤਾਨ ਬਣਨ ਤੋਂ ਪਹਿਲਾਂ) ਦਾ ਨਕਸ਼ਾ ਹੁੰਦਾ ਸੀ।

ਜਦੋਂ ਭਾਰਤ ਦੀ ਸਰਕਾਰ ਨੇ 5 ਵੁੱਡ ਸਟਰੀਟ ਵਾਲੀ ਅਸਲੀ ਮੁੱਢਲੀ ਇਮਾਰਤ ਢਾਹੀ ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੀ ਇੱਕ ਇਤਿਹਾਸਕ ਯਾਦਗਾਰ ਖਤਮ ਕਰ ਦਿੱਤੀ। ਇਹ ਇੱਕ ਜੀਊਂਦਾ ਜਾਗਦਾ ਤੀਰਥ ਸੀ ਜਿਹੜਾ ਸਿੱਖਣ ਤੇ ਸਿੱਖਾਲਣ ਦਾ ਅਨਿਵਾਰੀ ਅਸਥਾਨ ਸੀ। ਵਿਚਾਰ ਵਟਾਂਦਰੇ ਅਤੇ ਸੰਵਾਦ ਵਾਸਤੇ ਇੱਕ ਮੰਚ।

ਗਦਰ ਆਸ਼ਰਮ ਦੇ ਮੁੱਖ ਹਾਲ ਵਿੱਚ ਹੀ ਆਜ਼ਾਦ ਹੋਏ ਭਾਰਤ ਦੇ ਅਮਰੀਕਾ ਵਿਚਲੇ ਪਹਿਲੇ ਨੁਮਾਇੰਦੇ ਐਂਬੈਸਡਰ ਆਸਫ ਅਲੀ ਅਤੇ ਉਸ ਦੀ ਪਤਨੀ ਅਰੁਨਾ ਆਸਫ ਅਲੀ ਨੂੰ ਪੰਜਾਬੀ ਖਾਣੇ ਦੀ ਸ਼ਾਨਦਾਰ ਦਾਅਵਤ ਦਿੱਤੀ ਗਈ ਸੀ।

ਇਹ ਉਹ ਹੀ ਥਾਂ ਸੀ ਜਿੱਥੇ ਬਡ ਢਿਲੋਂ ਤੇ ਉਸ ਦੇ ਸਾਥੀਆਂ ਦੇ ਜਥੇ ਦੀ ਜਾਣ ਸਮੇਂ ਤਸਵੀਰ ਖਿੱਚੀ ਗਈ ਸੀ। ਬਡ ਢਿੱਲੋਂ ਜਦੋਂ ਦੂਜੇ ਦਿਨ ਜਹਾਜ਼ ਵਿੱਚ ਚੜ੍ਹਿਆ ਸੀ ਤਾਂ ਉਸਨੂੰ ਇਸ ਗੱਲ ਦਾ ਕੀ ਪਤਾ ਸੀ ਕਿ ਉਹ ਕਦੇ ਵੀ ਭਾਰਤ ਨਹੀਂ ਪਹੁੰਚੇਗਾ। ਉਹਨੂੰ ਇਸ ਗੱਲ ਦਾ ਵੀ ਨਹੀਂ ਸੀ ਪਤਾ ਕਿ ਉਹਨੂੰ ਸਬੱਬ ਨਾਲ ਇੱਕ ਅਜਿਹੀ ਵਿਦਿਆ ਦਾ ਤੋਹਫਾ ਮਿਲੇਗਾ ਜਿਹੜਾ ਉਹਦੇ ਸਾਰੇ ਜੀਵਨ ਨੂੰ ਬਦਲ ਕੇ ਰੱਖ ਦੇਵੇਗਾ।

ਉਸ ਵਿਦਿਆ ਨੇ ਉਹਨੂੰ ਮਜ਼ਦੂਰੀ ਦੀ ਕੀਮਤ ਨੂੰ ਸਮਝਣ ਦੀ ਸੋਝੀ ਦਿੱਤੀ ਅਤੇ ਦਰਸਾਇਆ ਕਿ ਦੁਨੀਆਂ ਵਿੱਚ ਅਮੀਰ ਕਿਉਂ ਤੇ ਗਰੀਬ ਕਿਉਂ ਹਨ।

ਬਖਸ਼ੀਸ਼ ਸਿੰਘ ਨੇ ਕਿਤਾਬਾਂ ਦੇ ਤੋਹਫੇ ਨਾਲ ਵਿਦਿਆ ਨੂੰ ਫੈਲਾਉਣ ਦੀ ਇੱਕ ਰਵਾਇਤ ਸ਼ੁਰੂ ਕੀਤੀ ਸੀ। ਜਦੋਂ ਉਹ 1922 ਵਿੱਚ ਓਰੇਗਨ ਤੋਂ ਮੁੜ ਕੇ ਕੈਲੇਫੋਰਨੀਆਂ ਸਟੇਟ ਵਿੱਚ ਆਏ ਤਾਂ ਉਹਨੇ ਅਤੇ ਰਤਨ ਕੌਰ ਨੇ ਉਹ ਸਾਰੀਆਂ ਕਿਤਾਬਾਂ ਇੱਕ ਛੋਟੀ ਲਾਇਬਰੇਰੀ ਨੂੰ ਦੇ ਦਿੱਤੀਆਂ ਜਿਹੜੀਆਂ ਉਨ੍ਹਾਂ ਨੇ ਆਪਨੇ ਬੱਚਿਆਂ ਵਾਸਤੇ ਖ੍ਰੀਦੀਆਂ ਸਨ।

ਬਡ ਨੂੰ ਚੇਤਾ ਹੈ ਕਿ ਉਹ ਆਪਣੇ ਚਾਚੇ (ਪਿਤਾ) ਨਾਲ ਅਮਰੀਕਾ ਦੇ ਰਾਸ਼ਟਰਪਤੀ ਦੇ ਪੱਦ ਲਈ ਚੋਣ ਲੜ ਰਹੇ ਰੌਬਰਟ ਲਾਫੌਲੈਟੇ ਦੇ ਹੱਕ ਵਿੱਚ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਫਾਰਮਾਂ ਦੇ ਵਿੱਚ ਦੀ ਕਈ ਕਈ ਮੀਲ ਤੁਰ ਕੇ ਜਾਂਦਾ ਹੁੰਦਾ ਸੀ। ਉਸ ਦੇ ਪਿਤਾ ਰੌਬਰਟ ਲਾਫੌਲੈਟੇ ਦੀ ਹਿਮਾਇਤ ਕਰ ਰਹੇ ਸਨ ਕਿਉਂਕਿ ਉਹ ਸਾਰੇ ਉਮੀਦਵਾਰਾਂ ਵਿੱਚੋਂ ਸੱਭ ਤੋਂ ਵੱਧ ਅਗਾਂਹਵਧੂ ਸੀ। ਉਸ ਸਥਿਤੀ ਦੀ ਹਾਸੋ ਹੀਣੀ ਗੱਲ ਇਹ ਸੀ ਕਿ ਏਸ਼ੀਅਨਾਂ ਵਿਰੁੱਧ ਬਣੇ ਕਾਨੂੰਨਾਂ ਕਾਰਨ ਬਖਸ਼ੀਸ਼ ਸਿੰਘ ਆਪ ਖੁਦ ਵੋਟ ਨਹੀਂ ਸੀ ਪਾ ਸਕਦਾ।

ਬਡ ਜਦੋਂ ਮਾਸਕੋ ਯੂਨੀਵਰਸਿਟੀ ਦੀਆਂ ਜਮਾਤਾਂ ਵਿੱਚ ਬੈਠਾ ਹੋਵੇਗਾ ਤਾਂ ਉਹਨੂੰ ਆਪਣੇ ਮਾਂ ਪਿਓ ਦੀ ਬੜੀ ਤੀਖਣ ਯਾਦ ਆਉਂਦੀ ਹੋਵੇਗੀ। ਕਿਤਾਬਾਂ ਪੜ੍ਹਦਿਆਂ, ਲੈਕਚਰ ਸੁਣਦਿਆਂ ਉਹਨੇ ਜਾਣਿਆਂ ਕਿ ਕਿਉਂ ਉਹਦੇ ਪਿਤਾ ਕੋਲ ਕਦੇ ਲੋੜ ਜੋਗੇ ਵੀ ਪੈਸੇ ਨਹੀਂ ਸੀ ਹੋਏ ਜਦਕਿ ਉਹਨੇ ਆਪਣਾ ਸਾਰਾ ਜੀਵਨ ਸਖਤ ਮਿਹਨਤ ਕਰਦਿਆਂ ਗੁਜ਼ਾਰਿਆ ਸੀ।

ਉਹ ਨਿੱਕਾ ਜਿਹਾ ਮੁੰਡਾ ਜਿਹੜਾ ਕੈਲੇਫੋਰਨੀਆਂ ਦੀ ਧੁੱਪ ਵਿੱਚ ਮੁੜਕੋ ਮੁੜਕੀ ਹੁੰਦਾ ਸੀ, ਥਕਾਵਟ ਨਾਲ ਚੂਰ ਚੂਰ ਹੁੰਦਾ ਸੀ, ਜਿਹਦੇ ਗੋਡੀ ਕਰਦੇ ਦੇ ਹੱਥ ਛਾਲੋ ਛਾਲੀ ਹੋਏ ਹੁੰਦੇ, ਉਹ ਨਿੱਕਾ ਜਿਹਾ ਮੁੰਡਾ ਪੂਰਾ ਸੂਰਾ ਆਦਮੀ ਬਣ ਗਿਆ ਸੀ ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗਾ ਕਿ ਜਿਸ ਕੋਲ ਵੀ ਉਤਪਾਦਨ ਦੀ ਮਾਲਕੀ ਸੀ ਉਹ ਹੀ ਉਸ ਦੀ ਮਜ਼ਦੂਰੀ ਦਾ ਮਾਲਕ ਵੀ ਸੀ।

ਪਿਛਲੇ ਸਾਲਾਂ ਦੌਰਾਨ ਬਡ ਆਪਣੇ ਪਰਵਾਰ (ਜਿਸ ਵਿੱਚ ਹੁਣ ਦੋ ਲੜਕੀਆਂ ਵੀ ਸ਼ਾਮਲ ਸਨ) ਨੂੰ ਨਾਲ ਲੈ ਕੇ ਅੰਧ ਮਹਾਂਸਾਗਰ (ਅਟਲਾਂਟਿਕ ਓਸ਼ੀਅਨ) ਲੰਘ ਕੇ ਯੂਰਪ ਨੂੰ ਗਿਆ ਫੇਰ ਯੂਰਪ ਤੋਂ ਪੂਰਬ ਦੇ ਦੇਸ਼ਾਂ ਵਲ ਅਤੇ ਭਾਰਤ ਨੂੰ ਗਿਆ। ਉਹ ਇੱਕ ਵੈਨ ਵਿੱਚ ਸਫਰ ਕਰ ਰਹੇ ਸਨ ਜਿਹੜੀ ਉਨ੍ਹਾਂ ਨੇ ਜਰਮਨੀ ਤੋਂ ਖ੍ਰੀਦੀ ਸੀ। ਬਡ ਆਪਣੇ ਪਰਵਾਰ ਨੂੰ ਉਨ੍ਹਾਂ ਥਾਵਾਂ 'ਤੇ ਲੈ ਕੇ ਗਿਆ ਜਿੱਥੇ ਉਹ ਜਰਮਨ ਅਤੇ ਫਰਾਂਸ ਵਿੱਚ ਇੱਕ ਸਿਪਾਹੀ ਵਜੋਂ ਗਿਆ ਸੀ ਅਤੇ ਸੋਵੀਅਤ ਯੂਨੀਅਨ ਦੀਆਂ ਉਨ੍ਹਾਂ ਥਾਵਾਂ 'ਤੇ ਜਿੱਥੇ ਉਹ ਆਪਣੇ ਵਿਦਿਆਰਥੀ ਜੀਵਨ ਦੇ ਦਿਨਾਂ ਦੌਰਾਨ ਰਿਹਾ ਸੀ।

ਇਸ ਟਰਿੱਪ ਦੌਰਾਨ ਉਹ ਵੈਨ ਵਿੱਚ ਹੀ ਸੌਂਦੇ ਸਨ ਅਤੇ ਆਪਣਾ ਖਾਣਾ ਆਪ ਹੀ ਬਣਾਉਂਦੇ ਸਨ। ਭਾਰਤ ਪਹੁੰਚ ਕੇ ਉਹ ਆਪਣੇ ਜੱਦੀ ਪਿੰਡ ਸੁਰਸਿੰਘ ਤੇ ਆਪਣੇ ਨਾਨਕੀ ਗੁਮਟੀ ਗਿਆ।

ਫੇਰ ਉਸਨੇ ਭਾਰਤ ਦਾ ਇੱਕ ਹੋਰ ਸਫਰ ਕੀਤਾ। ਇਸ ਸਫਰ ਦੌਰਾਨ ਉਸਨੇ ਗੱਡੀ ਵਿੱਚ ਬੈਠ ਕੇ ਉੱਤਰ ਤੋਂ ਲੈ ਕੇ ਭਾਰਤ ਦੇ ਥੱਲੇ ਦੇ ਦੱਖਣੀ ਹਿੱਸੇ ਤੱਕ ਦਾ ਸਫਰ ਕੀਤਾ। ਪੰਜਾਬ ਅਤੇ ਦਿੱਲੀ ਵਿੱਚ ਉਹਨੇ ਆਪਣੇ ਪਹਿਲੇ ਸਮੇਂ ਦੇ ਜਾਣ ਪਛਾਣ ਵਾਲੇ ਕਾਮਰੇਡਾਂ ਨਾਲ ਸੰਪਰਕ ਕਾਇਮ ਕੀਤਾ ਅਤੇ ਸਿਆਸੀ ਸੋਚ ਦੀਆਂ ਨਵੀਆਂ ਤੋਂ ਨਵੀਆਂ ਕਿਤਾਬਾਂ ਦੀ ਭਾਲ ਕੀਤੀ।

ਯੂਰਪ ਦੇ ਆਪਣੇ ਦੂਜੇ ਸਫਰ ਦੌਰਾਨ ਉਹਨੇ ਕੁਝ ਸਮਾਂ ਇਟਲੀ ਵਿੱਚ ਗੁਜਾਰਿਆ, ਆਪਣੀ ਇਤਾਲਵੀ ਬੋਲੀ ਦਾ ਅਭਿਆਸ ਕਰਨ ਵਾਸਤੇ। ਉਹਨੇ ਇਤਾਲਵੀ ਭਾਸ਼ਾ ਸਿੱਖਣੀ ਸ਼ੁਰੂ ਕੀਤੀ ਹੋਈ ਸੀ। ਉਹ ਬੜੀ ਛੇਤੀ ਮੌਲਿਕ ਇਤਾਲਵੀ ਭਾਸ਼ਾ ਵਿੱਚ ਇਤਾਲਵੀ ਇਨਕਲਾਬੀਆਂ ਬਾਰੇ ਕਿਤਾਬਾਂ ਪੜ੍ਹਨ ਲੱਗ ਪਿਆ ਸੀ।

ਬਡ ਦਾ ਜ਼ਬਾਨਾਂ ਸਿੱਖਣ ਦਾ ਜੀਵਨ ਭਰ ਦਾ ਸ਼ੌਕ ਸੀ। ਆਪਣੇ ਛਿਆਸੀਵੇਂ ਜਨਮ ਦਿਨ ਲੰਘਣ 'ਤੇ ਵੀ ਉਹ ਸਾਂਨ ਫਰਾਂਨਸਿਸਕੋ ਦੀ ਸਟੇਟ ਯੂਨੀਵਰਸਿਟੀ ਵਿੱਚ ਇਤਾਲਵੀ, ਰੂਸੀ ਬੋਲੀਆਂ ਅਤੇ ਪੁਲੀਟੀਕਲ ਫਿਲਾਸਫੀ ਦੇ ਵਿਸ਼ੇ ਦੀ ਪੜ੍ਹਾਈ ਵਿੱਚ ਦਾਖਲ ਸੀ। ਉਹ ਸਿਰਫ ਗਿਆਨ ਵਾਸਤੇ ਪੜ੍ਹਦਾ ਹੁੰਦਾ ਸੀ ਕਦੇ ਨੰਬਰ ਲੈਣ ਜਾਂ ਜਮਾਤਾਂ ਪਾਸ ਕਰਨ ਲਈ ਨਹੀਂ, ਪਰ ਫੇਰ ਵੀ ਉਹ ਦੂਜੇ ਵਿਦਿਆਰਥੀਆਂ ਨਾਲ ਬਹਿ ਕੇ ਇਮਤਿਹਾਨ ਲਿਖਦਾ ਆਪਣੇ ਵਿਕਾਸ ਦਾ ਅੰਦਾਜ਼ਾ ਲਾਉਣ ਵਾਸਤੇ। ਆਪਣੀ ਮੌਤ ਤੋਂ ਇੱਕ ਮਹੀਨਾ ਪਹਿਲਾਂ ਤੱਕ ਉਹ ਹਫਤੇ ਦੀਆਂ ਤਿੰਨ ਜਮਾਤਾਂ ਵਿੱਚ ਬੈਠਦਾ ਹੁੰਦਾ ਸੀ।

ਵਿਦਿਆ ਹਾਸਲ ਕਰਨਾ ਹੀ ਉਹਦਾ ਇੱਕੋ ਇੱਕ ਸ਼ੌਕ ਨਹੀਂ ਸੀ। ਉਹ ਸ਼ਤਰੰਜ (ਚੈੱਸ) ਖੇਡਣੀ ਬਹੁਤ ਪਸੰਦ ਕਰਦਾ ਸੀ, ਜਿਹੜੀ ਉਹ ਆਪਣੇ ਮਾਸਕੋ ਦੇ ਵਿਦਿਆਰਥੀ ਜੀਵਨ ਸਮੇਂ ਤੋਂ ਖੇਡਦਾ ਆਇਆ ਸੀ। ਇਸ ਲੇਖਕ ਨੂੰ 1929 ਵਿੱਚ ਉਹਦੇ ਕੋਲੋਂ ਸ਼ਤਰੰਜ ਖੇਡਣੀ ਸਿੱਖਣ ਦਾ ਚੇਤਾ ਹੈ। ਇੱਕ ਵਾਰੀ ਜਦੋਂ ਅਸੀਂ ਖੇਡ ਰਹੇ ਸੀ ਤਾਂ ਰਾਤ ਨੂੰ ਲੈਂਪ ਵਿੱਚੋਂ ਤੇਲ ਮੁੱਕ ਗਿਆ, ਖੇਡ ਬੰਦ ਕਰਨ ਦੀ ਥਾਂ ਅਸੀਂ ਬਾਹਰ ਚੰਦ ਦੀ ਚਾਨਣੀ ਵਿੱਚ ਖੇਡ ਖਤਮ ਕੀਤੀ।

ਪਰਵਾਰ ਦੀਆਂ ਕਈ ਪੀੜ੍ਹੀਆਂ ਨੂੰ ਸ਼ਤਰੰਜ ਖੇਡਣੀ ਸਿਖਾਉਣ ਦੇ ਨਾਲ ਨਾਲ ਬਡ ਨੇ ਉਨ੍ਹਾਂ ਨੂੰ ਉਹ ਸਿਆਸੀ ਸੂਝ ਵੀ ਦਿੱਤੀ ਜਿਹੜੀ ਸੂਝ ਉਹਦੇ ਵਾਸਤੇ ਉਹਦੇ ਸਾਹਾਂ ਜਿੰਨੀ ਜ਼ਰੂਰੀ ਸੀ।

ਜੇ ਕਿਸੇ ਨੂੰ ਇਸ ਗੱਲ ਦਾ ਭੁਲੇਖਾ ਲੱਗਦਾ ਹੋਵੇ ਕਿ ਉਹ ਆਪਣੇ ਆਪ ਨੂੰ ਅਧਿਆਪਕ ਸਮਝਦਾ ਜਾਂ ਪੇਸ਼ ਕਰਦਾ ਸੀ ਤਾਂ ਇਹ ਗੱਲ ਦੱਸਣੀ ਜ਼ਰੂਰੀ ਹੈ ਕਿ ਉਹ ਗੱਲਾਂ ਕਰਨ ਨਾਲੋਂ ਜ਼ਿਆਦਾ ਸਮਾਂ ਦੂਜੇ ਨੂੰ ਸੁਣਦਾ ਸੀ। ਉਹ ਕਦੇ ਵੀ "ਲੀਡਰ" ਨਹੀਂ ਸੀ ਬਣਨਾ ਚਾਹੁੰਦਾ। ਇਸ ਗੱਲ ਵਿੱਚ ਉਹ ਜ਼ਰੂਰ ਯੂਨੀ ਇੰਡੀਅਨ ਵਰਗਾ ਹੋਵੇਗਾ ਜਿਨ੍ਹਾਂ ਬਾਰੇ ਉਹਨੇ ਇੱਕ ਵਾਰੀ ਦੱਸਿਆ ਸੀ ਕਿ ਉਹ ਅਜਿਹੇ ਲੋਕ ਸਨ ਜੋ ਕਦੇ ਵੀ ਇੱਕ ਦੂਜੇ ਤੋਂ ਉੱਤੇ ਨਹੀਂ ਸੀ ਹੋਣਾ ਚਾਹੁੰਦੇ। ਉਹ ਲੀਡਰ ਦੀ ਪਦਵੀ ਨੂੰ ਮੰਨਦੇ ਨਹੀਂ ਸਨ। ਇਹ ਵਿਆਖਿਆ ਬਡ 'ਤੇ ਏਨੀ ਪੂਰੀ ਢੁੱਕਦੀ ਹੈ ਕਿ ਤੁਸੀਂ ਸੋਚ ਸਕਦੇ ਹੋ ਕਿ ਉਹ ਵੀ ਸੱਚ ਮੁੱਚ ਹੀ ਯੂਨੀ ਸੀ।

ਬਡ ਨੇ ਹਮੇਸ਼ਾਂ ਆਪਣੇ ਆਪ ਨੂੰ ਜਿਸਮਾਨੀ ਤੌਰ ਤੇ ਪੂਰੀ ਤਰ੍ਹਾਂ ਸਿਹਤਮੰਦ ਰੱਖਿਆ। ਉਹ ਹਰ ਸਵੇਰ ਦੌੜਦਾ ਹੁੰਦਾ ਸੀ। ਆਪਣੇ ਬਿਆਸੀਵੇਂ ਜਨਮ ਦਿਨ ਤੋਂ ਬਾਅਦ ਉਹ ਹੌਲੀ ਹੋ ਗਿਆ ਸੀ ਤੇ ਭੱਜਣ ਦੀ ਬਜਾਏ ਤੁਰਨ ਲੱਗ ਪਿਆ ਸੀ। ਉਹਨੇ ਸਾਰੀ ਉਮਰ ਹੈਂਡਬਾਲ ਨਾਂ ਦੀ ਖੇਡ ਖੇਡਣੀ ਜ਼ਾਰੀ ਰੱਖੀ ਜਿਸਨੂੰ ਖੇਡਣ ਵਾਸਤੇ ਬੜੇ ਤੰਦਰੁਸਤ ਤੇ ਜ਼ੋਰ ਵਾਲੇ ਸਰੀਰ ਦੀ ਲੋੜ ਹੁੰਦੀ ਹੈ। ਇਹੀ ਕਾਰਨ ਸੀ ਕਿ ਜਿਹੜੇ ਉਹਨੂੰ ਜਾਣਦੇ ਸਨ ਉਹਦੀ ਮੌਤ ਦਾ ਸੁਣ ਕੇ ਹੈਰਾਨ ਰਹਿ ਗਏ। ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਆਉਂਦਾ ਕਿ ਇਹ ਗੌਰਵਮਈ, ਲੰਬਾ, ਜਵਾਨਾਂ ਵਾਂਗ ਤੁਰਨ ਵਾਲਾ, ਸੋਹਣਾ ਮਨੁੱਖ ਅਚਾਨਕ ਨਹੀਂ ਸੀ।

ਉਹ ਜਿਹੜਾ ਵੀ ਕੰਮ ਕਰਦਾ ਉਸ ਵਿੱਚ ਉਸ ਦਾ ਜੀਵਨ ਪ੍ਰਤਿ ਮੋਹ ਅਤੇ ਮਨੁੱਖਤਾ ਲਈ ਫਿਕਰ ਜ਼ਾਹਿਰ ਹੁੰਦਾ। ਹਮੇਸ਼ਾਂ ਦਿਆਲੂ, ਹਰ ਸਥਿਤੀ ਵਿੱਚ ਦੂਜਿਆਂ ਦੇ ਆਰਾਮ ਦਾ ਖਿਆਲ ਰੱਖਣ ਵਾਲਾ। ਕਿਸੇ ਕਮਰੇ ਜਾਂ ਬੱਸ ਵਿੱਚ ਉਹ ਸੱਭ ਤੋਂ ਪਹਿਲਾਂ ਉੱਠ ਕੇ ਦੂਜੇ ਨੂੰ ਆਪਣੀ ਸੀਟ ਪੇਸ਼ ਕਰਦਾ। ਘਰ ਆਏ ਪ੍ਰਾਹੁਣੇ ਦਾ ਉਹ ਬੜਾ ਆਦਰ ਮਾਣ ਕਰਦਾ ਤੇ ਮੋਹ ਨਾਲ ਕਹਿੰਦਾ, "ਤੁਸੀਂ ਜ਼ਰੂਰ ਜੋਐਨ ਦੀਆਂ ਬਣਾਈਆਂ ਪੇਸਟਰੀਆਂ ਖਾ ਕੇ ਦੇਖੋ। ਉਹਨੇ ਅੱਜ ਸਵੇਰੇ ਹੀ ਬਣਾਈਆਂ ਹਨ"। ਜਾਂ ਕਹਿੰਦਾ, "ਸਾਗ ਤੇ ਪਰਾਉਂਠਾ ਜ਼ਰੂਰ ਲਵੋ"। ਸਾਗ ਤੇ ਪਰਾਉਂਠੇ ਉਹ ਦੋਵੇ ਰਲ਼ ਕੇ ਬਣਾਉਂਦੇ।

ਜਥੇ ਵਿੱਚ ਨਾਲ ਗਏ ਆਪਣੇ ਸਾਥੀਆਂ ਬਾਰੇ ਉਹ ਪਿਆਰ ਤੇ ਮਾਣ ਨਾਲ ਗੱਲਾਂ ਕਰਦਾ ਜਿਨ੍ਹਾਂ ਨੇ ਅੱਗੇ ਜਾ ਕੇ ਚੀਨ ਵਿੱਚ ਇਨਕਲਾਬੀ ਸਰਗਰਮੀਆਂ ਕੀਤੀਆਂ। ਉੱਥੇ ਉਨ੍ਹਾਂ ਨੇ ਪੰਜਾਬੀ ਸਿਪਾਹੀਆਂ ਨੂੰ ਬਰਤਾਨਵੀ ਬਸਤੀਵਾਦੀਆਂ ਦੇ ਹੁਕਮ ਥੱਲੇ ਚੀਨ ਦੇ ਗਰੀਬ ਲੋਕਾਂ ਉੱਪਰ ਹਮਲੇ ਕਰਨ ਤੋਂ ਹੋੜਿਆ। ਉਹ ਮੋਹ ਨਾਲ ਯਾਦ ਕਰਦਾ ਆਜ਼ਾਦੀ ਲਈ ਲੜਨ ਵਾਲੇ ਉਸ ਫਿਲਪੀਨੋ ਨੂੰ ਜਿਹੜਾ ਆਪਣੇ ਦੇਸ ਨੂੰ ਉਸੇ ਮਕਸਦ ਲਈ ਵਾਪਸ ਜਾ ਰਿਹਾ ਸੀ ਜਿਸ ਵਾਸਤੇ ਬਡ ਵੀ ਭਾਰਤ ਨੂੰ ਗਿਆ ਸੀ। ਸ਼ਾਇਦ ਬਡ ਨੂੰ ਆਪਣੇ ਪਿਤਾ ਬਖਸ਼ੀਸ਼ ਦੀ ਯਾਦ ਆਉਂਦੀ ਹੋਵੇ ਜਿਹਨੇ ਅਮਰੀਕਾ ਵਾਸਤੇ ਛੇ ਮਹੀਨੇ ਫਿਲਪੀਨ ਵਿੱਚ ਕੰਮ ਕੀਤਾ ਸੀ। ਬਡ ਨੇ ਆਪਣੇ ਪਿਤਾ ਦੇ ਫਿਲਪੀਨ ਦੇ ਤਜਰਬੇ ਨੂੰ ਮਾਣ ਤੇ ਪਛਤਾਵੇ ਦੇ ਰਲਵੇਂ ਅਹਿਸਾਸ ਨਾਲ ਯਾਦ ਕੀਤਾ ਹੋਵੇਗਾ: ਮਾਣ ਇਸ ਗੱਲ ਦਾ ਕਿ ਉਸ ਦੇ ਪਿਤਾ ਨੇ ਫਿਲਪੀਨੀ ਬੋਲੀ ਟੈਗਾਲੌਗ ਸਿੱਖੀ ਸੀ ਤੇ ਉੱਥੇ ਦੇ ਲੋਕਾਂ ਬਾਰੇ ਜਾਣਿਆਂ ਸੀ ਤੇ ਪਛਤਾਵਾ ਇਸ ਗੱਲ ਦਾ ਕਿ ਉਸਨੇ ਬਸਤੀਵਾਦੀ ਤਾਕਤ ਵਾਸਤੇ ਕੰਮ ਕੀਤਾ ਸੀ।

ਬਡ ਦੀ ਜਾਤੀ ਇਮਾਨਦਾਰੀ ਅਤੇ ਇੱਕ ਕਾਮੇ ਦੇ ਤੌਰ ਤੇ ਸ਼ਨਾਖਤ ਬਾਰੇ ਇਹ ਘਟਨਾ ਉਸ ਦੇ ਸੁਭਾਅ ਨੂੰ ਸਹੀ ਤਰ੍ਹਾਂ ਦਰਸਾਉਂਦੀ ਹੈ: ਜਿਹੜੀ ਜ਼ਮੀਨ ਉਹ ਹਿੱਸੇ 'ਤੇ ਲੈਂਦਾ ਹੁੰਦਾ ਸੀ ਉੱਥੇ ਇੱਕ ਵਾਰੀ ਫਸਲਾਂ ਨੂੰ ਕੀੜਾ ਲੱਗ ਗਿਆ ਜਿਸ ਨਾਲ ਸਾਰੀ ਦੀ ਸਾਰੀ ਫਸਲ ਤਬਾਹ ਹੋ ਗਈ। ਤੇ ਬਡ ਕੋਲ ਉਨ੍ਹਾਂ ਕਾਮਿਆਂ ਦੀ ਤਨਖਾਹਾਂ ਦੇਣ ਵਾਸਤੇ ਕੋਈ ਪੈਸੇ ਨਹੀਂ ਸਨ ਜਿਨ੍ਹਾਂ ਨੇ ਇਸ ਆਸ ਨਾਲ ਕੰਮ ਕੀਤਾ ਸੀ ਕਿ ਫਸਲ ਵਿਕਣ 'ਤੇ ਉਨ੍ਹਾਂ ਨੂੰ ਪੈਸੇ ਮਿਲ ਜਾਣਗੇ। ਬਡ ਨੇ ਆਪ ਦੂਜਿਆਂ ਫਾਰਮਰਾਂ ਵਾਸਤੇ ਕੰਮ ਕਰਕੇ ਸਾਰੇ ਕਾਮਿਆਂ ਦਾ ਪੈਸਾ ਪੈਸਾ ਚੁੱਕਦਾ ਕੀਤਾ। ਮਜ਼ਦੂਰੀ ਦੀ ਕੀਮਤ ਨੂੰ ਬਡ ਨਾਲੋਂ ਜ਼ਿਆਦਾ ਕੋਈ ਨਹੀਂ ਸੀ ਸਮਝ ਸਕਦਾ ਅਤੇ ਉਸ ਨਾਲੋਂ ਜ਼ਿਆਦਾ ਇਸ ਦੀ ਇਜ਼ਤ ਵੀ ਕੋਈ ਨਹੀਂ ਸੀ ਕਰ ਸਕਦਾ।

ਬਡ ਦੇ ਜੀਵਨ ਬਾਰੇ ਜੇ ਇਹ ਗੱਲਾਂ ਕੁਝ ਜ਼ਿਆਦਾ ਜਜ਼ਬਾਤੀ ਜਾਪਣ ਤਾਂ ਲੇਖਕ ਇਸ ਲਈ ਖਿਮਾ ਮੰਗਦੀ ਹੈ। ਉਸਨੂੰ ਪਿਆ ਘਾਟਾ ਬਹੁਤ ਵੱਡਾ ਹੈ ਕਿਉਂਕਿ ਬਡ ਇੱਕ ਭਰਾ ਨਾਲੋਂ ਕਿਤੇ ਜ਼ਿਆਦਾ ਸੀ। ਬਡ ਉਸ ਲਈ ਉਸਤਾਦ ਅਤੇ ਵਧੀਆ ਕਾਮਰੇਡ ਸੀ। ਬਡ ਨੇ ਉਸਨੂੰ ਇੱਕ ਚੰਗੇ ਸਮਾਜ ਦਾ ਸੁਪਨਾ ਦਿਖਾਇਆ।

ਗਦਰ ਪਾਰਟੀ ਦੇ ਭਾਰਤੀ ਦੇਸ਼ ਭਗਤ ਬਰਤਾਨੀਆਂ ਤੋਂ ਆਜ਼ਾਦੀ ਨੂੰ ਸਮਾਜੀ ਇਨਸਾਫ ਦੀ ਪਹਿਲੀ ਕੜੀ ਸਮਝਦੇ ਸਨ। ਉਨ੍ਹਾਂ ਵਿੱਚ ਜਿਹੜੇ ਵਧੀਆ ਭਵਿੱਖ ਦਾ ਸੁਪਨਾ ਰੱਖਦੇ ਸਨ ਜਿਵੇਂ ਕਿ ਬਡ, ਉਹ ਸਮਝਦੇ ਸਨ ਕਿ ਅਗਲਾ ਕਦਮ ਸਮਾਜਿਕ ਅਤੇ ਆਰਥਿਕ ਬਰਾਬਰੀ ਲਿਆਉਣਾ ਹੈ।

ਪਰ ਅੰਗ੍ਰੇਜ਼ਾਂ ਦੇ ਚਲੇ ਜਾਣ ਬਾਅਦ ਬਡ ਨੇ ਦੇਖਿਆ ਕਿ ਗਰੀਬ ਹਮੇਸ਼ਾਂ ਗਰੀਬ ਹੁੰਦੇ ਰਹੇ ਤੇ ਅਮੀਰ ਹੋਰ ਵੀ ਅਮੀਰ ਹੁੰਦੇ ਰਹੇ। ਉਹਦਾ ਵਿਚਾਰ ਸੀ ਕਿ ਉਸ ਅਸਲੀ ਆਜ਼ਾਦੀ ਤੱਕ ਪਹੁੰਚਣ ਵਾਸਤੇ ਗਦਰ ਲਹਿਰ ਵਿੱਚ ਨਵੀਂ ਰੂਹ ਭਰਨ ਦੀ ਲੋੜ ਹੈ।

ਪੰਜਾਬੀ ਅਨੁਵਾਦ - ਸਾਧੂ ਬਿਨਿੰਗ [Email: sadhu.binning@gmail.com]